ਜ਼ਿੰਦਗੀ ਸ਼ੁਰੂ ਹੀ ਦਿਮਾਗ਼ ਦੇ ਸੈੱਲਾਂ ਨਾਲ ਹੁੰਦੀ ਹੈ। ਮਾਂ ਦੇ ਢਿੱਡ ਅੰਦਰ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਸਰੀਰ ਦੀ ਹਿਲਜੁਲ ਨੂੰ ਕੰਟਰੋਲ ਕਰਦੇ ਹਨ ਅਤੇ ਬਾਹਰੀ ਸੁਨੇਹਿਆਂ ਨੂੰ ਇੱਕਠਾ ਕਰਨ ਦਾ ਕੰਮ ਕਰਦੇ ਹਨ। ਤਿੰਨ ਤੋਂ 6 ਮਹੀਨਿਆਂ ਦੇ ਭਰੂਣ ਵਿਚ ਦਿਮਾਗ਼ ਦਾ ਕਾਫ਼ੀ ਵੱਡਾ ਹਿੱਸਾ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਸ ਵਿਚ ਸੋਚਣ ਸਮਝਣ ਅਤੇ ਬੌਧਿਕ ਵਿਕਾਸ ਦੇ ਅੰਸ਼ ਪਨਪਦੇ ਹਨ। ਇਸ ਦੌਰਾਨ ਢੇਰ ਸਾਰੇ ਹੋਰ ਜੋੜ ਬਣਦੇ ਹਨ। ਸੱਤ ਤੋਂ ਨੌਂ ਮਹੀਨਿਆਂ ਦੇ ਭਰੂਣ ਵਿਚ ਸੋਚਣ ਸਮਝਣ ਤੇ ਸਮੋਣ ਦਾ ਵੱਡਾ ਹਿੱਸਾ ਤਿਆਰ ਹੋ ਜਾਂਦਾ ਹੈ ਜਿਸ ਨੇ ਪੈਦਾ ਹੁੰਦੇ ਸਾਰ ਜਿੰਨੇ ਵੀ ਸੁਣੇਹੇ ਮਿਲਣੇ ਹੁੰਦੇ ਹਨ, ਉਨ੍ਹਾਂ ਨਾਲ ਦਿਮਾਗ਼ ਵਿਚਲੀ ਹਾਰਡ ਡਿਸਕ ਨੂੰ ਭਰਨਾ ਹੁੰਦਾ ਹੈ।
ਇਹੀ ਦਿਮਾਗ਼ ਵਿਚਲੀ ‘ਹਾਰਡ ਡਿਸਕ’ ਅੱਗੋਂ ਜ਼ਬਾਨ, ਲਿਆਕਤ,ਬੌਧਿਕ ਵਿਕਾਸ ਅਤੇ ਵਰਤਾਰੇ ਬਾਰੇ ਨੀਂਹ ਪੱਕੀ ਕਰਦੀ ਹੈ।
ਜੰਮਣ ਤੋਂ ਬਾਅਦ ਜਿਸ ਤਰ੍ਹਾਂ ਬੱਚੇ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸੇ ਅਨੁਸਾਰ ਦਿਮਾਗ਼ ਦੀ ਬਣਤਰ ਵਿਚ ਸਦੀਵੀ ਛਾਪ ਤਿਆਰ ਹੁੰਦੀ ਹੈ ਤੇ ਉਸੇ ਵੇਲੇ ਹੀ ਬੱਚੇ ਦੇ ਵੱਡੇ ਹੋ ਜਾਣ ਉੱਤੇ ਕਿਹੋ ਜਿਹਾ ਕਿਰਦਾਰ ਤਿਆਰ ਹੋਣਾ ਹੈ, ਤੈਅ ਹੋ ਜਾਂਦਾ ਹੈ।
ਮਿਸਾਲ ਵਜੋਂ ਪਿਆਰ ਦੁਲਾਰ ਨਾਲ ਪਲਿਆ ਬੱਚਾ ਜ਼ਿਆਦਾ ਲਾਇਕ ਹੋਣਾ ਸੁਭਾਵਿਕ ਹੈ। ਇੰਜ ਹੀ ਜਿੰਨੀ ਬੱਚੇ ਨਾਲ ਗੱਲਬਾਤ ਵੱਧ ਕੀਤੀ ਜਾਵੇ, ਓਨੇ ਹੀ ਵੱਧ ਦਿਮਾਗ਼ ਦੇ ਸੈੱਲਾਂ ਦੇ ਜੋੜ ਬਣਦੇ ਹਨ ਤੇ ਓਨਾ ਹੀ ਬੱਚਾ ਵੱਧ ਲਾਇਕ ਬਣਦਾ ਹੈ। ਉਸ ਦੇ ਦਿਮਾਗ਼ ਅੰਦਰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਸਾਂਭਣ ਦੀ ਥਾਂ ਵੱਧ ਬਣ ਜਾਂਦੀ ਹੈ।
ਦੁਨੀਆ ਦੇ ਚੋਟੀ ਦੇ ਜਨਰਲ ‘ਪੀਡੀਐਟਰਿਕਸ’ ਵਿੱਚ ਸੰਨ 2011 ਅਪ੍ਰੈਲ ਵਿਚ ਕਈ ਸਾਲਾਂ ਤੱਕ ਚੱਲੀ ਖੋਜ ਦੇ ਨਤੀਜੇ ਛਪੇ ਜਿਸ ਵਿੱਚ ਸਤਮਾਹੇ ਜੰਮੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਦੱਸਿਆ ਗਿਆ ਕਿ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਦੇ ‘ਆਈ ਕਿਊ’ 83.8 ਤੋਂ 96 ਫੀਸਦੀ ਸੀ ਜਦ ਕਿ ਸਤਮਾਹੇ ਜੰਮਿਆਂ ਦਾ 78.9 ਫੀਸਦੀ ਤੋਂ 90 ਫੀਸਦੀ ਦੇ ਵਿਚਕਾਰ।
ਇਸ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿੰਨਾ ਵੱਧ ਵਕਤ ਤੋਂ ਪਹਿਲਾਂ ਜੰਮਿਆ ਬੱਚਾ ਹੋਵੇ, ਓਨਾ ਹੀ ਉਸ ਦਾ ਦਿਮਾਗ਼ ਘੱਟ ਵਿਕਸਿਤ ਹੁੰਦਾ ਹੈ ਕਿਉਂਕਿ ਸੈੱਲਾਂ ਦੇ ਜੋੜ ਪੂਰੇ ਨਹੀਂ ਹੁੰਦੇ। ਇਸ ਖੋਜ ਵਿਚ ਇੱਕ ਗੱਲ ਬਹੁਤ ਕਮਾਲ ਦੀ ਪਤਾ ਲੱਗੀ ਕਿ ਜਿਹੜੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਨਾਲ ਮਾਂ ਜਾਂ ਪਿਓ ਵੱਧ ਗੱਲਾਂ ਕਰਦੇ ਰਹੇ ਹੋਣ, ਉਨ੍ਹਾਂ ਸਤਮਾਹੇ ਜੰਮੇਂ ਬੱਚਿਆਂ ਦੇ ਦਿਮਾਗ਼ ਦੇ ਸੈੱਲਾਂ ਦੇ ਜੋੜ ਕਾਫ਼ੀ ਬਣ ਚੁੱਕੇ ਹੋਏ ਸਨ ਤੇ ਉਨ੍ਹਾਂ ਦੇ ਦਿਮਾਗ਼ ਦਾ ਵਿਕਾਸ ਬਾਕੀਆਂ ਨਾਲੋਂ ਵਧੀਆ ਹੋਇਆ ਲੱਭਿਆ।
9 ਜਨਵਰੀ 2011 ਨੂੰ ਮੋਬਾਇਲ ਫੋਨਾਂ ਦਾ ਦੋ ਤੋਂ 18 ਹਫ਼ਤਿਆਂ ਦੇ ਭਰੂਣ ਉੱਤੇ ਅਸਰ ਬਾਰੇ ਖੋਜ ਛਪੀ। ਉਸ ਵਿੱਚ ਸਪਸ਼ਟ ਕੀਤਾ ਗਿਆ ਕਿ ਮੋਬਾਇਲ ਫ਼ੋਨਾਂ ਵਿੱਚੋਂ ਮਾਈਕਰੋਵੇਵ ਵਰਗੀਆਂ ਰੇਡੀਓ ਤਰੰਗਾਂ ਨਿਕਲਦੀਆਂ ਹਨ ਪਰ ਉਨ੍ਹਾਂ ਦਾ ਜੱਚਾ ਅਤੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਧਣ ਫੁੱਲਣ ਉੱਤੇ ਕੋਈ ਮਾੜਾ ਅਸਰ ਨਹੀਂ ਦਿਸਿਆ।
15 ਮਾਰਚ 2012 ਨੂੰ ਯੇਲ ਯੁਨੀਵਰਸਿਟੀ ਵਿਖੇ ਹੋਈ ਖੋਜ ਦੇ ਨਤੀਜੇ ਛਾਪੇ ਗਏ। ਉਸ ਵਿਚ ਮੋਬਾਇਲ ਫ਼ੋਨ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਉੱਤੇ ਪੈਂਦੇ ਅਸਰ ਘੋਖੇ ਗਏ ਸਨ। ਇਹ ਖੋਜ ‘ਨੇਚਰ’ ਰਸਾਲੇ ਵਿਚ ਛਪੀ। ਡਾ. ਹੁੱਗ ਟੇਲਰ ਨੇ ਚੂਹਿਆਂ ਉੱਤੇ ਕੀਤੀ ਖੋਜ ਦੇ ਨਤੀਜਿਆਂ ਬਾਰੇ ਦੱਸਿਆ ਸੀ ਕਿ ਗਰਭਵਤੀ ਚੂਹੀਆਂ ਨੂੰ ਜਿਸ ਪਿੰਜਰੇ ਅੰਦਰ ਰੱਖਿਆ ਗਿਆ ਸੀ, ਉਸ ਪਿੰਜਰੇ ਉੱਤੇ ‘ਮਿਊਟ’ ਕਰ ਕੇ ਮੋਬਾਇਲ ਫੋਨ ਰੱਖੇ ਗਏ ਜਿਨ੍ਹਾਂ ਉੱਤੇ ‘ਕਾਲ’ ਕੀਤੀ ਜਾ ਰਹੀ ਸੀ। ਲਗਾਤਾਰ ਕੁੱਝ ਘੰਟੇ ਵਾਰ ਵਾਰ ‘ਕਾਲਾਂ’ ਕੀਤੀਆਂ ਗਈਆਂ ਤੇ 15 ਤੋਂ 20 ਮਿੰਟ ਤੱਕ ਇਕ ਕਾਲ ਜਾਰੀ ਰੱਖੀ ਗਈ।
