ਕੰਪਿਊਟਰ ਨਿਰਮਤ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ – ਏਆਈ) ਦੀ ਮਦਦ ਨਾਲ ਡੀਪਫੇਕ ਅਤੇ ਗੁਮਰਾਹਕੁਨ ਜਾਣਕਾਰੀਆਂ ਫੈਲਾਉਣ ਦੇ ਮੁੱਦੇ ’ਤੇ ਕੇਂਦਰ ਦਾ ਸਖ਼ਤ ਸਟੈਂਡ ਧਰਵਾਸ ਦੇਣ ਵਾਲਾ ਕਦਮ ਜਾਪਦਾ ਹੈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਨੂੰ ਫਰਜ਼ੀ ਵੀਡੀਓਜ਼ ਦੀ ਰੋਕਥਾਮ ਲਈ ਫੌਰੀ ਕਦਮ ਉਠਾਉਣ ਲਈ ਜਾਰੀ ਕੀਤੀਆਂ ਗਈਆਂ ਸੇਧਾਂ ਦਾ ਬਹੁਤਾ ਅਸਰ ਨਾ ਹੋਣ ਕਰ ਕੇ ਹੁਣ ਨਵੇਂ ਨੇਮ ਜਾਰੀ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਇਸ ਅਲਾਮਤ ਦੇ ਪੀੜਤ ਅਜਿਹੇ ਕਿਸੇ ਵੀ ਸ਼ਖ਼ਸ ਖਿਲਾਫ਼ ਫ਼ੌਜਦਾਰੀ ਕੇਸ ਦਰਜ ਕਰਵਾ ਸਕਣਗੇ ਜਿਸ ਨੂੰ ਅਜਿਹੀ ਡੀਪਫੇਕ ਸਮੱਗਰੀ ਬਾਰੇ ਗਿਆਤ ਹੋਵੇਗਾ। ਇਸ ਦਿਸ਼ਾ ਵਿਚ ਨੇਮਾਂ ਦੀ ਉਲੰਘਣਾ ਕਰਨ ਵਾਲੇ ਪਲੈਟਫਾਰਮਾਂ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਫ਼ੌਜਦਾਰੀ ਕਾਨੂੰਨ ਮੁਤਾਬਿਕ ਜੁਰਮਾਨੇ ਵੀ ਆਇਦ ਕੀਤੇ ਜਾ ਸਕਦੇ ਹਨ। ਹਾਲੀਆ ਮਹੀਨਿਆਂ ਦੌਰਾਨ ਕਈ ਉੱਘੀਆਂ ਸ਼ਖ਼ਸੀਅਤਾਂ ਨੂੰ ਡੀਪਫੇਕ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੀ ਸੱਜਰੀ ਮਿਸਾਲ ਕ੍ਰਿਕਟਰ ਸਚਿਨ ਤੇਂਦੁਲਕਰ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਇਕ ਇਸ਼ਤਿਹਾਰ ਵਿਚ ਉਸ ਨੂੰ ਝਟਪਟ ਪੈਸਾ ਕਮਾਉਣ ਲਈ ਜਿਸ ਗੇਮਿੰਗ ਐਪ ਦੀ ਮਸ਼ਹੂਰੀ ਕਰਦਿਆਂ ਦਿਖਾਇਆ ਗਿਆ ਹੈ, ਅਸਲ ਵਿਚ ਉਹ ਏਆਈ ਰਾਹੀਂ ਤਿਆਰ ਕੀਤੀ ਗਈ ਡੀਪਫੇਕ ਤਕਨੀਕ ਦਾ ਫ਼ਰਜ਼ੀ ਇਸ਼ਤਿਹਾਰ ਹੈ।
ਇਸ ਗੱਲ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਡੀਪਫੇਕ ਦੀ ਵਰਤੋਂ ਹੋ ਸਕਦੀ ਹੈ ਜਾਂ ਫਰਜ਼ੀ ਉਮੀਦਵਾਰ ਵੀ ਖੜ੍ਹੇ ਕੀਤੇ ਜਾ ਸਕਦੇ ਹਨ। ਇਸ ਮਾਮਲੇ ਵਿਚ ਸਖ਼ਤ ਰੈਗੂਲੇਟਰੀ ਚੌਖਟਾ ਹੋਂਦ ਵਿਚ ਲਿਆਉਣ ਦੀ ਲੋੜ ਹੈ। ਡੀਪਫੇਕ ਸਮੱਗਰੀ ਨੂੰ ਫ਼ੌਜਦਾਰੀ ਕਾਨੂੰਨ ਤਹਿਤ ਧੋਖਾਧੜੀ ਨਾਲ ਤੁਲਨਾ ਦੇਣ ਨਾਲ ਸੋਸ਼ਲ ਮੀਡੀਆ ਦੀ ਇਹ ਜਿ਼ੰਮੇਵਾਰੀ ਬਣ ਜਾਵੇਗੀ ਕਿ ਉਹ ਇਸ ਅਲਾਮਤ ਨੂੰ ਠੱਲ੍ਹ ਪਾਉਣ ਲਈ ਬਣਦੀ ਸੰਜੀਦਗੀ ਦਿਖਾਵੇ। ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਦੇ ਕਾਨੂੰਨੀ ਸਿੱਟਿਆਂ ਜਾਂ ਵਰਤੋਂਕਾਰਾਂ ਨੂੰ ਨੁਕਸਾਨ ਤੋਂ ਬਚਾਉਣ ਪ੍ਰਤੀ ਢਿੱਲ-ਮੱਠ ਦੇ ਪ੍ਰਸੰਗ ਵਿਚ ਇਹ ਮੌਕੇ ਸਿਰ ਆਈ ਚਿਤਾਵਨੀ ਹੈ।
ਡੀਪਫੇਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਲਗੋਰਿਦਮਾਂ (ਗਣਨਾ ਵਿਧੀ) ਦੀ ਵਰਤੋਂ ਕਰ ਕੇ ਕਿਸੇ ਨਾਲ ਹੂ-ਬ-ਹੂ ਮੇਲ ਖਾਂਦੀ ਵੀਡੀਓ, ਆਡੀਓ ਰਿਕਾਰਡਿੰਗ ਜਾਂ ਤਸਵੀਰ ਬਣਾ ਲਈ ਜਾਂਦੀ ਹੈ। ਇਸ ਤਰ੍ਹਾਂ ਹਕੀਕਤ ਅਤੇ ਝੂਠ ਵਿਚਕਾਰ ਫ਼ਰਕ ਮਿਟਾ ਦਿੱਤਾ ਜਾਂਦਾ ਹੈ। ਇਸ ਨਾਲ ਦ੍ਰਿਸ਼ਟਾਂਤ ਦੇ ਸਬੂਤ ਦੇ ਭਰੋਸੇ ਨੂੰ ਖ਼ੋਰਾ ਲੱਗ ਸਕਦਾ ਹੈ ਅਤੇ ਡਿਜੀਟਲ ਸਮੱਗਰੀ ਦੀ ਭਰੋਸੇਯੋਗਤਾ ਸਿੱਧ ਕਰਨੀ ਮੁਸ਼ਕਿਲ ਬਣ ਸਕਦੀ ਹੈ। ਡੀਪਫੇਕ ਕਿਸੇ ਵੀ ਸ਼ਖ਼ਸ ਦੀ ਨਿੱਜਤਾ ਲਈ ਵੀ ਵੱਡਾ ਖ਼ਤਰਾ ਬਣ ਸਕਦੇ ਹਨ। ਰੈਗੂਲੇਟਰਾਂ ਅਤੇ ਇਸ ਸਨਅਤ ਨਾਲ ਜੁੜੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਕ ਦੂਜੇ ਨਾਲ ਹੱਥ ਮਿਲਾ ਕੇ ਇਸ ਨਾਲ ਜੁੜੇ ਖ਼ਤਰਿਆਂ ਨੂੰ ਕਾਰਗਰ ਢੰਗ ਨਾਲ ਨਜਿੱਠਣ। ਇਸ ਮਾਮਲੇ ਵਿਚ ਢੁੱਕਵੀਆਂ ਸ਼ਨਾਖਤੀ ਤਕਨੀਕਾਂ ਨੂੰ ਵਿਕਸਤ ਕਰਨ ਤੋਂ ਲੈ ਕੇ ਮਾਮਲਿਆਂ ਦੀ ਸਰਗਰਮੀ ਨਾਲ ਇਤਲਾਹ ਦੇਣ ਅਤੇ ਜਾਗਰੂਕਤਾ ਫੈਲਾਉਣ ਤੱਕ ਬਹੁਤ ਹੀ ਔਖਾ ਕਾਰਜ ਦਰਪੇਸ਼ ਹੈ। ਇਸ ਦੀ ਸਫਲਤਾ ਇਸ ਦੇ ਰਚਨਾਕਾਰਾਂ ਅਤੇ ਪ੍ਰਸਾਰਕਾਂ ਨੂੰ ਜਵਾਬਦੇਹ ਬਣਾਉਣ ’ਤੇ ਨਿਰਭਰ ਕਰੇਗੀ।