ਰਾਜਸਥਾਨ ਦੇ ਕੋਟਾ ਸ਼ਹਿਰ ’ਚ ਮੈਡੀਕਲ ਤੇ ਇੰਜੀਨੀਅਰਿੰਗ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਰੁਕ ਨਹੀਂ ਰਹੀਆਂ। ਪਿਛਲੇ ਦਿਨੀਂ ਇਕ ਦਿਨ ਦੇ ਵਕਫ਼ੇ ਨਾਲ ਦੋ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਆਈਆਂ। ਕੋਟਾ ’ਚ ਇਸ ਸਾਲ ਹੁਣ ਤੱਕ ਅੱਠ ਵਿਦਿਆਰਥੀ ਆਪਣੀ ਜਾਨ ਦੇ ਚੁੱਕੇ ਹਨ। ਦਰਅਸਲ, ਕੋਟਾ ਸ਼ਹਿਰ ’ਚ ਇੰਜੀਨੀਅਰਿੰਗ ਤੇ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਵਾਉਣ ਵਾਲੇ ਕੋਚਿੰਗ ਸੰਸਥਾਨ ਬਹੁਤ ਵੱਡੀ ਗਿਣਤੀ ’ਚ ਹਨ। ਇਸੇ ਲਈ ਦੇਸ਼ ਭਰ ਤੋਂ ਵਿਦਿਆਰਥੀ ਵੱਡੀ ਗਿਣਤੀ ’ਚ ਇਸ ਨਗਰ ’ਚ ਵੇਖੇ ਜਾ ਸਕਦੇ ਹਨ ਪਰ ਇਕੱਲੇ ਸਾਲ 2023 ’ਚ ਜਦੋਂ 29 ਵਿਦਿਆਰਥੀ ਖ਼ੁਦਕੁਸ਼ੀਆਂ ਕਰ ਗਏ, ਤਾਂ ਸਭ ਦਾ ਧਿਆਨ ਇਸ ਪਾਸੇ ਖਿੱਚਿਆ ਗਿਆ। 16 ਸਾਲ ਦੇ ਅਜਿਹੇ ਹੀ ਇਕ ਲੜਕੇ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਨੋਟ ਛੱਡਿਆ, ਜਿਸ ’ਚ ਲਿਖਿਆ ਸੀ, ‘ਸਾਰੀ ਪਾਪਾ, ਆਈਆਈਟੀ ਨਹੀਂ ਹੋ ਸਕੇਗੀ।’ ਅਸੀਂ ਰੈਗੂਲਰ ਤੌਰ ’ਤੇ ਸਕੂਲੀ ਬੱਚਿਆਂ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਤੇ ਇੱਥੇ ਤੱਕ ਕਿ ਆਈਆਈਟੀ ਵਰਗੇ ਸਿੱਖਿਆ ਸੰਸਥਾਨਾਂ ’ਚ ਅਜਿਹੀਆਂ ਘਟਨਾਵਾਂ ਦੇ ਵਿਸ਼ੇ ’ਚ ਸੁਣਦੇ ਰਹਿੰਦੇ ਹਾਂ, ਜਿੱਥੇ ਦਬਾਅ ਨਾਲ ਨਜਿੱਠਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨ ਕਾਰਨ ਵਿਦਿਆਰਥੀ ਆਪਣਾ ਜੀਵਨ ਸਮਾਪਤ ਕਰ ਲੈਂਦੇ ਹਨ। ਨਵੇਂ ਭਾਰਤ ’ਚ ਬੁਝਦੇ ਇਨ੍ਹਾਂ ਨੌਜਵਾਨਾਂ ਚਿਰਾਗ਼ਾਂ ਤੋਂ ਵੱਧ ਨਿਰਾਸ਼ਾਜਨਕ ਹੋਰ ਕੁਝ ਨਹੀਂ ਹੋ ਸਕਦਾ। ਹਾਲੀਆ ਅੰਕੜਿਆਂ ਮੁਤਾਬਕ ਇਕ ਸਾਲ ’ਚ 1,70,000 ਤੋਂ ਵੱਧ ਭਾਰਤੀਆਂ ਨੇ ਖ਼ੁਦਕੁਸ਼ੀ ਕੀਤੀ। ਸਾਲ 2022 ’ਚ ਹਰੇਕ ਇਕ ਲੱਖ ਜਨਸੰਖਿਆ ’ਤੇ ਖ਼ੁਦਕੁਸ਼ੀ ਦੀ ਦਰ ਵਧ ਕੇ 12.4 ਹੋ ਗਈ।
ਖ਼ੁਦਕੁਸ਼ੀ ਦੇ ਮਾਮਲੇ ’ਚ ਇਹ ਅਜੇ ਤੱਕ ਦੀ ਸਭ ਤੋਂ ਉੱਚੀ ਦਰ ਹੈ। ਭਾਰਤ ਦੀ ਖ਼ੁਦਕੁਸ਼ੀ ਦਰ ਵਿਸ਼ਵ ਪੱਧਰ ਤੋਂ 20 ਫ਼ੀਸਦੀ ਵੱਧ ਹੈ। ਭਾਰਤ ’ਚ ਖ਼ੁਦਕੁਸ਼ੀਆਂ ਗ਼ੌਰ-ਸੁਭਾਵਿਕ ਮੌਤ ਦਾ ਸਭ ਤੋਂ ਵੱਡਾ ਕਾਰਨ ਹਨ। ਖ਼ੁਦਕੁਸ਼ੀ ਨਾਲ ਹੋਣ ਵਾਲਾ ਨੁਕਸਾਨ ਸੜਕੀ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਤੋਂ ਵੀ ਛੇ ਗੁਣਾ ਵੱਧ ਹੈ। ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਜੀਵਨ ਦੇ ਦਬਾਅ ਨੂੰ ਸਹਿਣ ’ਚ ਬਹੁਤ ਮੁਸ਼ਕਲ ਮਹਿਸੂਸ ਕਰ ਰਹੀ ਹੈ। ਹਰ ਸਾਲ ਖ਼ੁਦਕੁਸ਼ੀ ਦੀ ਭਾਵਨਾ ਨੇ 10,000 ਤੋਂ ਵੱਧ ਅਜਿਹੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਰਹੀ। ਇਹ ਵੀ ਜ਼ਿਕਰਯੋਗ ਹੈ ਕਿ ਦੇਸ਼ ’ਚ ਖ਼ੁਦਕੁਸ਼ੀ ਕਰਨ ਵਾਲਿਆਂ ’ਚ ਲਗਪਗ 70,000 ਦੀ ਉਮਰ 30 ਸਾਲ ਤੋਂ ਘੱਟ ਸੀ। ਭਾਰਤੀ ਨੌਜਵਾਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਆਖ਼ਰ ਕਿਹੜੀ ਚੀਜ਼ ਮਜਬੂਰ ਕਰਦੀ ਹੈ? ਇਸ ਨੂੰ ਸਮਝਣਾ ਤੇ ਇਸ ਦਾ ਵੇਰਵਾ ਉਸ ਦੇਸ਼ ਲਈ ਬਹੁਤ ਮਹੱਤਵਪੂਰਨ ਹੈ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨਾ ਆਬਾਦੀ ਨਿਵਾਸ ਕਰਦੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਭਾਰਤੀ ਨੌਜਵਾਨ ਖ਼ਾਸ ਕਰ ਕੇ ਬੱਚੇ ਸਿੱਖਿਆ ਦੇ ਬਹੁਤ ਵੱਧ ਦਬਾਅ ’ਚੋਂ ਲੰਘਦੇ ਹਨ। ਅਸੀਂ ਇਕ ਅਜਿਹੀ ਸਿੱਖਿਆ ਪ੍ਰਣਾਲੀ ’ਚ ਵਿਕਸਤ ਹੋ ਗਏ ਹਾਂ, ਜਿੱਥੇ 99 ਫ਼ੀਸਦੀ ਅੰਕ ਹਾਸਲ ਕਰਨੇ ਵੀ ਕਿਸੇ ਵਿਦਿਆਰਥੀ ਨੂੰ ਸਰਬਤੋਮ ਕਾਲਜਾਂ ਵਿਚ ਪ੍ਰਵੇਸ਼ ਦਿਵਾਉਣ ਲਈ ਕਈ ਵਾਰ ਕਾਫ਼ੀ ਨਹੀਂ ਹੁੰਦੇ। ਪਿਛਲੇ ਦਿਨੀਂ ਮੈਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿਵਿਲ ਸੇਵਾ ਪ੍ਰੀਖਿਆ ਦੀ ਕੋਚਿੰਗ ਦੇ ਇਸ਼ਤਿਹਾਰ ਦੇਖੇ। ਜਿਸ ਉਮਰ ’ਚ ਬੱਚਿਆਂ ਨੂੰ ਸੁਪਨੇ ਦੇਖਣੇ ਚਾਹੀਦੇ ਹਨ, ਅਸੀਂ ਉਨ੍ਹਾਂ ਨੂੰ ਪ੍ਰਤੀਯੋਗੀ ਇਮਤਿਹਾਨਾਂ ਦੇ ਰਾਹ ’ਤੇ ਧੱਕ ਰਹੇ ਹਾਂ। ਨੌਵੀਂ ਜਮਾਤ ਦਾ ਬੱਚਾ ਅਕਸਰ ਇਸ ਗੱਲ ਨਾਲ ਪਰੇਸ਼ਾਨ ਰਹਿੰਦਾ ਹੈ ਕਿ ਹਰ ਰਿਸ਼ਤੇਦਾਰ ਤੇ ਜਾਣਕਾਰ ਉਸ ਨੂੰ ਮਿਲਦੇ ਹੀ ਇਹ ਕਹਿ ਕੇ ਇਕ ਤਰ੍ਹਾਂ ਡਰਾਏਗਾ ਕਿ ‘ਅਗਲੇ ਸਾਲ ਬੋਰਡ ਦਾ ਇਮਤਿਹਾਨ ਹੈ!’’ ਅਜਿਹੀ ਵਿਵਸਥਾ ’ਚ ਸਿੱਖਿਆ ਕਦੀ ਨਾ ਖ਼ਤਮ ਹੋਣ ਵਾਲਾ ਬੋਝ ਬਣ ਜਾਂਦੀ ਹੈ ਤੇ ਇਸ ਪ੍ਰਕਿਰਿਆ ’ਚ ਗਿਆਨ ਹਾਸਲ ਕਰਨ ਦੀ ਯਾਤਰਾ ਦਾ ਸੁਭਾਵਿਕ ਆਨੰਦ ਵੀ ਖ਼ਤਮ ਹੋ ਜਾਂਦਾ ਹੈ।
ਇਹ ਸਭ ਉਦੋਂ ਹੈ ਜਦ ਇਹ ਸੱਚ ਕਿਸੇ ਤੋਂ ਲੁਕਿਆ ਨਹੀਂ ਕਿ ਜੀਵਨ ਦੀ ਕਾਮਯਾਬੀ ਕਿਸੇ ਇਕ ਇਮਤਿਹਾਨ ’ਤੇ ਨਿਰਭਰ ਨਹੀਂ ਕਰਦੀ। ਇਸ ਵੱਡੀ ਹੁੰਦੀ ਸਮੱਸਿਆ ਦਾ ਹੱਲ ਲੱਭੀਏ ਤਾਂ ਸਾਨੂੰ ਆਪਣੀ ਉਸ ਵਿਵਸਥਾ ਨੂੰ ਬਦਲਣਾ ਪਵੇਗਾ, ਜਿੱਥੇ ਦੋ-ਤਿੰਨ ਘੰਟੇ ਦੇ ਇਮਤਿਹਾਨ ਕਿਸੇ ਨੌਜਵਾਨ ਦੀ ਸਮਰੱਥਾ ਦਾ ਮੁਲਾਂਕਣ ਕਰਨ ਦਾ ਇਕਲੌਤਾ ਪੈਮਾਨਾ ਹੈ। ਸਾਨੂੰ ਇਕ ਅਜਿਹਾ ਸੱਭਿਆਚਾਰ ਚਾਹੀਦਾ ਹੈ ਜਿੱਥੇ ਗਿਆਨ ਨੂੰ ਸਮਝਣਾ, ਆਨੰਦ ਲੈਣਾ ਤੇ ਜੀਵਨ ’ਚ ਉਸ ਦੀ ਵਰਤੋਂ ਕਰਨਾ ਵੱਧ ਮਹੱਤਵਪੂਰਨ ਹੈ, ਨਾ ਕਿ ਤੱਥਾਂ ਤੇ ਅੰਕੜਿਆਂ ਨੂੰ ਯਾਦ ਰੱਖਣਾ। ਸਾਨੂੰ ਭਾਰਤ ਦੇ ਟੀਅਰ-2 ਕਾਲਜਾਂ ਨੂੰ ਬਿਹਤਰ ਬਣਾਉਣ ’ਚ ਨਿਵੇਸ਼ ਕਰਨ ਦੀ ਲੋੜ ਹੈ ਤਾਂਕਿ ਹਮੇਸ਼ਾ ‘ਟਾਪ’ ਕਰਨ ਦਾ ਦਬਾਅ ਘੱਟ ਹੋਵੇ। ਅਸੀਂ ਇਕ ਅਜਿਹੇ ਜਾਂਚ ਤੰਤਰ ਨੂੰ ਉਤਸ਼ਾਹ ਦਈਏ, ਜਿੱਥੇ ਸਿੱਖਿਆ ਦੇ ਅੰਕਾਂ ਤੋਂ ਇਲਾਵਾ, ਖੇਡ, ਅਗਵਾਈ, ਸਮਾਜਿਕ ਕੰਮ, ਸੰਗੀਤ, ਖੋਜ ਤੇ ਕਲਾ ਵੀ ਕਾਲਜਾਂ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਲਾਂਕਣ ਚੋਣ ਸੂਚੀ ਨੂੰ ਆਖ਼ਰੀ ਰੂਪ ਦੇਣ ’ਚ ਇਕ ਕਾਰਕ ਬਣਨ। ਮੁਸ਼ਕਲ ਦਾ ਇਕ ਨਵਾਂ ਉੱਭਰਦਾ ਪਹਿਲੂ ਹੈ ਇੰਟਰਨੈੱਟ ਮੀਡੀਆ ਦਾ ਬੇਲਗਾਮ ਵਿਸਥਾਰ। ਇੰਟਰਨੈੱਟ ਮੀਡੀਆ ਲਗਾਤਾਰ ਨੌਜਵਾਨਾਂ ਨੂੰ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਤੇ ਨਵੇਂ ਗੈਜੇਟ ਰੱਖਣ ਲਈ ਉਕਸਾ ਰਿਹਾ ਹੈ। ਬਦਕਿਸਮਤੀ ਇਹ ਹੈ ਕਿ ਮਾਤਾ-ਪਿਤਾ ਹੀ ਇਸ ਬਿਰਤੀ ਨੂੰ ਪੈਦਾ ਹੋਣ ਦੇ ਰਹੇ ਹਨ। ਇੰਟਰਨੈੱਟ ਮੀਡੀਆ ਰਾਹੀਂ ਨੌਜਵਾਨਾਂ ’ਚ ਅਜੀਬ ਤਰ੍ਹਾਂ ਦੀ ਦੌੜ ਪੈਦਾ ਹੋਈ ਹੈ। ਉਹ ਆਪਣੀਆਂ ਕਥਿਤ ਉਪਲੱਬਧੀਆਂ ਦਾ ਦਿਖਾਵਾ ਕਰਨ ’ਚ ਲੱਗ ਜਾਂਦੇ ਹਨ। ਉਹ ਚੀਜ਼ਾਂ ਤੋਂ ਲੈ ਕੇ ਆਪਣੇ ਸੈਰ-ਸਪਾਟੇ ਦੀਆਂ ਸਰਗਰਮੀਆਂ ਬਾਰੇ ਦੱਸਦੇ ਹਨ, ਜਿਸ ਨਾਲ ਕਈ ਦੂਜੇ ਬੱਚਿਆਂ ’ਚ ਹੀਣ ਭਾਵਨਾ ਪੈਦਾ ਹੁੰਦੀ ਹੈ। ਕਈ ਬੱਚੇ ਤਾਂ ਅਨੈਤਿਕ ਸਾਧਨਾਂ ਦਾ ਸਹਾਰਾ ਵੀ ਲੈਣ ਲਗਦੇ ਹਨ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਇਕ ਸਕੂਲ ਦੇ ਇਨਾਮ ਵੰਡ ਸਮਾਗਮ ’ਚ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਮੰਚ ’ਤੇ ਇਨਾਮ ਲੈਣ ਆਉਣ ਵਾਲੇ ਲਗਪਗ ਹਰ ਬੱਚੇ ਨੇ 40-50 ਹਜ਼ਾਰ ਰੁਪਏ ਮੁੱਲ ਵਾਲੀ ਸਮਾਰਟ ਵਾਚ ਪਹਿਨ ਕੇ ਰੱਖੀ ਸੀ। ਇਸ ਨੇ ਮੈਨੂੰ ਲਖਨਊ ’ਚ ਮੇਰੀ ਸਕੂਲੀ ਸਿੱਖਿਆ ਦੀ ਯਾਦ ਦਿਵਾ ਦਿੱਤੀ, ਜਿੱਥੇ ਮੇਰੀ ਪਿ੍ਰੰਸੀਪਲ ਨੇ ਸਮਾਨਤਾ ਅਤੇ ਹਲੀਮੀ ਨੂੰ ਉਤਸ਼ਾਹ ਦੇਣ ਲਈ ਮਹਿੰਗੇ ਤੇ ਫੈਂਸੀ ਸਕੂਲ ਬੈਗਾਂ ’ਤੇ ਪਾਬੰਦੀ ਲਾ ਦਿੱਤੀ ਸੀ। ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਸੱਚਾ ਧਨ ਗਿਆਨ ’ਚ ਹੈ। ਵਿਦਿਆਰਥੀਆਂ ਵਿਚਾਲੇ ਅਜਿਹੇ ਗੈਜੇਟ ਅਤੇ ਐਸ਼ੋ-ਆਰਾਮ ਦੀਆਂ ਚੀਜ਼ਾਂ ਦੀ ਦੌੜ ਨੂੰ ਘਟਾਉਣ ਦੀਆਂ ਚੰਗੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।
ਭਾਰਤ ’ਚ ਮਾਨਸਿਕ ਸਲਾਹ ਲਈ ਵਧੀਆ ਢਾਂਚੇ ਦੀ ਥੁੜ੍ਹ ਵੀ ਇਕ ਵੱਡੀ ਮੁਸ਼ਕਲ ਹੈ। ਨਾ ਸਿਰਫ਼ ਸਾਡੇ ਕੋਲ ਸਿਖਲਾਈ ਹਾਸਲ ਤੇ ਪ੍ਰਮਾਣਿਤ ਮਨੋ-ਵਿਗਿਆਨੀਆਂ ਦੀ ਘਾਟ ਹੈ, ਬਲਕਿ ਅਸੀਂ ਸਵੈ-ਘੋਸ਼ਿਤ ਸਲਾਹਕਾਰਾਂ ਦਾ ਚਲਨ ਵੀ ਦੇਖ ਰਹੇ ਹਾਂ, ਜੋ ਅਕਸਰ ਲਾਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਮਾਨਸਿਕ ਮੁਸ਼ਕਲਾਂ ਤੇ ਤਣਾਅ ਨੂੰ ਸਮਝ ਨਹੀਂ ਸਕਦੇ ਤੇ ਫਿਰ ਅਜਿਹੀ ਸਥਿਤੀ ਲਈ ਮਦਦ ਮੰਗਣ ’ਚ ਸੰਕੋਚ ਵੀ ਕਰਦੇ ਹਾਂ। ਮਰਦਾਂ ਦੇ ਮਾਮਲੇ ’ਚ ਇਹ ਵਿਸ਼ੇਸ਼ ਤੌਰ ’ਤੇ ਪ੍ਰਤੱਖ ਦਿਸਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਮਰਦਾਂ ਦੀਆਂ ਖ਼ੁਦਕੁਸ਼ੀਆਂ ਔਰਤਾਂ ਦੀ ਤੁਲਨਾ ’ਚ ਦੁੱਗਣੀਆਂ ਹਨ। ਜੇ ਭਾਰਤ ਨੇ ਆਪਣੀ ਨੌਜਵਾਨ ਆਬਾਦੀ ਦਾ ਲਾਭ ਉਠਾਉਣਾ ਹੈ ਤਾਂ ਸਾਨੂੰ ਨੌਜਵਾਨਾਂ ਦੀ ਮਾਨਸਿਕ ਸਿਹਤ ਤੇ ਖ਼ੁਦਕੁਸ਼ੀ ਦੇ ਮੁੱਦੇ ਨੂੰ ਪਰਿਵਾਰਾਂ, ਸਕੂਲਾਂ, ਕਾਲਜਾਂ ਤੇ ਨੀਤੀਗਤ ਪੱਧਰ ’ਤੇ ਚੁੱਕ ਕੇ ਉਨ੍ਹਾਂ ’ਤੇ ਤਤਕਾਲ ਧਿਆਨ ਦੇਣਾ ਪਵੇਗਾ। ਪੁਖ਼ਤਾ ਕਦਮ ਚੁੱਕ ਕੇ, ਖੋਜ ਤੇ ਅੰਤਰਰਾਸ਼ਟਰੀ ਮਿਸਾਲਾਂ ਨਾਲ ਪ੍ਰੇਰਿਤ ਹੋ ਕੇ ਮਾਨਸਿਕ ਸਿਹਤ ਨਾਲ ਜੁੜੀਆਂ ਚੁਣੌਤੀਆਂ ਨਾਲ ਲੜਨਾ ਪਵੇਗਾ ਤੇ ਜੰਗੀ ਪੱਧਰ ’ਤੇ ਮਾਨਸਿਕ ਸਿਹਤ ਨਾਲ ਜੁੜੇ ਭੁਲੇਖਿਆਂ ਨੂੰ ਮਿਟਾਉਣਾ ਪਵੇਗਾ। ਜਿੱਥੇ ਸਰੀਰਕ ਸਿਹਤ ਲਈ ਅਸੀਂ ਬਜਟ ’ਚ ਵਿਵਸਥਾ ਕਰਦੇ ਹਾਂ, ਉਸੇ ਤਰ੍ਹਾਂ ਮਾਨਸਿਕ ਸਿਹਤ ਲਈ ਵੀ ਇਕਾਗਰਤਾ ਨਾਲ ਕੋਸ਼ਿਸ਼ ਕਰਨੀ ਪਵੇਗੀ। ਸਰਕਾਰ ਨੂੰ ਵਿਦਿਆਰਥੀਆਂ ’ਤੇ ਪੈਣ ਵਾਲਾ ਮਾਨਸਿਕ ਤਣਾਅ ਦੂਰ ਕਰਨ ਲਈ ਢੁਕਵੇਂ ਕਦਮ ਚੁੱਕਣੇ ਪੈਣਗੇ। ਇਹ ਵੇਖਣਾ ਤੇ ਪਰਖਣਾ ਪਵੇਗਾ ਕਿ ਕਿਤੇ ਕੋਚਿੰਗ ਕੇਂਦਰਾਂ ’ਚ ਵਿਦਿਆਰਥੀ ਕੋਈ ਅਕਾਦਮਿਕ ਦਬਾਅ ਤਾਂ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਲਈ ਮੈਡੀਕਲ ਸਹਾਇਤਾ ਤੇ ਮਨੋਵਿਗਿਆਨੀਆਂ ਦੀ ਸਲਾਹ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਮਾਪੇ ਆਪਣੇ ਬੱਚਿਆਂ ’ਤੇ ਲੱਖਾਂ ਰੁਪਏ ਖ਼ਰਚ ਕਰ ਕੇ ਪੜ੍ਹਨ ਲਈ ਭੇਜਦੇ ਹਨ ਪਰ ਜੇ ਇਸ ਦਾ ਹਸ਼ਰ ਖ਼ੁਦਕੁਸ਼ੀਆਂ ’ਚ ਹੀ ਨਿੱਕਲਣਾ ਹੈ, ਤਾਂ ਫਿਰ ਸਾਡੀ ਵਿੱਦਿਅਕ ਪ੍ਰਣਾਲੀ ’ਚ ਕੋਈ ਨੁਕਸ ਹੋ ਸਕਦਾ ਹੈ।