ਡਾਈਟਿੰਗ ਨਾਲ ਨਹੀਂ ਸਗੋਂ ਇਨ੍ਹਾਂ ਸਬਜ਼ੀਆਂ ਦਾ ਜੂਸ ਪੀ ਕੇ ਤੇਜ਼ੀ ਨਾਲ ਘਟਾਓ ਭਾਰ

ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਡਾਈਟਿੰਗ ਦਾ ਤਰੀਕਾ ਅਪਣਾਉਂਦੇ ਹਨ ਪਰ ਭੁੱਖੇ ਰਹਿਣਾ ਭਾਰ ਘਟਾਉਣ ਦਾ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ। ਇਸ ਨਾਲ ਲਾਲਸਾ ਹੋਰ ਵੀ ਵੱਧ ਜਾਂਦੀ ਹੈ ਤੇ ਫਿਰ ਜਦੋਂ ਤੁਸੀਂ ਇਸ ‘ਤੇ ਕਾਬੂ ਨਹੀਂ ਰੱਖਦੇ ਤਾਂ ਜੋ ਵੀ ਹੱਥ ਆਉਂਦਾ ਹੈ, ਖਾ ਕੇ ਪੇਟ ਭਰਨ ਦੀ ਕੋਸ਼ਿਸ਼ ਕਰਦੇ ਹੋ। ਪੇਟ ਦੀ ਚਰਬੀ ਨੂੰ ਘੱਟ ਕਰਨ ਦਾ ਵਧੀਆ ਤਰੀਕਾ ਹੈ ਫਲਾਂ ਤੇ ਸਬਜ਼ੀਆਂ ਦਾ ਜੂਸ ਪੀਣਾ। ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਦਾ ਜੂਸ ਅਸਰਦਾਰ ਹੈ। ਲੌਕੀ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਖਣਿਜ ਵੀ ਪਾਏ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਲੌਕੀ ਦਾ ਜੂਸ ਫਾਈਬਰ, ਪ੍ਰੋਟੀਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਦੀ ਚਰਬੀ ਨੂੰ ਘੱਟ ਕਰਦਾ ਹੈ। ਇਸ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ, ਜਿਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਪਾਲਕ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਫਾਇਦੇਮੰਦ ਸਬਜ਼ੀ ਹੈ, ਇਸ ਨੂੰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਪਾਲਕ ‘ਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਮੌਜੂਦ ਹੁੰਦੇ ਹਨ। ਪਾਲਕ ਦੇ ਜੂਸ ‘ਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰਨ ਨਾਲ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ। ਗਰਮੀਆਂ ਵਿਚ ਖੀਰਾ ਖਾਣ ਨਾਲ ਪੇਟ ਤੇ ਸਰੀਰ ਦੋਵੇਂ ਠੰਢੇ ਰਹਿੰਦੇ ਹਨ। ਖੀਰੇ ਦੇ ਜੂਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਜੂਸ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਇੰਨਾ ਹੀ ਨਹੀਂ ਖੀਰੇ ਦਾ ਜੂਸ ਪੀਣ ਨਾਲ ਚਮੜੀ ‘ਤੇ ਚਮਕ ਵੀ ਆਉਂਦੀ ਹੈ। ਲਗਭਗ ਹਰ ਮੌਸਮ ਵਿਚ ਉਪਲੱਬਧ ਗਾਜਰ ਫਾਈਬਰ, ਵਿਟਾਮਿਨ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਗਾਜਰ ਵਿਚ ਪੈਕਟਿਨ ਹੁੰਦਾ ਹੈ, ਜੋ ਘੁਲਣਸ਼ੀਲ ਫਾਈਬਰ ਹੁੰਦਾ ਹੈ। ਇਹ ਸਰੀਰ ਵਿਚ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਦਾ ਹੈ। ਗਾਜਰ ਦਾ ਜੂਸ ਪੀਣ ਨਾਲ ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ ਤੇ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

ਸਾਂਝਾ ਕਰੋ

ਪੜ੍ਹੋ