ਕਨਵੀਨਰ ਦਾ ਮਸਲਾ

‘ਇੰਡੀਆ’ ਗੱਠਜੋੜ ਵਿਚਲੀਆਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਦਾ ਸਿਲਸਿਲਾ ਤੇਜ਼ੀ ਫੜਨ ਲੱਗਾ ਹੈ | ਕਾਂਗਰਸ ਚਾਹੁੰਦੀ ਹੈ ਕਿ ਇਸ ਦਾ ਫੈਸਲਾ ਰਾਹੁਲ ਗਾਂਧੀ ਦੀ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਤੋਂ ਪਹਿਲਾਂ ਹੋ ਜਾਵੇ ਤਾਂ ਜੋ ਉਹ ਯਾਤਰਾ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾ ਸਕੇ | ਅੰਦਰਲੇ ਸੂਤਰਾਂ ਮੁਤਾਬਕ ਕਾਂਗਰਸ ਇਸ ਵਾਰ ਆਪਣਾ ਪੂਰਾ ਧਿਆਨ 255 ਸੀਟਾਂ ਲੜਨ ‘ਤੇ ਕੇਂਦਰਤ ਕਰੇਗੀ | ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 421 ਸੀਟਾਂ ਲੜੀਆਂ ਸਨ | ਬਿਹਾਰ, ਝਾਰਖੰਡ, ਕਰਨਾਟਕ, ਮਹਾਰਾਸ਼ਟਰ ਤੇ ਤਾਮਿਲਨਾਡੂ ਵਿੱਚ ਉਸ ਨੇ ਖੇਤਰੀ ਪਾਰਟੀਆਂ ਨਾਲ ਸਮਝੌਤੇ ਕੀਤੇ ਸਨ | ਸਮਝੌਤਿਆਂ ਅਧੀਨ ਉਸ ਦੇ ਹਿੱਸੇ ਬਿਹਾਰ ਦੀਆਂ 40 ਸੀਟਾਂ ਵਿੱਚੋਂ 9, ਝਾਰਖੰਡ ਦੀਆਂ 14 ਵਿੱਚੋਂ 7, ਕਰਨਾਟਕ ਦੀਆਂ 28 ਵਿੱਚੋਂ 25 ਤੇ ਤਾਮਿਲਨਾਡੂ ਦੀਆਂ 39 ਵਿੱਚੋਂ 9 ਸੀਟਾਂ ਆਈਆਂ ਸਨ | ਇਹ ਇੱਕ ਸ਼ੁੱਭ ਸੰਕੇਤ ਹੈ |
ਇਸੇ ਦੌਰਾਨ ਆਈ ਦੂਜੀ ਖ਼ਬਰ ਸ਼ੁੱਭ ਨਹੀਂ ਹੈ | ਬੁੱਧਵਾਰ ਨੂੰ ‘ਇੰਡੀਆ’ ਗੱਠਜੋੜ ਦੀ ਹੋਣ ਵਾਲੀ ਵਰਚੂਅਲ ਮੀਟਿੰਗ ਮੁਲਤਵੀ ਹੋ ਗਈ ਹੈ | ਅਗਲੀ ਮੀਟਿੰਗ ਦੀ ਕੋਈ ਤਰੀਕ ਵੀ ਤੈਅ ਨਹੀਂ ਕੀਤੀ ਗਈ | ਅਸਲ ਵਿੱਚ ਇਸ ਮੀਟਿੰਗ ਵਿੱਚ ਨਿਤੀਸ਼ ਕੁਮਾਰ ਨੂੰ ਗੱਠਜੋੜ ਦਾ ਕਨਵੀਨਰ ਬਣਾਏ ਜਾਣ ਦਾ ਫ਼ੈਸਲਾ ਹੋਣਾ ਸੀ | ਇਸ ਬਾਰੇ ਉਸ ਨੂੰ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਸਨ, ਪਰ ਮੀਟਿੰਗ ਮੁਤਲਵੀ ਹੋ ਗਈ |
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨਿਤੀਸ਼ ਨੂੰ ਕਨਵੀਨਰ ਬਣਾਏ ਜਾਣ ਦੇ ਹੱਕ ਵਿੱਚ ਹੈ, ਪਰ ਕੁਝ ਸਹਿਯੋਗੀ ਰੋੜੇ ਅਟਕਾ ਰਹੇ ਹਨ | ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹ? | ਕਾਂਗਰਸ ਤਾਂ ਦਸੰਬਰ ਵਿੱਚ ਹੋਈ ਗੱਠਜੋੜ ਦੀ ਮੀਟਿੰਗ ਵਿੱਚ ਹੀ ਨਿਤੀਸ਼ ਨੂੰ ਕਨਵੀਨਰ ਬਣਾਉਣਾ ਚਾਹੁੰਦੀ ਸੀ, ਪਰ ਮਮਤਾ ਨੇ ਕਾਂਗਰਸ ਪ੍ਰਧਾਨ ਖੜਗੇ ਦਾ ਨਾਂ ਪ੍ਰਧਾਨ ਮੰਤਰੀ ਲਈ ਪੇਸ਼ ਕਰ ਦਿੱਤਾ ਸੀ | ਕੇਜਰੀਵਾਲ ਨੇ ਵੀ ਮਮਤਾ ਦੀ ਤਜਵੀਜ਼ ਦੀ ਪ੍ਰੋੜ੍ਹਤਾ ਕਰ ਦਿੱਤੀ ਸੀ | ਅਸਲ ਵਿੱਚ ਮਮਤਾ ਬੈਨਰਜੀ ਨਿਤੀਸ਼ ਕੁਮਾਰ ਦਾ ਰਾਹ ਰੋਕਣਾ ਚਾਹੁੰਦੀ ਸੀ, ਜਿਸ ਨਾਲ ਉਸ ਦੀ ਪੁਰਾਣੀ ਖਹਿਬਾਜ਼ੀ ਰਹੀ ਹੈ |
ਕਾਂਗਰਸ ਪਿਛਲੀ ਮੀਟਿੰਗ ਦੇ ਸਮੇਂ ਤੋਂ ਹੀ ਨਿਤੀਸ਼ ਕੁਮਾਰ ਉੱਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ | ਕਾਂਗਰਸ ਦੇ ਅੰਦਰਲੇ ਸੂਤਰਾਂ ਅਨੁਸਾਰ ਐਨ ਸੀ ਪੀ ਮੁਖੀ ਸ਼ਰਦ ਪਵਾਰ ਤੇ ਸ਼ਿਵ ਸੈਨਾ ਆਗੂ ਊਧਵ ਠਾਕਰੇ ਨਿਤੀਸ਼ ਦੇ ਨਾਂ ਉੱਤੇ ਸਹਿਮਤ ਹਨ, ਪਰ ਮਮਤਾ ਅੜੀ ਹੋਈ ਹੈ | ਕਾਂਗਰਸ ਪ੍ਰਧਾਨ ਖੜਗੇ ਨੇ ਵੀ ਮਮਤਾ ਨਾਲ ਗੱਲ ਕੀਤੀ, ਪਰ ਉਹ ਮੰਨੀ ਨਹੀਂ | ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਮਮਤਾ ਨਾਲ ਫੋਨ ਉੱਤੇ ਗੱਲ ਕੀਤੀ, ਪਰ ਉਸ ਨੇ ਹਾਮੀ ਨਹੀਂ ਭਰੀ | ਕਾਂਗਰਸ ਦਾ ਕਹਿਣਾ ਹੈ ਕਿ ਇਹ ਨਿਤੀਸ਼ ਕੁਮਾਰ ਹੀ ਸਨ, ਜਿਨ੍ਹਾਂ ਦੀ ਪਹਿਲਕਦਮੀ ਉੱਤੇ ਗੱਠਜੋੜ ਦੀ ਨੀਂਹ ਰੱਖੀ ਗਈ ਸੀ | ਨਿਤੀਸ਼ ਕੁਮਾਰ ਦੇ ਅੱਗੇ ਲੱਗਣ ਨਾਲ ਹੋਰ ਪਾਰਟੀਆਂ ਵੀ ਗੱਠਜੋੜ ਵਿੱਚ ਸ਼ਾਮਲ ਹੋ ਸਕਦੀਆਂ ਹਨ, ਜਿਹੜੀਆਂ ਕਾਂਗਰਸ ਦੀ ਅਗਵਾਈ ਕਬੂਲਣ ਲਈ ਰਾਜ਼ੀ ਨਹੀਂ ਹਨ | ਇਸ ਤੋਂ ਬਿਨਾਂ ਨਿਤੀਸ਼ ਕੁਮਾਰ ਹਿੰਦੀ ਪੱਟੀ ਦੇ ਰਾਜਾਂ ਵਿੱਚ ਭਾਜਪਾ ਨੂੰ ਸਖ਼ਤ ਚ[ਣੌਤੀ ਦੇ ਸਕਦੇ ਹਨ, ਜਿਹੜੇ ਭਾਜਪਾ ਦੀ ਮੁੱਖ ਟੇਕ ਹਨ | ਕਾਂਗਰਸ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾ ਕੇ ਬਿਹਾਰ ਅੰਦਰ ਸੀਟਾਂ ਦੀ ਵੰਡ ਵਿੱਚ ਲਾਹਾ ਲੈਣਾ ਚਾਹੁੰਦੀ ਹੈ | ਓਨਾ ਚਿਰ ਤੱਕ ਕਨਵੀਨਰ ਦੇ ਸੁਆਲ ਉੱਤੇ ਕਿਆਸਅਰਾਈਆਂ ਲਗਦੀਆਂ ਰਹਿਣਗੀਆਂ, ਜਿੰਨਾ ਚਿਰ ਮਮਤਾ ਬੈਨਰਜੀ ਵੱਲੋਂ ਹਰੀ ਝੰਡੀ ਨਹੀਂ ਮਿਲ ਜਾਂਦੀ | ਜਿੰਨੀ ਛੇਤੀ ਇਹ ਮਸਲਾ ਹੱਲ ਹੋ ਜਾਵੇ, ਗਠਜੋੜ ਲਈ ਓਨਾ ਹੀ ਲਾਹੇਵੰਦ ਰਹੇਗਾ |

ਸਾਂਝਾ ਕਰੋ

ਪੜ੍ਹੋ