ਯੂ-ਟਿਊਬ ਵੇਖ ਕੇ ਘਰ ’ਚ ਤਿਆਰ ਕੀਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੰਗਰੂਰ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਇਹ ਸਭ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡਾਂ ਗੁੱਜਰਾਂ ਤੇ ਢੰਡੋਲੀ ਦੇ ਸਨ ਅਤੇ ਇਕ ਦਰਜਨ ਦੇ ਲਗਪਗ ਇਸ ਵੇਲੇ ਪਟਿਆਲਾ ਦੇ ਰਾਜਿੰਦਰਾ ਅਤੇ ਸੰਗਰੂਰ ਦੇ ਸਿਵਲ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਚਾਰ ਉਨ੍ਹਾਂ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਹੜੇ ਈਥੇਨੌਲ ਅਤੇ ਹੋਰ ਸਮੱਗਰੀ ਵਰਤ ਕੇ ਸਸਤੀ ਸ਼ਰਾਬ ਤਿਆਰ ਕਰਦੇ ਸਨ।ਉਨ੍ਹਾਂ ਦੀ ਇਕ ਬੋਤਲ 50 ਕੁ ਰੁਪਏ ਦੀ ਤਿਆਰ ਹੋ ਜਾਂਦੀ ਸੀ ਜੋ ਉਹ 150 ਰੁਪਏ ’ਚ ਵੇਚਦੇ ਸਨ। ਸਸਤੀ ਸ਼ਰਾਬ ਪੀ ਕੇ ਆਨੰਦ ਮਨਾਉਣ ਦੇ ਚੱਕਰ ’ਚ ਇੰਨੇ ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਅਤੇ ਆਪਣੇ ਪਿੱਛੇ ਦਰਜਨਾਂ ਆਸ਼ਰਿਤਾਂ ਨੂੰ ਰੋਂਦੇ-ਕਲਪਦੇ ਛੱਡ ਗਏ। ਇਸ ਵਾਰਦਾਤ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ਦੇ ਵੱਡੇ ਨੁਕਸਾਨ ਨੂੰ ਜੱਗ ਜ਼ਾਹਿਰ ਕੀਤਾ ਹੈ। ਜੇ ਇਹ ਆਖ ਲਈਏ ਕਿ ਸ਼ਰਾਬ ਨੇ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਜ਼ਹਿਰ ਨੇ ਇੰਨੀਆਂ ਜਾਨਾਂ ਲਈਆਂ ਹਨ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਜ਼ਿਆਦਾਤਰ ਗ਼ੈਰ-ਪਰਪੱਕ ਅਤੇ ਗ਼ੈਰ-ਤਜਰਬੇਕਾਰ ਨੌਜਵਾਨ ਅਕਸਰ ਸੋਸ਼ਲ ਮੀਡੀਆ ਦਾ ਕੋਈ ਸੁਚਾਰੂ ਤੇ ਉਸਾਰੂ ਲਾਹਾ ਲੈਣ ਦੀ ਥਾਂ ਇਸ ਨੂੰ ਢਾਹੂ ਕਾਰਜਾਂ ਲਈ ਹੀ ਵਰਤਦੇ ਹਨ। ਇੰਜ ਇਸ ਲਾਹੇਵੰਦ ਟੂਲ ਨੂੰ ਉਨ੍ਹਾਂ ਨੇ ਐਂਟੀ-ਸੋਸ਼ਲ ਭਾਵ ਸਮਾਜ-ਵਿਰੋਧੀ ਬਣਾ ਧਰਿਆ ਹੈ। ਦਰਅਸਲ, ਸਮਾਰਟ ਫੋਨ ‘ਸਮਾਰਟ’ ਲੋਕਾਂ ਦੇ ਹੱਥਾਂ ’ਚ ਹੀ ਚੰਗੇ ਲੱਗਦੇ ਹਨ। ਇੰਟਰਨੈੱਟ ’ਤੇ ਗਿਆਨ ਦਾ ਅਥਾਹ ਭੰਡਾਰ ਪਿਆ ਹੈ ਅਤੇ ਲੋਕ ਉਸ ਦਾ ਚੋਖਾ ਲਾਭ ਵੀ ਲੈ ਰਹੇ ਹਨ। ਪਰ ਨਾਲ ਹੀ ਇਸ ’ਤੇ ਬਹੁਤ ਸਾਰੀ ਨਾਂਹ-ਪੱਖੀ ਸਮੱਗਰੀ ਵੀ ਪਈ ਹੋਈ ਹੈ ਅਤੇ ਕਈ ਲੋਕ ਉਸੇ ਨੂੰ ਪੜ੍ਹਦੇ ਹਨ।
ਰੇਲਵੇ ਸਟੇਸ਼ਨਾਂ ’ਤੇ ਵਾਇ-ਫਾਇ ਇੰਟਰਨੈੰੱਟ ਦੀ ਸੁਵਿਧਾ ਮੁਫ਼ਤ ਹੈ। ਕੁਝ ਸਮਾਂ ਪਹਿਲਾਂ ਪਟਨਾ ਜੰਕਸ਼ਨ ’ਤੇ ਇੰਟਰਨੈੱਟ ਵਰਤੋਂ ਦੇ ਅੰਕੜੇ ਜਾਰੀ ਕੀਤੇ ਗਏ ਸਨ। ਉਨ੍ਹਾਂ ਦੇ ਵਿਸ਼ਲੇਸ਼ਣ ਤੋਂ ਜਾਣਕਾਰੀ ਮਿਲੀ ਕਿ ਉੱਥੇ ਸਭ ਤੋਂ ਵੱਧ ਅਸ਼ਲੀਲ (ਪੋਰਨ) ਫਿਲਮਾਂ ਵੇਖੀਆਂ ਗਈਆਂ ਹਨ। ਕਿਸੇ ਨੇ ਵੀ ਹਿੰਦੀ ਜਾਂ ਹੋਰ ਕਿਸੇ ਭਾਸ਼ਾ ਦਾ ਸਾਹਿਤ ਜਾਂ ਉਸਾਰੂ ਖ਼ਬਰਾਂ ਤੇ ਰਿਪੋਰਟਾਂ ਪੜ੍ਹਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਇਸੇ ਲਈ ਇਹ ਸਹਿਜੇ ਹੀ ਆਖਿਆ ਜਾ ਸਕਦਾ ਹੈ ਕਿ ਪੰਜਾਬ ’ਚ ਨਸ਼ਿਆਂ ਦੀ ਲਤ ਨੇ ਜਿੱਥੇ ਇਕ ਪੀੜ੍ਹੀ ਦੀ ਜਾਨ ਲੈ ਲਈ ਹੈ, ਉੱਥੇ ਇੰਟਰਨੈੱਟ ਦੇ ਰਸਤਿਓਂ ਸਮਾਜਿਕ ਤੇ ਸੱਭਿਆਚਾਰਕ ਨਿਘਾਰ ਵੀ ਆਉਂਦਾ ਜਾ ਰਿਹਾ ਹੈ। ਸਾਲ 2023 ਦੀ ਇਕ ਰਿਪੋਰਟ ਮੁਤਾਬਕ ਇਕ ਭਾਰਤੀ ਨਾਗਰਿਕ ਹਰ ਮਹੀਨੇ ਔਸਤਨ 24.1 ਜੀਬੀ ਡਾਟਾ ਦੀ ਖਪਤ ਕਰਦਾ ਹੈ ਜੋ ਕਿ 2022 ਦੀ ਵਰਤੋਂ ਤੋਂ 24 ਫ਼ੀਸਦੀ ਵੱਧ ਹੈ। ਦਰਅਸਲ, 5-ਜੀ ਦੀ ਆਮਦ ਅਤੇ ਕੀਮਤਾਂ ਘਟਣ ਜਿਹੇ ਕਾਰਨਾਂ ਕਰਕੇ ਇੰਟਰਨੈੱਟ ਦੀ ਵਰਤੋਂ ’ਚ ਚੋਖਾ ਵਾਧਾ ਹੋਇਆ ਹੈ। ਭਾਰਤ ’ਚ ਦੁਨੀਆ ਦਾ ਦੂਜਾ ਸਭ ਤੋਂ ਵਿਸ਼ਾਲ ਦੂਰਸੰਚਾਰ ਨੈੱਟਵਰਕ ਹੈ। ਸਮੁੱਚੇ ਭਾਰਤ ’ਚ ਹਰ ਸਾਲ ਔਸਤਨ 17.4 ਅਰਬ ਜੀਬੀ ਡਾਟਾ ਦੀ ਖਪਤ ਹੁੰਦੀ ਹੈ। ਅੰਕੜੇ ਗਵਾਹ ਹਨ ਕਿ 5-ਜੀ ਨੈੱਟਵਰਕ ਹੁਣ ਭਾਰਤ ਦੇ ਵੱਡੇ ਸ਼ਹਿਰਾਂ ’ਚ ਹੀ ਨਹੀਂ ਸਗੋਂ ਹਰੇਕ ਵੱਡੇ-ਛੋਟੇ ਸ਼ਹਿਰਾਂ ਤੱਕ ਵੀ ਮਾਰ ਕਰ ਰਿਹਾ ਹੈ। ਸਾਲ 2023 ਤੱਕ ਸ਼ਹਿਰਾਂ ’ਚ ਕੁੱਲ ਟਰੈਫ਼ਿਕ ’ਚੋਂ ਇਸ ਨੈੱਟਵਰਕ ਦੀ 20% ਵਰਤੋਂ ਹੁੰਦੀ ਸੀ ਤੇ ਏ, ਬੀ ਤੇ ਸੀ ਟੈਲੀਕਾਮ ਸਰਕਲਾਂ ’ਚ ਕ੍ਰਮਵਾਰ ਇਸ ਦੀ 17, 12 ਤੇ 14% ਵਰਤੋਂ ਹੋ ਰਹੀ ਸੀ। ਜੇ ਇੰਨੀ ਜ਼ਿਆਦਾ ਵਰਤੋਂ ਦੇ ਬਾਵਜੂਦ ਨੌਜਵਾਨਾਂ ਨੇ ਇੰਟਰਨੈੱਟ ਤੋਂ ਨਾਂਹ-ਪੱਖੀ ਜਾਣਕਾਰੀ ਹੀ ਲੈਣੀ ਹੈ ਤਾਂ ਫਿਰ ਸਮਾਜ ਨੂੰ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ।