ਆਪ’ ਨਾਲ ਗੱਠਜੋੜ ਨਾ ਕਰ ਕੇ ਪੰਜਾਬ ਕਾਂਗਰਸ ਬਚਾਉਣਾ ਚਾਹੁੰਦੀ ਹੈ ਆਪਣਾ ਵੋਟ ਬੈਂਕ

ਕਾਂਗਰਸ ਨੇ ਲਗਪਗ ਆਪਣਾ ਫ਼ੈਸਲਾ ਲੈ ਲਿਆ ਹੈ ਕਿ ਪੰਜਾਬ ’ਚ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਕਾਂਗਰਸ ਦੇ ਇਸ ਫ਼ੈਸਲੇ ਪਿੱਛੇ ਸਭ ਤੋਂ ਵੱਡਾ ਕਾਰਨ ਪਾਰਟੀ ਦਾ ਆਪਣਾ ਵੋਟ ਬੈਂਕ ਹੈ। ਕਾਂਗਰਸ ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ ਉਸ ’ਚ 36 ਤੋਂ ਲੈ ਕੇ 40 ਫ਼ੀਸਦੀ ਵੋਟ ਸ਼ੇਅਰ ਹਮੇਸ਼ਾ ਹੀ ਹਾਸਲ ਕਰਦੀ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਵੋਟ ਸ਼ੇਅਰ ’ਚ ਰਿਕਾਰਡ 17.14 ਫ਼ੀਸਦੀ ਦੀ ਗਿਰਾਵਟ ਹੋਈ ਸੀ। ਇਸਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ। ਕਾਂਗਰਸ ਇਹ ਮੰਨ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਦੋ ਸਾਲਾਂ ’ਚ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਹੈ, ਉਸ ਨਾਲ 12 ਤੋਂ 13 ਫ਼ੀਸਦੀ ਵੋਟ ਬੈਂਕ ਉਨ੍ਹਾਂ ਕੋਲ ਵਾਪਸ ਆ ਸਕਦਾ ਹੈ।ਉੱਥੇ, ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ’ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕਰਨ ਦਾ ਮਨ ਬਣਾਉਣ ਨਾਲ ਪੰਜਾਬ ਕਾਂਗਰਸ ਦੇ ਆਗੂਆਂ ’ਚ ਖ਼ੁਸ਼ੀ ਦਾ ਮਾਹੌਲ ਹੈ। ਕਾਂਗਰਸ ਨੇ ਹੁਣ ਅੱਗੇ ਦੀ ਰਣਨੀਤੀ ਵੀ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਠ ਤੋਂ 11 ਜਨਵਰੀ ਤਕ ਜਿੱਥੇ ਕਾਂਗਰਸ ਦੇ ਨਵ-ਨਿਯੁਕਤ ਸੂਬਾ ਇੰਚਾਰਜ ਦੇਵੇਂਦਰ ਯਾਦਵ ਪਾਰਟੀ ਆਗੂਆਂ ਨਾਲ ਬੈਠਕ ਕਰਨਗੇ। ਉੱਥੇ, ਕਾਂਗਰਸ ਨੇ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਦੀ ਤਰਜ਼ ’ਤੇ ਪੰਜਾਬ ’ਚ ਯਾਤਰਾ ਕੱਢਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਕਾਫ਼ੀ ਪਹਿਲਾਂ ਬਣ ਗਈ ਸੀ ਪਰ ਇਸ ਨੂੰ ਸਿਰਫ਼ ਠੰਢੇ ਬਸਤੇ ’ਚ ਇਸ ਲਈ ਪਾ ਦਿੱਤਾ ਗਿਆ ਸੀ ਕਿਉਂਕਿ ਕਾਂਗਰਸ ਗੱਠਜੋੜ ਨੂੰ ਲੈ ਕੇ ਪਾਰਟੀ ਹਾਈ ਕਮਾਨ ਦਾ ਫ਼ੈਸਲਾ ਜਾਣਨਾ ਚਾਹੁੰਦੀ ਸੀ। ਇਹ ਯਾਤਰਾ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਹੀ ਕੱਢੀ ਜਾਣੀ ਹੈ। ਅਜਿਹੇ ’ਚ ਜੇਕਰ ਕਾਂਗਰਸ ‘ਆਪ’ ਨਾਲ ਗੱਠਜੋੜ ਕਰਦੀ ਤਾਂ ਇਸ ਯਾਤਰਾ ਦਾ ਕੋਈ ਅਰਥ ਨਹੀਂ ਰਹਿ ਜਾਣਾ ਸੀ। ਮੰਨਿਆ ਜਾ ਰਿਹਾ ਹੈ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 14 ਜਨਵਰੀ ਨੂੰ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਤੋਂ ਬਾਅਦ ਇਸ ਯਾਤਰਾ ਨੂੰ ਸ਼ੁਰੂ ਕਰ ਸਕਦੇ ਹਨ, ਜੋਕਿ ਸੂਬੇ ਦੇ ਸਾਰੇ 117 ਵਿਧਾਨ ਸਭਾ ਖੇਤਰਾਂ ’ਚ ਜਾਵੇਗੀ।ਉੱਥੇ, ਕਾਂਗਰਸ ਦੀ ਨਜ਼ਰ ਹੁਣ ਆਪਣੇ ਪੁਰਾਣੇ ਵੋਟ ਬੈਂਕ ’ਤੇ ਵੀ ਹੈ ਜੋਕਿ ‘ਆਪ’ ਨਾਲ ਗੱਠਜੋੜ ’ਚ ਰਹਿੰਦੇ ਹੋਏ ਵਾਪਸ ਨਹੀਂ ਆ ਸਕਦਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਦੋਂ ਕਾਂਗਰਸ ਆਪਣਾ 10 ਸਾਲ ਦਾ ਸੋਕਾ ਖ਼ਤਮ ਕਰ ਕੇ ਸੱਤਾ ’ਚ ਆਈ ਉਸ ਵੇਲੇ ਕਾਂਗਰਸ ਨੂੰ 38.5 ਫ਼ੀਸਦੀ ਵੋਟ ਸ਼ੇਅਰ ਮਿਲੇ ਸਨ। 2019 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਦੀ ਪੂਰੇ ਦੇਸ਼ ’ਚ ਲਹਿਰ ਦੇ ਬਾਵਜੂਦ ਕਾਂਗਰਸ ਨੇ ਪੰਜਾਬ ’ਚ 40.12 ਫ਼ੀਸਦੀ ਵੋਟ ਸ਼ੇਅਰ ਲੈ ਕੇ ਅੱਠ ਸੰਸਦ ਮੈਂਬਰਾਂ ਨੂੰ ਲੋਕ ਸਭਾ ’ਚ ਭੇਜਿਆ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਖਿੱਚੋਤਾਣ ਕਾਰਨ ਕਾਂਗਰਸ ਦਾ 17.14 ਫ਼ੀਸਦੀ ਵੋਟ ਬੈਂਕ ਖਿਸਕ ਗਿਆ। ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ਼ 22.98 ਫ਼ੀਸਦੀ ਵੋਟ ਹੀ ਮਿਲੇ। ਇਸ ਕਾਰਨ ਕਾਂਗਰਸ ਦੇ ਸਿਰਫ਼ 18 ਵਿਧਾਇਕ ਹੀ ਜਿੱਤ ਸਕੇ। ਉੱਥੇ, ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 42.01 ਫ਼ੀਸਦੀ ਵੋਟ ਸ਼ੇਅਰ ਮਿਲਿਆ। ਇਸੇ ਚੋਣ ’ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਸਭ ਤੋਂ ਵੱਧ ਡਿੱਗਾ। ਕਾਂਗਰਸ ਇਹ ਮੰਨ ਰਹੀ ਹੈ ਕਿ ਜੇਕਰ ਉਹ ਇਕੱਲੇ ਚੋਣ ਲੜੇਗੀ ਤਾਂ ਉਸਦਾ 12 ਤੋਂ 13 ਫ਼ੀਸਦੀ ਵੋਟ ਬੈਂਕ ਮੁੜ ਉਨ੍ਹਾਂ ਕੋਲ ਆ ਜਾਵੇਗਾ ਜੋਕਿ 2022 ’ਚ ਨਾਰਾਜ਼ ਹੋ ਕੇ ਉਨ੍ਹਾਂ ਤੋਂ ਦੂਰ ਹੋ ਗਿਆ ਸੀ।

ਸਾਂਝਾ ਕਰੋ

ਪੜ੍ਹੋ