57, ਹੋਲਾ-ਮਹੱਲਾ/ਨਛੱਤਰ ਸਿੰਘ ਭੋਗਲ ਭਾਖੜੀਆਣਾ

ਬਾਜ਼ਾਂ ਵਾਲੇ ਸੰਤ ਸਿਪਾਹੀ
ਕੌਤਕ ਨਵਾਂ ਰਚਾਇਆ,
ਹੋਲੀ ਖੇਡਣ ਵਾਲ਼ਿਆਂ ਕੋਲੋਂ
ਹੋਲਾ ਸੀ ਖਿਡਵਾਇਆ।

ਅੱਖਾਂ ਮੋਹਰੇ ਤੱਕ ਜਾਲਮ ਨੂੰ
ਜੋ ਡਰਦੇ ਥਰ-ਥਰ ਕੰਬਣ,
ਉਹਨਾਂ ਨੂੰ ਲਾ ਗ਼ੈਰਤ ਦੇ ਟੀਕੇ
ਅਣਖ ‘ਨਾ ਜਿਊਣ ਸਿਖਾਇਆ।

ਸੁਪਨੇ ਵਿੱਚ ਨਾ ਕਰੀ ਲੜਾਈ
ਹਥਿਆਰ ਨਾ ਫੜਿਆ ਹੱਥੀਂ,
ਸੋਚ ਨੂੰ ਚਾੜ੍ਹਕੇ ਪਾਣ ਅਨੋਖੀ
ਮੈਦਾਨੇ-ਜੰਗ ਲੜਾਇਆ।

ਰੰਗ ਬਨਾਉਟੀ ਨੀਲੇ,ਪੀਲ਼ੇ
ਇਕ-ਦੂਜੇ ‘ਤੇ ਸੁੱਟਣ,
ਕੱਚੇ ਰੰਗਾਂ ਦੀ ਥਾਂ ਗੁਰੂ ਜੀ
ਲਹੂ ਦਾ ਰੰਗ ਚੜ੍ਹਾਇਆ।

ਡਾਂਗ ਸੋਟੀ ਨਾ ਫੜਕੇ ਵੇਖੀ
ਤਲਵਾਰ,ਢਾਲ ਨਾ ਨੇਜ਼ਾ,
ਉਹਨਾ ਨਿਮਾਣੇ ਹੱਥਾਂ ਦੇ ਵਿੱਚ
ਖੰਡਾ ਸੀ ਫੜਵਾਇਆ।

ਕਰਾਮਾਤ ਅੰਮ੍ਰਿਤ ਦੀ ਵਰਤੀ
ਗ਼ੈਰਤ ਉਹਨਾਂ ਦੀ ਜਾਗੀ,
ਚਿੜੀਆਂ ਤਾਂਈ ਸ਼ਕਤੀ ਦੇ ਕੇ
ਖ਼ੂਨੀ ਬਾਜ ਤੁੜਵਾਇਆ।

ਬਾਹਾਂ ਦੇ ਵਿੱਚ ਤਾਕਤ ਭਰਕੇ
ਦਿਲ ਵਿੱਚ ਹਿੰਮਤ-ਜ਼ੇਰਾ,
ਪਹੁਲ਼-ਖੰਡੇ ਦੀ ਦਾਤ ਬਖ਼ਸ਼ ਕੇ
ਸਿੱਖ ਤੋਂ,ਸਿੰਘ ਸਜਾਇਆ।

ਬਾਣੀ ਦੇ ਨਾਲ ਬਾਣਾ ਦਿੱਤਾ
ਸਿਰਾਂ ਤੇ ਸਜਣ ਦੁਮਾਲੇ,
ਪਛੜੇ ਅਤੇ ਨਿਤਾਣਿਆਂ ਤਾਂਈ
ਹੱਕ ਲੈਣਾ ਸਿਖਵਾਇਆ।

ਵਾਰ ਰੋਕਣ ਲਈ ਢਾਲ ਫੜਾਈ
ਕਮਰ-ਕੱਸੇ ਤਲਵਾਰਾਂ,
ਹੱਥਾਂ ਵਿੱਚ ਲਗਾਮ ਫੜਾਕੇ
ਘੋੜ ‘ਸਵਾਰ ਬਣਾਇਆ।

ਜਾਤ-ਪਾਤ ਦਾ ਖੰਡਨ ਕੀਤਾ
ਏਕ-ਉਂਕਾਰ ਦੀ ਪੂਜਾ,
ਨਾ ਕੋਈ ਵੈਰੀ ਨਹੀਂ ਬਿਗਾਨਾ
ਸਰਬੱਤ ਦਾ ਭਲਾ ਮਨਾਇਆ।

ਹਾਥੀ,ਘੋੜੇ,ਫ਼ੌਜਾਂ,ਲਸ਼ਕਰ
ਸ਼ਸਤਰ ਇਕੱਠੇ ਕੀਤੇ,
ਆਪਣੀ ਸੱਤਾ ਜਤਾਉਣੇ ਖ਼ਾਤਰ
ਨਗਾਰਾ ਇਕ ਮੜ੍ਹਵਾਇਆ।

ਸੁੱਤੀ ਹੋਈ ਕੌਮ ਜਗਾਈ
ਹੱਕ-ਧਰਮ ਲਈ ਲੜਨਾ,
ਨਛੱਤਰ ਭੋਗਲ,ਡਰਪੋਕਾਂ ਨੂੰ
ਗਿੱਦੜੋਂ ਸ਼ੇਰ ਬਣਾਇਆ।

ਲੇਖਕ:- ਨਛੱਤਰ ਸਿੰਘ ਭੋਗਲ
“ ਭਾਖੜੀਆਣਾ

ਸਾਂਝਾ ਕਰੋ