ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਆਰੰਭ

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵੱਖ-ਵੱਖ ਸੂਬਿਆਂ ’ਚ ਸੀਨੀਅਰ ਕਾਂਗਰਸੀ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਨੂ ਗੋਪਾਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ’ਚ ਪੂਰੇ ਦੇਸ਼ ਨੂੰ ਪੰਜ ਕਲਸਟਰਾਂ ’ਚ ਵੰਡਿਆ ਗਿਆ ਹੈ। ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਕਲਸਟਰ ਨੰਬਰ ਤਿੰਨ ਜਿਸ ’ਚ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਦਿੱਲੀ, ਦਮਨ ਤੇ ਦੀਊ, ਦਾਦਰ ਨਗਰ ਹਵੇਲੀ ਰਾਜ ਤੇ ਕੇਂਦਰ ਸ਼ਾਸਤ ਰਾਜ ਸ਼ਾਮਲ ਹਨ, ਦੀ ਸਕਰੀਨਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਲਸਟਰ-ਤਿੰਨ ਦੀ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਰਜਨੀ ਪਾਟਿਲ (ਐੱਮਪੀ) ਤੇ ਮੈਂਬਰ ਪਰਗਟ ਸਿੰਘ ਤੇ ਕ੍ਰਿਸ਼ਨਾ ਅਲਾਵਰੂ ਹੋਣਗੇ। ਪੰਜਾਬ ’ਚੋਂ ਸਿਰਫ਼ ਪਰਗਟ ਸਿੰਘ ਨੂੰ ਕਲਸਟਰ ਤਿੰਨ ਤੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਕਲਸਟਰ ਪੰਜ ਦੀ ਸਕਰੀਨਿੰਗ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