ਸਮਰੱਥਾ ਤੋਂ ਵੱਧ ਕੰਮ ਕਰਨਾ ਸਰੀਰਕ ਤੇ ਮਾਨਸਿਕ ਤੌਰ ‘ਤੇ ਕਰ ਸਕਦੈ ਤੁਹਾਨੂੰ ਬਿਮਾਰ

ਜੇ ਤੁਸੀਂ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ, ਰਿਸ਼ਤਿਆਂ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਤੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿੱਥੇ ਥਕਾਵਟ, ਕਮਜ਼ੋਰੀ, ਨੀਂਦ ਨਾ ਆਉਣਾ, ਕਮਰ, ਗਰਦਨ, ਮੋਢੇ ਦੇ ਦਰਦ ਵਰਗੀਆਂ ਸਰੀਰਕ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ, ਉੱਥੇ ਹੀ ਤੁਸੀਂ ਗੁੱਸੇ, ਚਿੜਚਿੜਾਪਨ, ਚਿੰਤਾ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸਰੀਰ ਦੀ ਸਮਰੱਥਾ ਤੇ ਲੋੜ ਨੂੰ ਸਮਝੋ ਅਤੇ ਉਸ ਅਨੁਸਾਰ ਕੰਮ ਕਰੋ।ਸਮਰੱਥਾ ਤੋਂ ਵੱਧ ਕੰਮ ਕਰਨਾ ਸਿਹਤਮੰਦ, ਖੁਸ਼ਹਾਲ ਅਤੇ ਸਫਲ ਕਰੀਅਰ ਵਿਚ ਰੁਕਾਵਟ ਬਣ ਸਕਦਾ ਹੈ। ਆਪਣੀਆਂ ਸੀਮਾਵਾਂ ਨੂੰ ਜਾਣੋ। ਘਰ ਹੋਵੇ ਜਾਂ ਦਫਤਰ, ਹਰ ਥਾਂ ਇਸ ਗੱਲ ਦਾ ਧਿਆਨ ਰੱਖੋ। ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਨੂੰ ਬਿਮਾਰ ਕਰ ਸਕਦਾ ਹੈ। ਆਪਣੇ ਸਮੇਂ ਤੇ ਹੁਨਰ ਦੇ ਆਧਾਰ ‘ਤੇ ਮੁਲਾਂਕਣ ਕਰੋ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਹੀ ਕਿਸੇ ਵੀ ਕੰਮ ਦੀ ਜ਼ਿੰਮੇਵਾਰੀ ਲਓ। ਇੱਥੇ ਦਿਖਾਵੇ ਦੀ ਗ਼ਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ।

ਜੇ ਕੋਈ ਜ਼ਿੰਮੇਵਾਰੀ ਅਜਿਹੀ ਹੈ, ਜੋ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਨਿਮਰਤਾ ਨਾਲ ਉਸ ਲਈ ਮਨ੍ਹਾ ਕਰ ਦਿਉ। ਇਸ ਨਾਲ ਬੇਲੋੜਾ ਤਣਾਅ ਨਹੀਂ ਹੋਵੇਗਾ। ਦਫਤਰ ਹੋਵੇ ਜਾਂ ਘਰ, ਜੇ ਤੁਸੀਂ ਦਿਨ ਦੇ ਕੰਮ ਨੂੰ ਪਹਿਲ ਦੇ ਅਨੁਸਾਰ ਪੂਰਾ ਕਰਦੇ ਹੋ, ਤਾਂ ਤੁਹਾਨੂੰ ਕਦੇ ਵੀ ਤਣਾਅ ਮਹਿਸੂਸ ਨਹੀਂ ਹੋਵੇਗਾ। ਸਭ ਤੋਂ ਮਹੱਤਵਪੂਰਨ ਕੰਮਾਂ ਨੂੰ ਪਹਿਲਾਂ ਨਿਪਟਾਓ। ਬਾਅਦ ਵਿਚ ਘੱਟ ਜ਼ਰੂਰੀ ਕੰਮ। ਸਮੇਂ ਦੀ ਬਿਹਤਰ ਵਰਤੋਂ ਕਰਨ ਲਈ ਤਕਨੀਕਾਂ ਸਿੱਖੋ ਤੇ ਇਸਤੇਮਾਲ ਕਰੋ, ਜਿਵੇਂ ਟੂ ਡੂ ਲਿਸਟ ਬਣਾਉਣਾ ਤੇ ਟਾਈਮ ਸੈੱਟ ਕਰਨਾ ਆਦਿ। ਇਹ ਤੁਹਾਡੇ ਕੰਮ ਨੂੰ ਜਲਦੀ ਤੇ ਸਹੀ ਢੰਗ ਨਾਲ ਪੂਰਾ ਕਰਨ ਵਿਚ ਬਹੁਤ ਮਦਦ ਕਰਦਾ ਹੈ। ਕੰਮ ਦੇ ਵਿਚਕਾਰ ਸਰੀਰ ਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੈ ਅਤੇ ਅਜਿਹਾ ਨਹੀਂ ਹੈ ਕਿ ਬ੍ਰੇਕ ਸਿਰਫ ਦਫਤਰ ਵਿਚ ਹੀ ਲੋੜੀਂਦੀ ਹੈ। ਘਰ ਦੇ ਕੰਮ ਕਰਦੇ ਸਮੇਂ ਵੀ ਬਰੇਕ ਲੈਂਦੇ ਰਹੋ। ਇਸ ਨਾਲ ਸਰੀਰ ਤੇ ਦਿਮਾਗ਼ ਦੋਵਾਂ ਨੂੰ ਰੀਚਾਰਜ ਹੁੰਦੇ ਹਨ।

ਸਾਂਝਾ ਕਰੋ

ਪੜ੍ਹੋ