ਭਾਰਤ ‘ਚ ਗੁਰਦੇ ਦੀ ਪੱਥਰੀ ਦੇ ਮਾਮਲੇ ਅਕਸਰ ਦੇਖੇ ਜਾਂਦੇ ਹਨ। ਚਿੰਤਾ ਦੀ ਗੱਲ ਹੈ ਕਿ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਖੈਰ, ਇਸ ਦੇ ਪਿੱਛੇ ਕਈ ਹੋਰ ਕਾਰਨ ਹੋ ਸਕਦੇ ਹਨ, ਜਿਸ ਵਿਚ ਪ੍ਰੋਸੈੱਸਡ ਫੂਡ ਵੀ ਸ਼ਾਮਲ ਹੈ। ਅਜਿਹੇ ‘ਚ ਹਾਲ ਹੀ ‘ਚ ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਦੀ ਯੂਰੋਲੋਜੀ ਕਾਨਫਰੰਸ ‘ਚ ਮਾਹਿਰਾਂ ਨੇ ਵੀ ਦੂਸ਼ਿਤ ਪਾਣੀ ਤੇ ਪਾਨ ਮਸਾਲੇ ਦੇ ਸੇਵਨ ਨੂੰ ਗੁਰਦੇ ਦੀ ਪੱਥਰੀ ਦਾ ਕਾਰਨ ਦੱਸਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਚੀਜ਼ਾਂ ਕਾਰਨ ਗੁਰਦੇ ਦੀ ਪੱਥਰੀ 2 ਸੈਂਟੀਮੀਟਰ ਤੋਂ ਵੀ ਵੱਡੀ ਹੋ ਸਕਦੀ ਹੈ। ਆਓ ਜਾਣਦੇ ਹਾਂ ਮਾਹਰਾਂ ਦਾ ਕੀ ਕਹਿਣਾ ਹੈ।ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ ਦੇ ਪ੍ਰੋਫੈਸਰ ਅਪੁਲ ਗੋਇਲ ਨੇ ਕਿਹਾ ਕਿ ਓਪੀਡੀ ‘ਚ ਆਉਣ ਵਾਲੇ 70 ਫੀਸਦੀ ਮਰੀਜ਼ ਅਜਿਹੇ ਹਨ ਜੋ 2 ਸੈਂਟੀਮੀਟਰ ਤੋਂ ਵੱਡੀ ਪੱਥਰੀ ਤੋਂ ਪੀੜਤ ਹਨ।
ਪਾਨ ਮਸਾਲੇ ਦੀ ਵਰਤੋਂ ਅਤੇ ਦੂਸ਼ਿਤ ਪਾਣੀ ਪੀਣ ਕਾਰਨ ਅਜਿਹਾ ਹੁੰਦਾ ਹੈ। ਮਾਹਿਰਾਂ ਨੇ ਕਾਨਫਰੰਸ ‘ਚ ਦੱਸਿਆ ਕਿ ਮਿਨੀਮਲੀ ਇਨਵੇਸਿਵ ਪ੍ਰਕਿਰਿਆ ਇਕ ਨਵੀਂ ਪ੍ਰਕਿਰਿਆ ਹੈ, ਜੋ ਮਰੀਜ਼ਾਂ ਨੂੰ ਉਮੀਦ ਦੇ ਰਹੀ ਹੈ।ਐਸਐਨ ਮੈਡੀਕਲ ਕਾਲਜ ਆਗਰਾ ਦੇ ਸਾਬਕਾ ਫੈਕਲਟੀ ਤੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਐਮਐਸ ਅਗਰਵਾਲ ਨੇ ਪਰਕਿਊਟੇਨਿਅਸ ਨੈਫਰੋਲਿਥੋਟੋਮੀ ਤਕਨੀਕ ਦੀ ਪ੍ਰਭਾਵਸ਼ੀਲਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਜਰੀ ਆਸਾਨ ਹੋ ਜਾਂਦੀ ਹੈ ਤੇ ਮਰੀਜ਼ਾਂ ਨੂੰ ਆਮ ਤੌਰ ‘ਤੇ ਇਕ ਦਿਨ ਦੇ ਅੰਦਰ ਛੁੱਟੀ ਦੇ ਦਿੱਤੀ ਜਾਂਦੀ ਹੈ।
ਬੀਐਚਯੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਪ੍ਰੋਫ਼ੈਸਰ ਐਸਐਨ ਸ਼ੰਖਵਾਰ ਨੇ ਵੀ ਕਾਨਫਰੰਸ ‘ਚ ਕਾਇਲੂਰੀਆ ਦੇ ਗੰਭੀਰ ਲੱਛਣਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਦੁਰਲੱਭ ਸਥਿਤੀ ਹੈ ਜਿਸ ਵਿਚ ਲਿੰਫੈਟਿਕ ਲਿਕਵਿਡ ਗੁਰਦਿਆਂ ‘ਚ ਲੀਕ ਹੋ ਜਾਂਦਾ ਹੈ ਅਤੇ ਪਿਸ਼ਾਬ ਨੂੰ ਦੁੱਧ ਵਰਗਾ ਚਿੱਟਾ ਬਣਾ ਦਿੰਦਾ ਹੈ। ਇਹ ਅਕਸਰ ਫਾਈਲੇਰੀਆਸਿਸ ਦਾ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਇਸ ਦਾ ਇਲਾਜ ਸਰਜਰੀ ਨਾਲ ਕੀਤਾ ਜਾ ਸਕਦਾ ਹੈ।’
ਡਿਸਕਲੇਮਰ : ਲੇਖ ‘ਚ ਦਰਸਾਈ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।