ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਲੰਘੇ ਸੋਮਵਾਰ ਮਤਾ ਪਾਸ ਕਰ ਕੇ ਰਮਜ਼ਾਨ ਦੇ ਮਹੀਨੇ ਦੌਰਾਨ ਗਾਜ਼ਾ ਵਿਚ ਤੁਰੰਤ ਗੋਲੀਬੰਦੀ ਕਰਨ, ਬੰਦੀਆਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਜੰਗ ਦੇ ਖੇਤਰਾਂ ਵਿਚ ਬਿਪਤਾ ਮਾਰੇ ਲੋਕਾਂ ਲਈ ਸਹਾਇਤਾ ਕਾਰਜਾਂ ਦਾ ਦਾਇਰਾ ਵਸੀਹ ਕਰਨ ਦੀ ਮੰਗ ਕੀਤੀ ਹੈ। ਮਤੇ ਦੇ ਹੱਕ ਵਿਚ 14 ਵੋਟਾਂ ਪਈਆਂ; ਅਮਰੀਕਾ ਵੋਟਾਂ ਵੇਲੇ ਗ਼ੈਰ-ਹਾਜ਼ਰ ਰਿਹਾ ਪਰ ਗਨੀਮਤ ਇਹ ਰਹੀ ਕਿ ਉਸ ਨੇ ਆਪਣੀ ਵੀਟੋ ਸ਼ਕਤੀ ਦਾ ਇਸਤੇਮਾਲ ਨਹੀਂ ਕੀਤਾ ਜਿਸ ਸਦਕਾ ਇਹ ਮਤਾ ਪਾਸ ਹੋ ਗਿਆ। ਇਸ ਸਾਰੇ ਘਟਨਾਕ੍ਰਮ ਤੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਾਫ਼ੀ ਨਾਰਾਜ਼ ਹੋ ਗਏ ਹਨ ਅਤੇ ਉਨ੍ਹਾਂ ਅਮਰੀਕਾ ਦੇ ਦੌਰੇ ’ਤੇ ਜਾਣ ਵਾਲੇ ਆਪਣੇ ਵਫ਼ਦ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਹੁਣ ਤੱਕ ਅਮਰੀਕਾ ਫ਼ਲਸਤੀਨ ਦੇ ਮੁਕਾਬਲੇ ਇਜ਼ਰਾਈਲ ਨੂੰ ਅੰਨ੍ਹਾ ਸਮਰਥਨ ਦਿੰਦਾ ਰਿਹਾ ਹੈ। ਇਹ ਹੋਰ ਮੁਲਕਾਂ ਅੰਦਰ ਤਾਂ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਦੇ ਨਾਂ ’ਤੇ ਦਖ਼ਲ ਅੰਦਾਜ਼ੀ ਕਰਨ ਤੋਂ ਕਦੀ ਝਿਜਕਿਆ ਨਹੀਂ ਪਰ ਇਜ਼ਰਾਈਲ ਹੁਣ ਫ਼ਲਸਤੀਨੀਆਂ ਦਾ ਬੁਰੀ ਤਰ੍ਹਾਂ ਘਾਣ ਕਰ ਰਿਹਾ ਹੈ, ਹਸਪਤਾਲਾਂ ਤੇ ਸਕੂਲਾਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ; ਹੋਰ ਤਾਂ ਹੋਰ, ਰਾਹਤ ਕੈਂਪ ਵੀ ਇਜ਼ਰਾਇਲੀ ਹਮਲਿਆਂ ਦੀ ਮਾਰ ਹੇਠ ਹਨ ਪਰ ਇਸ ਮਾਮਲੇ ਵਿਚ ਅਮਰੀਕਾ ਖ਼ਾਮੋਸ਼ ਹੈ।
ਦੂਜੇ ਬੰਨੇ, ਇਸ ਮਤੇ ਨੂੰ ਲਾਗੂ ਕਰਨ ਦੀ ਭਾਵੇਂ ਕੋਈ ਪਾਬੰਦੀ ਨਹੀਂ ਹੈ ਪਰ ਅਮਰੀਕਾ ਦੇ ਪੈਂਤੜੇ ਤੋਂ ਇਹ ਸਾਫ਼ ਹੋ ਗਿਆ ਹੈ ਕਿ ਵਾਸ਼ਿੰਗਟਨ ਅਤੇ ਤੈਲ ਅਵੀਵ ਵਿਚਕਾਰ ਮਤਭੇਦ ਚੱਲ ਰਹੇ ਹਨ। ਅਮਰੀਕਾ ਨੇ ਆਖਿਆ ਹੈ ਕਿ ਇਸ ਮਾਮਲੇ ’ਤੇ ਉਸ ਦੀ ਨੀਤੀ ਵਿਚ ਕੋਈ ਬਦਲਾਓ ਨਹੀਂ ਆਇਆ ਪਰ ਇਸ ਨਾਲ ਇਜ਼ਰਾਇਲ ਦੀ ਤਸੱਲੀ ਹੁੰਦੀ ਨਜ਼ਰ ਨਹੀਂ ਆ ਰਹੀ। ਜੋਅ ਬਾਇਡਨ ਪ੍ਰਸ਼ਾਸਨ ਇਜ਼ਰਾਈਲ ਨੂੰ ਹਮਾਸ ਅਤੇ ਹੋਰਨਾਂ ਜਥੇਬੰਦੀਆਂ ਖਿਲਾਫ਼ ਲੜਨ ਲਈ ਭਾਰੀ ਫ਼ੌਜੀ ਇਮਦਾਦ ਦੇ ਰਿਹਾ ਹੈ ਪਰ ਇਸ ਲੜਾਈ ਕਾਰਨ ਫ਼ਲਸਤੀਨੀ ਖੇਤਰਾਂ ਵਿਚ ਹੋ ਰਹੇ ਭਾਰੀ ਜਾਨੀ ਨੁਕਸਾਨ ਉਪਰ ਅਮਰੀਕਾ ਅਤੇ ਦੁਨੀਆ ਦੇ ਬਹੁਤ ਸਾਰੇ ਹੋਰਨਾਂ ਦੇਸ਼ਾਂ ਨੇ ਨਾ-ਖੁਸ਼ੀ ਜ਼ਾਹਿਰ ਕੀਤੀ ਹੈ। ਲੜਾਈ ਨੂੰ ਛੇ ਮਹੀਨੇ ਪੂਰੇ ਹੋਣ ਵਾਲੇ ਹਨ ਅਤੇ ਹੁਣ ਤੱਕ ਇਜ਼ਰਾਇਲੀ ਫ਼ੌਜੀ ਕਾਰਵਾਈ ਵਿਚ 32 ਹਜ਼ਾਰ ਤੋਂ ਵੱਧ ਫ਼ਲਸਤੀਨੀ ਨਾਗਰਿਕ ਜਿਨ੍ਹਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ, ਮਾਰੇ ਜਾ ਚੁੱਕੇ ਹਨ। ਇਜ਼ਰਾਇਲੀ ਹਮਲਿਆਂ ਵਿਚ ਜ਼ਖ਼ਮੀ ਹੋਏ ਫ਼ਲਸਤੀਨੀ ਦਵਾਈਆਂ ਦੀ ਤੋਟ ਕਾਰਨ ਮਰ ਰਹੇ ਹਨ ਪਰ ਇਜ਼ਰਾਈਲ ਦੀ ਇਸ ਮਾਰ-ਧਾੜ ਨੂੰ ਰੋਕਣ ਦਾ ਕੋਈ ਹੀਲਾ-ਵਸੀਲਾ ਨਹੀਂ ਬਣ ਰਿਹਾ।
ਅਫ਼ਸੋਸ ਦੀ ਗੱਲ ਇਹ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ ਤੋਂ ਪਿਛਾਂਹ ਹਟਣ ਲਈ ਤਿਆਰ ਨਹੀਂ ਹਨ। ਹਮਾਸ ਨੇ ਗੋਲੀਬੰਦੀ ਅਤੇ ਬੰਦੀਆਂ ਦੀ ਰਿਹਾਈ ਦੀ ਕੌਮਾਂਤਰੀ ਸਾਲਸਕਾਰਾਂ ਵਲੋਂ ਦਿੱਤੀ ਤਜਵੀਜ਼ ਰੱਦ ਕਰ ਦਿੱਤੀ ਸੀ; ਇਜ਼ਰਾਈਲ ਹੁਣ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਨੂੰ ਦਰਕਿਨਾਰ ਕਰ ਰਿਹਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਮਤੇ ਨਾਲ ਹਮਾਸ ਨੂੰ ਬਲ ਮਿਲੇਗਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਹੁਣ ਆਲਮੀ ਮੰਚ ’ਤੇ ਅਲੱਗ-ਥਲੱਗ ਪੈ ਰਿਹਾ ਹੈ ਅਤੇ ਅਮਰੀਕਾ ਬਹੁਤੀ ਦੇਰ ਇਸ ਦਾ ਬਚਾਓ ਨਹੀਂ ਕਰ ਸਕੇਗਾ। ਸਮਾਂ ਆ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਇਜ਼ਰਾਈਲ ’ਤੇ ਦਬਾਓ ਬਣਾ ਕੇ ਇਸ ਨੂੰ ਫ਼ੌਜੀ ਕਾਰਵਾਈ ਰੋਕਣ ਲਈ ਮਜਬੂਰ ਕਰੇ ਤਾਂ ਕਿ ਗਾਜ਼ਾ ਵਿਚ ਸ਼ਾਂਤੀ ਹੋ ਸਕੇ।