ਭਾਰਤ-ਚੀਨ ਵਾਰਤਾ ਤੋਂ ਮਿਲੇ ਹਾਂ-ਪੱਖੀ ਸੰਕੇਤ

ਭਾਰਤ ਤੇ ਚੀਨ ਆਖ਼ਰ ਲੰਮੇ ਵਕਫ਼ੇ ਤੋਂ ਬਾਅਦ ਇਕ ਵਾਰ ਫਿਰ ਕੂਟਨੀਤਕ ਅਤੇ ਫ਼ੌਜੀ ਚੈਨਲਾਂ ਰਾਹੀਂ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ। ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਅਸਲ ਕੰਟਰੋਲ ਰੇਖਾ (ਐੱਲਏਸੀ) ਸਮੇਤ ਹੋਰ ਸਰਹੱਦੀ ਵਿਵਾਦ ਹੱਲ ਕਰਨ ਲਈ ਬਾਰੇ ਵੀ ਸਹਿਮਤੀ ਬਣੀ ਹੈ। ਇਹ ਸਹਿਮਤੀ ਬੀਜਿੰਗ ’ਚ ‘ਵਰਕਿੰਗ ਮਕੈਨਿਜ਼ਮ ਫਾਰ ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ’ ਦੇ ਢਾਂਚੇ ਅਧੀਨ ਬੀਜਿੰਗ ’ਚ 28ਵੀਂ ਮੀਟਿੰਗ ਦੌਰਾਨ ਬਣੀ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਾਰੇ ਹੀ ਦੁਵੱਲੇ ਮੁੱਦਿਆਂ ’ਤੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ।ਇਸ ਮੀਟਿੰਗ ’ਚ ਭਾਵੇਂ ਕੋਈ ਵੱਡਾ ਫ਼ੈਸਲਾ ਨਹੀਂ ਲਿਆ ਜਾ ਸਕਦਾ ਸੀ ਪਰ ਫਿਰ ਵੀ ਪੂਰਬੀ ਲੱਦਾਖ ’ਚ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੀ ਸਥਿਤੀ ਪੈਦਾ ਨਾ ਹੋਣ ਦੇਣ ਦਾ ਸੰਕਲਪ ਲਿਆ ਗਿਆ। ਇਸ ਮੀਟਿੰਗ ’ਚ ਭਾਵੇਂ ਭਾਰਤ ਦਾ ਕੋਈ ਮੰਤਰੀ ਜਾਂ ਹੋਰ ਉੱਚ-ਪੱਧਰੀ ਅਧਿਕਾਰੀ ਸ਼ਾਮਲ ਨਹੀਂ ਹੋ ਸਕਿਆ ਪਰ ਫਿਰ ਵੀ ਦੁਵੱਲੀ ਗੱਲਬਾਤ ਦੁਬਾਰਾ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਦੀ ਜਨਤਾ ਨੇ ਜ਼ਰੂਰ ਸੁੱਖ ਦਾ ਸਾਹ ਲਿਆ ਹੈ।

ਚੀਨੀ ਫ਼ੌਜ ਵੱਲੋਂ 2020 ’ਚ ਗਲਵਾਨ ਘਾਟੀ ’ਚ ਭਾਰਤੀ ਜਵਾਨਾਂ ਨਾਲ ਕੀਤੀਆਂ ਹਿੰਸਕ ਵਧੀਕੀਆਂ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਆਪਸੀ ਸਬੰਧਾਂ ’ਚ ਕੜਵਾਹਟ ਪੈਦਾ ਹੋ ਗਈ ਸੀ। ਇਸ ਤੋਂ ਇਲਾਵਾ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਚੀਨ ਨੇ ਪੱਕੀਆਂ ਸੜਕਾਂ ਦਾ ਜਾਲ਼ ਵਿਛਾ ਲਿਆ ਹੈ ਅਤੇ ਕਈ ਥਾਵਾਂ ’ਤੇ ਛਾਉਣੀਆਂ ਵੀ ਸਥਾਪਤ ਕਰ ਲਈਆਂ ਹਨ। ਅਜਿਹੇ ਕੁਝ ਕਾਰਨਾਂ ਕਰਕੇ ਹੀ ਭਾਰਤ ਨੇ ਕੁਝ ਚੀਨੀ ਐਪਸ ’ਤੇ ਪਾਬੰਦੀ ਲਾਈ ਸੀ। ਇਸ ਦੇ ਨਾਲ ਹੀ ਉਸ ਨੇ ਭਾਰਤ ਦੇ ਆਲ਼ੇ-ਦੁਆਲ਼ੇ ਬੰਗਲਾਦੇਸ਼ ਅਤੇ ਸ੍ਰੀਲੰਕਾ ਦੀਆਂ ਬੰਦਰਗਾਹਾਂ ਆਪਣੇ ਅਧਿਕਾਰ ਹੇਠ ਲੈਣ ਦੀ ਕੋਸ਼ਿਸ਼ ਕੀਤੀ ਹੈ। ਮਿਆਂਮਾਰ ’ਚ ਵੀ ਉਸ ਦੇ ਅੱਡੇ ਹਨ। ਨੇਪਾਲ ’ਤੇ ਉਸ ਨੇ ਪਹਿਲਾਂ ਹੀ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਹੈ। ਦੁਨੀਆ ਭਰ ’ਚ ਮੌਜੂਦ ਕੀਮਤੀ ਖਣਿਜ ਪਦਾਰਥਾਂ ਦੀਆਂ ਖਾਣਾਂ ’ਤੇ ਚੀਨ ਦਾ ਪਹਿਲਾਂ ਹੀ ਕਬਜ਼ਾ ਹੈ। ਇਸੇ ਕਾਰਨ ਚੀਨ ਦੀ ਅਮਰੀਕਾ ਨਾਲ ਖੜਕਦੀ ਰਹਿੰਦੀ ਹੈ ਪਰ ਫਿਰ ਵੀ ਮਾਈਕ੍ਰੋ ਚਿੱਪ ਜਿਹੀਆਂ ਕੁਝ ਵਸਤਾਂ ਅਜਿਹੀਆਂ ਹਨ ਜੋ ਦੁਨੀਆ ’ਚ ਸਿਰਫ਼ ਚੀਨ ਵੱਲੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ।

ਅਜਿਹੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਕੋਈ ਵੀ ਦੇਸ਼ ਚੀਨ ਨੂੰ ਛੇਤੀ ਕਿਤੇ ਅੱਖੋਂ ਪ੍ਰੋਖੇ ਨਹੀਂ ਕਰਦਾ। ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਸਬੰਧ 1 ਅਪ੍ਰੈਲ 1950 ਤੋਂ ਚੱਲੇ ਆ ਰਹੇ ਹਨ ਭਾਵ ਦੁਵੱਲੇ ਸਬੰਧ ਲਗਪਗ ਪੌਣੀ ਸਦੀ ਪੁਰਾਣੇ ਹਨ। ਭਾਰਤ ਹੀ ਪਹਿਲਾ ਅਜਿਹਾ ਗ਼ੈਰ-ਕਮਿਊਨਿਸਟ ਦੇਸ਼ ਸੀ ਜਿਸ ਨੇ ਚੀਨ ’ਚ ਆਪਣਾ ਸਫ਼ਾਰਤਖਾਨਾ ਸਥਾਪਤ ਕੀਤਾ ਸੀ। ਸਾਲ 1954 ’ਚ ਦੋਵੇਂ ਦੇਸ਼ ਅਮਨ ਕਾਇਮ ਰੱਖਣ ਲਈ ‘ਪੰਚਸ਼ੀਲ’ ਦੇ ਸਿਧਾਂਤਾਂ ’ਤੇ ਚੱਲਣ ਲਈ ਸਹਿਮਤ ਹੋਏ ਸਨ ਪਰ ਫਿਰ 1962 ’ਚ ਦੋਵਾਂ ਵਿਚਾਲੇ ਜੰਗ ਲੱਗ ਗਈ ਜਿਸ ਕਰਕੇ ਦੁਵੱਲੇ ਸਬੰਧਾਂ ਨੂੰ ਵੱਡੀ ਢਾਹ ਲੱਗੀ। ਫਿਰ 14 ਸਾਲਾਂ ਤੱਕ ਦੋਵਾਂ ਵਿਚਾਲੇ ਕੋਈ ਗੱਲਬਾਤ ਨਾ ਹੋਈ। ਅਗਸਤ 1976 ’ਚ ਜਾ ਕੇ ਆਪਸੀ ਸਫ਼ਾਰਤੀ ਸਬੰਧ ਬਹਾਲ ਹੋਏ ਸਨ। ਸਾਲ 2006 ’ਚ ਦੋਵੇਂ ਦੇਸ਼ਾਂ ਵਿਚਾਲੇ ‘ਸਿੱਖਿਆ ਵਟਾਂਦਰਾ ਪ੍ਰੋਗਰਾਮ’ ਲਾਗੂ ਹੋਇਆ ਸੀ। ਸਾਲ 2008 ’ਚ ਦੋਵੇਂ ਮੁਲਕਾਂ ਵਿਚਾਲੇ 51.8 ਅਰਬ ਡਾਲਰ ਦਾ ਦੁਵੱਲਾ ਕਾਰੋਬਾਰ ਹੋ ਰਿਹਾ ਸੀ ਜੋ ਤਿੰਨ ਕੁ ਸਾਲਾਂ ’ਚ ਹੀ 2011 ਦੌਰਾਨ ਵਧ ਕੇ 73.9 ਅਰਬ ਡਾਲਰ ਦਾ ਹੋ ਗਿਆ ਸੀ। ਚੀਨ ਨਾਲ ਸਬੰਧ ਵਿਗੜਨ ਮਗਰੋਂ ਦੋਵਾਂ ਦੇਸ਼ਾਂ ਦੇ ਵਪਾਰੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਦੁਵੱਲੀ ਵਾਰਤਾ ਮੁੜ ਸ਼ੁਰੂ ਹੋਣ ਨਾਲ ਕਾਰੋਬਾਰੀਆਂ ਦੇ ਚਿਹਰੇ ਫਿਰ ਤੋਂ ਖਿੜਨ ਦੇ ਆਸਾਰ ਬਣ ਗਏ ਹਨ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...