ਦੂਰਸੰਚਾਰ ਕੰਪਨੀਆਂ ਰਿਲਾਇੰਸ ਜਿਓ ਤੇ ਭਾਰਤੀ ਏਅਰਟੈੱਲ ਪ੍ਰੀਮੀਅਮ ਗਾਹਕਾਂ ਲਈ ਲਾਗੂ ਆਪਣੇ ਅਨਲਿਮਟਿਡ 5ਜੀ ਡਾਟਾ ਪਲਾਨ ਨੂੰ ਛੇਤੀ ਵਾਪਸ ਲੈ ਸਕਦੀ ਹੈ। ਇਕ ਮੀਡੀਆ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ’ਚ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਵੇਂ ਕੰਪਨੀਆਂ 2024 ਦੀ ਦੂਜੀ ਛਿਮਾਹੀ ’ਚ ਨਵੇਂ 5ਜੀ ਡਾਟਾ ਪਲਾਨ ਲਾਂਚ ਕਰ ਸਕਦੀਆਂ ਹਨ ਜੋ 4ਜੀ ਦੇ ਮੌਜੂਦਾ ਪਲਾਨ ਦੇ ਮੁਕਾਬਲੇ 5-10 ਫ਼ੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਇਸ ਕਦਮ ਦਾ ਮਕਸਦ ਮਾਲੀਏ ’ਚ ਵਾਧਾ ਲਿਆਉਣਾ ਮੰਨਿਆ ਜਾ ਰਿਹਾ ਹੈ। ਉਦਯੋਗ ਮਾਹਰਾਂ ਮੁਤਾਬਕ, 5ਜੀ ਇਨਫ੍ਰਾਸਟਰਕਚਰ ਤੇ ਗਾਹਕ ਵਧਾਉਣ ’ਤੇ ਕੀਤੇ ਗਏ ਨਿਵੇਸ਼ ’ਤੇ ਰਿਟਰਨ ਹਾਸਲ ਕਰਨ ਲਈ ਕੰਪਨੀਆਂ 2024 ਦੀ ਸਤੰਬਰ ਤਿਮਾਹੀ ਤੋਂ ਮੋਬਾਈਲ ਟੈਰਿਫ ’ਚ ਘੱਟੋ-ਘੱਟ 20 ਫ਼ੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ। ਬਾਕੀ ਦੋ ਦੂਰਸੰਚਾਰ ਕੰਪਨੀਆਂ ਵੋਡਾਫੋਨ-ਆਈਡੀਆ ਤੇ ਜਨਤਕ ਖੇਤਰ ਦੀ ਬੀਐੱਸਐੱਨਐੱਲ ਨੇ ਹੁਣ ਤੱਕ ਦੇਸ਼ ’ਚ 5ਜੀ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ।