ਕਾਂਗਰਸ ਵੱਲੋਂ ਮਹਾਰਾਸ਼ਟਰ ਤੇ ਯੂਪੀ ’ਚ ਸੀਟਾਂ ਦੀ ਵੰਡ ਬਾਰੇ ਚਰਚਾ

ਕਾਂਗਰਸ ਨੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਮਹਾਰਾਸ਼ਟਰ ਲਈ ਸ਼ਿਵ ਸੈਨਾ (ਯੂਬੀਟੀ) ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਯੂਪੀ ਲਈ ਸਮਾਜਵਾਦੀ ਪਾਰਟੀ ਨਾਲ ਵਿਚਾਰ ਚਰਚਾ ਕੀਤੀ। ਇਹ ਚਾਰੋਂ ਪਾਰਟੀਆਂ ‘ਇੰਡੀਆ’ ਗੱਠਜੋੜ ਦਾ ਹਿੱਸਾ ਹਨ। ਇਹ ਚਰਚਾ ਕਾਂਗਰਸ ਆਗੂ ਮੁਕੁਲ ਵਾਸਨਿਕ ਦੀ ਰਿਹਾਇਸ਼ ’ਤੇ ਹੋਈ, ਜੋ ਸੀਟ ਸ਼ੇਅਰਿੰਗ ਕਮੇਟੀ ਦੇ ਕਨਵੀਨਰ ਹਨ। ਇਹ ਕਮੇਟੀ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬਣਾਈ ਗਈ ਸੀ। ਬੈਠਕ ਵਿੱਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਲਮਾਨ ਖੁਰਸ਼ੀਦ ਵੀ ਮੌਜੂਦ ਸਨ।

ਵਾਸਨਿਕ ਦੀ ਰਿਹਾਇਸ਼ ’ਤੇ ਸ਼ਾਮ ਸਮੇਂ ਹੋਈ ਮੀਟਿੰਗ ਵਿਚ ਪਹਿਲਾਂ ਮਹਾਰਾਸ਼ਟਰ ਤੇ ਮਗਰੋਂ ਉੱਤਰ ਪ੍ਰਦੇਸ਼ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਹੋਈ। ਵਿਚਾਰ ਚਰਚਾ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਤੇ ਬਾਲਾਸਾਹਿਬ ਥੋਰਾਟ ਤੇ ਹੋਰ ਆਗੂ ਮੌਜੂਦ ਸਨ। ਐੱਨਸੀਪੀ ਦੇ ਜਿਤੇਂਦਰ ਅਵਹਾੜ ਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਤੇ ਵਿਨਾਇਕ ਰਾਊਤ ਵੀ ਹਾਜ਼ਰ ਸਨ। ਐੱਨਸੀਪੀ ਆਗੂ ਅਵਹਾੜ ਨੇ ਕਿਹਾ ਕਿ ਬੈਠਕ ਦੌਰਾਨ ਫੈਸਲਾ ਹੋਇਆ ਕਿ ਮਹਾਰਾਸ਼ਟਰ ਵਿਚ ਵੰਚਿਤ ਬਹੁਜਨ ਅਗਾੜੀ ਵੀ ਐੱਮਵੀਏ ਗੱਠਜੋੜ ਦਾ ਹਿੱਸਾ ਰਹੇਗਾ ਤੇ ਪਾਰਟੀ ਨੂੰ ਵੀ ਟਿਕਟਾਂ ’ਚੋਂ ਹਿੱਸੇਦਾਰੀ ਮਿਲੇਗੀ। ਉਨ੍ਹਾਂ ਕਿਹਾ, ‘‘ਉਸਾਰੂ ਗੱਲਬਾਤ ਹੋਈ। ਹਰੇਕ ਸੀਟ ਨੂੰ ਲੈ ਕੇ ਚਰਚਾ ਹੋਈ। ਇਹ ਸੱਚ ਹੈ ਕਿ ਸ਼ਿਵ ਸੈਨਾ ਵੱਧ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਅਤੇ ਸ਼ਰਦ ਪਵਾਰ ਤੇ ਊਧਵ ਠਾਕਰੇ ਦਰਮਿਆਨ ਗੱਲਬਾਤ ਜਾਰੀ ਹੈ।’’ ਮਹਾਰਾਸ਼ਟਰ ਵਿੱਚ 48 ਲੋਕ ਸਭਾ ਸੀਟਾਂ ਹਨ ਤੇ ਕਾਂਗਰਸ ਵੱਲੋਂ 26 ਤੇ ਸ਼ਿਵ ਸੈਨਾ ਵੱਲੋਂ 23 ਸੀਟਾਂ ਦੀ ਮੰਗ ਕੀਤੀ ਗਈ ਹੈ। ਉਧਰ ਐੱਨਸੀਪੀ ਨੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਲਈ ਕਾਂਗਰਸ ਤੇ ਸਮਾਜਵਾਦੀ ਪਾਰਟੀ ਆਗੂਆਂ ਦਰਮਿਆਨ ਵੱਖਰੇ ਤੌਰ ’ਤੇ ਗੱਲਬਾਤ ਹੋਈ। ‘ਸਪਾ’ ਵੱਲੋਂ ਰਾਮ ਗੋਪਾਲ ਯਾਦਵ ਤੇ ਜਾਵੇਦ ਅਲੀ ਮੌਜੂਦ ਸਨ। ਯਾਦਵ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ 12 ਜਨਵਰੀ ਨੂੰ ਮੁੜ ਚਰਚਾ ਹੋਵੇਗੀ। ਬਸਪਾ ਨੂੰ ਗੱਠਜੋੜ ’ਚ ਸ਼ਾਮਲ ਕਰਨ ਬਾਰੇ ਸਵਾਲ ਦੇ ਜਵਾਬ ’ਚ ਯਾਦਵ ਨੇ ਕਿਹਾ, ‘‘ਅਸੀਂ ਬਸਪਾ ਨਾਲ ਵਿਚਾਰ ਵਟਾਂਦਰਾ ਕਿਉਂ ਕਰੀਏ।’’ ਅਲੀ ਨੇ ਕਿਹਾ ਕਿ ਗੱਠਜੋੜ ਨੂੰ ਲੈ ਕੇ ਕੁਝ ਮੁੱਦਿਆਂ ’ਤੇ ਚਰਚਾ ਹੋਈ ਅਤੇ ‘ਅਸੀਂ 12 ਜਨਵਰੀ ਨੂੰ ਅਗਲੇ ਗੇੜ ਦੀ ਗੱਲਬਾਤ ਕਰਾਂਗੇ ਤੇ ਉਦੋਂ ਬਕਾਇਆ ਮੁੱਦਿਆਂ ’ਤੇ ਤਫਸੀਲ ’ਚ ਚਰਚਾ ਹੋਵੇਗੀ।’’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 10 ਜਨਵਰੀ ਨੂੰ ਮੀਟਿੰਗ ਲਈ ਨਵੀਂ ਦਿੱਲੀ ਜਾਣਗੇ। ਇਹ ਮੀਟਿੰਗ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾਵੇਗੀ ਜਿਸ ’ਚ ਪਾਰਟੀ ਦੇ ਕਈ ਯੂਨਿਟਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। 81 ਸਾਲਾ ਰਾਜ ਸਭਾ ਮੈਂਬਰ ਨੇ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਖੇਤਰਾਂ ਲਈ 500 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ ਪਾਰਟੀ ਨੇ ਜ਼ਿਲ੍ਹਾਵਾਰ ਆਬਜ਼ਰਵਰ ਵੀ ਨਿਯੁਕਤ ਕੀਤੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਕਰਨਾਟਕ ’ਚ ਵੀ ਮੀਟਿੰਗ ਹੋਵੇਗੀ ਜਿਸ ’ਚ ਅਗਾਮੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ, ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੋਰਨਾਂ ਸੂਬਿਆਂ ’ਚ ਵੀ ਇਸੇ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਮਾਲਦੀਵਜ਼ ਬਾਰੇ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ, ‘‘ਮੋਦੀ ਹਰ ਗੱਲ ਨੂੰ ਵਿਅਕਤੀਗਤ ਤੌਰ ’ਤੇ ਲੈਂਦੇ ਹਨ। ਸਾਨੂੰ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਰੱਖਣੇ ਚਾਹੀਦੇ ਹਨ। ਅਸੀਂ ਆਪਣੇ ਗੁਆਂਢੀ ਬਦਲ ਨਹੀਂ ਸਕਦੇ।’

ਸਾਂਝਾ ਕਰੋ

ਪੜ੍ਹੋ

ਗੂਗਲ ਸਹਾਰੇ ਚਲਾ ਰਹੇ ਸੀ ਕਾਰ, 3

ਬਰੇਲੀ, 25 ਨਵੰਬਰ – ਕਈ ਵਾਰ ਗੂਗਲ ਮੈਪ ਵੀ ਧੋਖਾ...