ਪ੍ਰੋਸਟੇਟ (ਗਦੂਦ) ਮਰਦ ਦੇ ਲਿੰਗ ਦੇ ਹੇਠਾਂ ਦੀ ਗ੍ਰੰਥੀ ਨੂੰ ਕਿਹਾ ਜਾਂਦਾ ਹੈ । ਇਸ ਦੇ ਵਿੱਚ ਦੀ ਹੋ ਕੇ ਪਿਸ਼ਾਬ ਨਾਲੀ ਮਰਦ ਲਿੰਗ ਦੇ ਅੰਦਰ ਦੀ ਹੋ ਕੇ ਬਾਹਰ ਨੂੰ ਪਿਸ਼ਾਬ ਕਢਦੀ ਹੈ । ਇਹ ਗ੍ਰੰਥੀ (ਗਦੂਦ) ਚੋਂ ਅਜਿਹਾ ਤਰਲ ਪਦਾਰਥ ਵੀ ਰਿਸਦਾ ਹੈ ਜੋ ਵੀਰਜ਼ ਦੇ ਸਕਰਾਣੂਆਂ ਦੀ ਸਮਰੱਥਾ ਨੂੰ ਖਤਮ ਨਹੀਂ ਹੋਣ ਦਿੰਦਾ । ਹੋਰ ਅੰਗਾਂ ਦੇ ਕੈਂਸਰ ਵਾਂਗੂ ਇਸ ਗ੍ਰੰਥੀ ਦੇ ਕੈਂਸਰ ਬਾਰੇ ਵੀ ਕੋਈ ਯਕੀਨ ਨਾਲ ਇਹ ਨਹੀਂ ਦੱਸ ਸਕਦਾ ਕਿ ਇਸ ਦਾ ਕੈਂਸਰ ਕਿਸ ਕਾਰਨ ਪੈਦਾ ਹੁੰਦਾ ਹੈ । ਸਰੀਰ ਦੀ ਸਮਰਥਾ ਖਤਮ ਹੋਣ ਪਿੱਛੋਂ ਕੋਈ ਵੀ ਰੋਗ ਵੱਧ ਸਕਦਾ ਹੈ। ਜੇ ਕੈਂਸਰ ਲਈ ਫਾਇਦੇਮੰਦ ਵਾਤਾਵਰਨ ਹੋਵੇ ਤਾਂ ਹੋਰ ਰੋਗਾਂ ਵਾਂਗੂ ਕੈਂਸਰ ਵੀ ਆ ਧਮਕਦਾ ਹੈ। ਹਰਮੋਨਾ ਦਾ ਤਵਾਜਨ ਵਿਗੜਨ ਨੂੰ ਵੀ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਬੁਢਾਪੇ ਵਿੱਚ ਇਹ ਗ੍ਰੰਥੀ ਦਾ ਸਾਈਜ਼ ਵਧ ਜਾਂਦਾ ਹੈ ਤਾਂ ਸਰੀਰ ਦੇ ਅੰਗਾਂ ਨਾਲ ਇਸ ਦੇ ਰਗੜਨ ਕਾਰਨ ਵੀ ਕੈਂਸਰ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਇਹ ਰੋਗ ਬਿਰਧ ਅਵਸਥਾ ਚ ਵੱਧ ਪਾਇਆ ਜਾਂਦਾ ਹੈ। ਵੈਸੇ ਤਾਂ ਕੈਂਸਰ ਤਾਂ ਪਣਪਣਾ ਹੀ ਪ੍ਰੋੜ ਅਵਸਥਾ ਤੋਂ ਕੁਝ ਚਿਰ ਪਹਿਲਾਂ ਜਾਂ ਇਸ ਅਵਸਥਾ ਵਿੱਚ ਹੀ ਹੈ । ਇਸ ਤਰ੍ਹਾਂ ਵੱਖ-ਵੱਖ ਮਾਹਰ ਇਸਦੀ ਉਤਪਤੀ ਦੇ ਵੱਖ ਵੱਖ ਕਾਰਣ ਦੱਸਦੇ ਹਨ । ਪ੍ਰੋਸਟੇਟ ਗ੍ਰੰਥੀ ਦੇ ਕੈਂਸਰ ਦੇ ਕੋਸ਼ਾਣੂ (ਸੈੱਲ) ਜਦ ਖੂਨ ਚ ਮਿਲਦੇ ਹਨ ਤਾਂ ਉਸ ਨਾਲ ਸਭ ਤੋਂ ਪਹਿਲਾਂ ਲਿਵਰ ਚ ਕੈਂਸਰ ਫੈਲਣ ਦੀ ਸੰਭਾਵਨਾ ਹੁੰਦੀ ਹੈ। ਉਸ ਤੋਂ ਪਿੱਛੋਂ ਫੇਫੜਿਆਂ ਤੇ ਫਿਰ ਹੱਡੀਆਂ ਚ ਇਸ ਦਾ ਪਸਾਰਾ ਹੋ ਸਕਦਾ ਹੈ । ਪ੍ਰੋਸਟੇਟ ਦਾ ਕੈਂਸਰ ਛੇਤੀ ਹੋਰਨਾਂ ਅੰਗਾਂ ਵਿੱਚ ਫੈਲ ਜਾਂਦਾ ਹੈ। ਇਸ ਗ੍ਰੰਥੀ ਦੇ ਕੈਂਸਰ ਕਾਰਨ ਪਿਸ਼ਾਬ ਕਰਨ ਚ ਦਿੱਕਤ ਹੋਣ ਲੱਗਦੀ ਹੈ। ਇਸ ਕਾਰਨ ਜਦ ਪੇਸ਼ਾਬ ਅੰਦਰ ਹੀ ਰੁਕ ਜਾਵੇ ਤਾਂ ਕਸ਼ਟ ਹੁੰਦਾ ਹੈ ਅਤੇ ਪੇਟ ਫੁੱਲ ਜਾਂਦਾ ਹੈ । ਜੇ ਪਿਸ਼ਾਬ ਚ ਖੂਨ ਦੇ ਕਣ ਵੀ ਆ ਜਾਣ ਤਾਂ ਪਿਸ਼ਾਬ ਲਾਲ ਹੋ ਜਾਂਦਾ ਹੈ । ਪਿਸ਼ਾਬ ਚ ਖੂਨ ਦਰਦਨਾਕ ਤੇ ਭਿਅੰਕਰ ਮੰਨਿਆ ਜਾਂਦਾ ਹੈ । ਗਦੂਦ ਜਦ ਵਧ ਜਾਂਦੇ ਹਨ ਤਾਂ ਉਸ ਨਾਲ ਅੰਤੜੀਆਂ ਤੇ ਦਬਾਅ ਪੈਣ ਲੱਗਦਾ ਹੈ । ਇਸ ਨਾਲ ਅਣਪਚ ਇਸ ਦਾ ਮੁੱਖ ਲੱਛਣ ਬਣ ਜਾਂਦਾ ਹੈ। ਜਦੋਂ ਗੁਦੂਦ ਦਾ ਕੈਂਸਰ ਜਿਗਰ ਜਾਂ ਹੋਰ ਅੰਗਾਂ (ਫੇਫੜਿਆ,ਹੱਡੀਆਂ ਆਦਿ) ਚ ਫੈਲ ਜਾਵੇ ਤਾਂ ਉਸ ਮੁਤਾਬਕ ਲੱਛਣ ਪ੍ਰਗਟ ਹੋਣ ਲੱਗਦੇ ਹਨ । ਜਦੋਂ ਕੈਂਸਰ ਦਾ ਪਸਾਰਾ ਹੱਡੀਆਂ ਤੱਕ ਹੋ ਜਾਵੇ ਤਾਂ ਦਰਦ ਰਹਿਣਾ ਲੱਗਦਾ ਹੈ । ਜੇ ਫੇਫੜਿਆਂ ਚ ਕੈਂਸਰ ਪਹੁੰਚੇ ਤਾਂ ਸਾਹ ਭੁੱਲਣ ਲੱਗਦਾ ਹੈ । ਜਦੋਂ ਜਿਗਰ ਚ ਕੈਂਸਰ ਪਹੁੰਚੇ ਤਾਂ ਪੀਲੀਆ ਹੋ ਜਾਂਦਾ ਹੈ,ਭੁੱਖ ਮਰ ਜਾਂਦੀ ਹੈ,ਕਮਜ਼ੋਰੀ ਆਉਂਦੀ ਹੈ ਤੇ ਵਜਨ ਘੱਟ ਹੋ ਜਾਂਦਾ ਹੈ । ਇਨਾ ਹੀ ਲੱਛਣਾਂ ਤੋਂ ਰੋਗ ਦੀ ਪਹਿਚਾਣ ਹੋ ਜਾਂਦੀ ਹੈ । ਇਸ ਤੋਂ ਇਲਾਵਾ ਮਾਸ ਦੇ ਟੁਕੜੇ (ਬਾਇਪਸੀ) ਨਾਲ ਇਸ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ । ਪਿਸ਼ਾਬ ਚ ਪਥਰੀ ਨਾਲ ਵੀ ਪਿਸ਼ਾਬ ਰੁਕਦਾ ਹੈ ਤੇ ਦਰਦ ਹੁੰਦਾ ਹੈ । ਕੈਂਸਰ ਦੇ ਲੱਛਣ ਤੇ ਪੱਥਰੀ ਦੇ ਲੱਛਣ ਆਪਸ ਚ ਮੇਲ ਖਾ ਸਕਦੇ ਹਨ । ਜੇ ਐਕਸਰੇ ਨਾਲ ਜਾਂ ਫਿਰ ਅਲਟਰਾਸਾਊਂਡ ਨਾਲ ਰੋਗ ਸ਼ੁਰੂ ਦੀ ਸਟੇਜ ਤੇ ਪਹਿਚਾਣਿਆ ਜਾਂਦਾ ਹੈ ਤਾਂ ਇਸ ਦਾ ਆਪਰੇਸ਼ਨ ਕਰ ਦੇਣਾ ਚਾਹੀਦਾ ਹੈ। ਇਸ ਨੂੰ ਕੱਟ ਕੇ ਬਾਹਰ ਕੱਢਣ ਨਾਲ ਰੋਗ ਇਕ ਵਾਰ ਨਸ਼ਟ ਹੋ ਜਾਂਦਾ ਹੈ । ਪਰ ਸ਼ੁਰੂ ਦੇ ਪੜਾਅ ਚ ਇਸ ਦਾ ਪਤਾ ਘੱਟ ਹੀ ਲੱਗਦਾ ਹੈ,ਕਿਉਂਕਿ ਹੋਰਨਾਂ ਰੋਗਾਂ ਨਾਲ ਵੀ ਇਸ ਦੇ ਲੱਛਣ ਮਿਲਦੇ ਜੁਲਦੇ ਹੁੰਦੇ ਹਨ । ਇਸ ਲਈ ਰੋਗੀ ਇਸਨੂੰ ਕੈਂਸਰ ਨਾ ਸਮਝ ਕੇ ਹੋਰ ਰੋਗ ਸਮਝ ਪੈਦਾ ਹੈ ਅਤੇ ਉਹ ਜਿਹਾ ਹੀ ਇਲਾਜ ਕਰਵਾਉਂਦਾ ਹੈ। ਪਰ ਜਦੋਂ ਕੋਈ ਹੋਰ ਲੱਛਣ ਸਾਹਮਣੇ ਆਉਂਦਾ ਹੈ ਤਾਂ ਜਾ ਕੇ ਅੱਖਾਂ ਖੁਲਦੀਆਂ ਹਨ ਕਿ ਇਹ ਤਾਂ ਹੋਰ ਕੋਈ ਰੋਗ ਨਹੀਂ ਬਲਕਿ ਕੈਂਸਰ ਹੈ । ਪਰ ਉਦੋਂ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ,ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਉਸ ਹਾਲਤ ਚ ਸਿਰਫ ਆਪਰੇਸ਼ਨ ਰਾਹੀ ਇਸਦਾ ਇਲਾਜ ਕਰਨਾ ਸੰਭਵ ਨਹੀਂ ਹੁੰਦਾ ਜਦੋਂ ਗਦੂਦਾਂ ਦਾ ਕੈਂਸਰ ਅਗੇਰਲੇ ਪੜਾਅ ਤੇ ਪਹੁੰਚਦਾ ਹੈ ਤਾਂ ਵਿਕਰਣ/ ਰੇਡੀਓਥੈਰਿਪੀ ਨਾਲ ਹੀ ਕੁਝ ਰਾਹਤ ਮਿਲਦੀ ਹੈ । ਉਸ ਨਾਲ ਕਸ਼ਟ ਚ ਕਮੀ ਆਉਂਦੀ ਹੈ । ਰੋਗੀ ਵੀ ਰਾਹਤ ਮਹਿਸੂਸ ਕਰਦਾ ਹੈ । ਇਸ ਰੋਗ ਚ ਮਾਦਾ ਹਾਰਮੋਨ ਵੀ ਇਲਾਜ ਦੀ ਇੱਕ ਕਿਸਮ ਮੰਨੀ ਜਾਂਦੀ ਹੈ। ਦਵਾਈ ਰਾਹੀਂ ਹੀ ਇਲਾਜ ਕੀਤਾ ਜਾਂਦਾ ਹੈ । ਜੇ ਰੋਗ ਹੋਰ ਥਾਵਾਂ ਤੇ ਪਸਰ ਚੁੱਕਿਆ ਹੋਵੇ ਤਾਂ ਇਸਨੂੰ ਰੋਕ ਸਕਣਾ ਅਸੰਭਵ ਹੋ ਜਾਂਦਾ ਹੈ। ਜਦੋਂ ਵੀ ਕੋਈ ਲੱਛਣ ਦਿਸੇ ਤੁਰੰਤ ਕੈਂਸਰ ਦੀ ਸੰਭਾਵਨਾ ਰੱਦ ਕਰਨ ਲਈ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ ਤਾਂ ਹੀ ਇਸ ਦੇ ਭਿਅੰਕਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ । ਸਭ ਤੋ ਵਧੀਆ ਉਪਾਅ ਹੈ ਪ੍ਰਹੇਜ ਰੱਖਣਾ । ਜੋ ਜੋ ਕਾਰਨ ਕੈਂਸਰ ਪੈਦਾ ਕਰਦੇ ਹਨ ਉਹਨਾਂ ਤੋਂ ਬਚਿਆ ਜਾਵੇ ਤਾਂ ਕਿ ਰੋਗ ਦੇ ਵਧਣ ਫੁੱਲਣ ਦੀ ਸੰਭਾਵਣਾ ਹੀ ਨਾ ਰਹੇ । ਇਲਾਜ ਨਾਲ ਪਰਹੇਜ ਚੰਗਾ ਤੇ ਸਹਿਜ ਹੁੰਦਾ ਹੈ । ਉਸ ਚ ਭੈਅ ਲਈ ਕੋਈ ਤਾਂ ਥਾਂ ਨਹੀਂ ਹੁੰਦੀ । ਹਾਂ ਕੁਝ ਸਹਿਣਸ਼ੀਲਤਾ ਜਰੂਰ ਚਾਹੀਦੀ ਹੈ। ਬੇਲੋੜੀਆਂ ਆਦਤਾਂ ਤਿਆਗਣੀਆਂ ਪੈ ਸਕਦੀਆਂ ਹਨ । ਸੁਬਾਹ ਜਰੂਰ ਬਦਲਣਾ ਚਾਹੀਦਾ ਹੈ । ਕੁਝ ਆਦਤਾਂ ਛੱਡਣ ਨਾਲ ਪਹਿਲਾਂ ਕਾਫੀ ਔਖ ਹੁੰਦੀ ਹੈ ਪਰ ਭਵਿੱਖ ਚ ਫਾਇਦਾ ਹੀ ਫਾਇਦਾ ਹੈ । ਮਨ ਤੇ ਸਰੀਰ ਦੋਨੋ ਹੀ ਸਿਹਤਮੰਦ ਰਹਿੰਦੇ ਹਨ । ਤੰਬਾਕੂਨੋਸ਼ੀ ਤਿਆਗ ਦੇਣੀ ਚਾਹੀਦੀ ਹੈ। ਇਸ ਤਰਾਂ ਲੰਮੀ ਉਮਰ ਭੋਗੀ ਜਾ ਸਕਦੀ ਹੈ ।
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301