ਇਹ ਵੇਖਣ ਵਿਚ ਆਇਆ ਕਿ ਨਵਜੰਮੀਆਂ ਚੂਹੀਆਂ ਦੇ ਦਿਮਾਗ਼ ਦੇ ਅਗਲੇ ਸਿਰੇ (ਪ੍ਰੀ ਫਰੰਟਲ ਕੋਰਟੈਕਸ) ਵਿੱਚ ਸੈੱਲ ਵੀ ਘੱਟ ਬਣੇ ਅਤੇ ਜੋੜ ਵੀ। ਨਤੀਜੇ ਵਜੋਂ ਉਹ ਲੋੜੋਂ ਵੱਧ ਕਾਹਲੇ, ਚਿੜਚਿੜੇ, ਧਿਆਨ ਨਾ ਲਾ ਸਕਣ ਵਾਲੇ ਅਤੇ ਗੁਸੈਲ ਬਣੇ।
ਜਿਹੜੀਆਂ ਗਰਭਵਤੀ ਚੂਹੀਆਂ ਦੇ ਨੇੜੇ ਫ਼ੋਨ ਪੂਰਾ ਬੰਦ ਕਰ ਕੇ ਰੱਖਿਆ ਗਿਆ ਤੇ ਕੋਈ ਵੀ ਕਾਲ ਨਾ ਕੀਤੀ ਗਈ, ਉਨ੍ਹਾਂ ਦੇ ਬੱਚਿਆਂ ਵਿਚ ਕੋਈ ਨੁਕਸ ਨਾ ਲੱਭਿਆ।
ਇਸੇ ਯੇਲ ਯੂਨੀਵਰਸਿਟੀ ਦੇ ਡਾ. ਤਾਮਿਰ ਅਲਦਾਦ ਨੇ ਵੀ ਆਪਣੀ ਖੋਜ ਬਾਰੇ ਦੱਸਿਆ ਕਿ ਚੂਹੀਆਂ ਵਿਚ ਗਰਭ ਦਾ ਸਮਾਂ ਸਿਰਫ਼ 19 ਦਿਨਾਂ ਦਾ ਹੁੰਦਾ ਹੈ ਤੇ ਫਿਰ ਵੀ ਉਸ ਦੌਰਾਨ ਏਨਾ ਤਗੜਾ ਅਸਰ ਮੋਬਾਇਲ ਦੀਆਂ ਕਿਰਨਾਂ ਦਾ ਦਿਸਿਆ ਹੈ। ਇਸੇ ਲਈ ਮਨੁੱਖ ਦੇ ਬੱਚਿਆਂ ਦੇ ਦਿਮਾਗ਼ ਉੱਤੇ ਵੀ ਜ਼ਰੂਰ ਮਾੜਾ ਅਸਰ ਪੈਂਦਾ ਹੋਵੇਗਾ ਕਿਉਂਕਿ ਉਹ ਲੰਮੇ ਸਮੇਂ ਤੱਕ ਮੋਬਾਇਲ ਦੀਆਂ ਕਿਰਨਾਂ ਦੇ ਅਸਰ ਹੇਠ ਰਹਿੰਦੇ ਹਨ।
ਇਸ ਖੋਜ ਤੋਂ ਬਾਅਦ ਅਗਲੀ ਖੋਜ ਆਰੰਭ ਹੋਈ ਜੋ 5 ਸਤੰਬਰ 2017 ਵਿਚ ਨਾਮਵਰ “ਬਰਿਟਿਸ਼ ਮੈਡੀਕਲ ਜਰਨਲ” ਵਿਚ ਛਪੀ। ਉਸ ਖੋਜ ਵਿਚ 45,389 ਨਾਰਵੇ ਦੀਆਂ ਮਾਂਵਾਂ ਸ਼ਾਮਲ ਕੀਤੀਆਂ ਗਈਆਂ ਜਿਹੜੀਆਂ ਮੋਬਾਇਲ ਦੀ ਵਰਤੋਂ ਕਰ ਰਹੀਆਂ ਸਨ।
ਇਨ੍ਹਾਂ ਸਾਰੀਆਂ ਦੇ ਗਰਭ ਦੌਰਾਨ ਵੀ ਭਰੂਣ ਦਾ ਚੈੱਕਅੱਪ ਕੀਤਾ ਗਿਆ ਤੇ ਬੱਚਾ ਜੰਮਣ ਤੋਂ ਪੰਜ ਸਾਲ ਬਾਅਦ ਤੱਕ ਵੀ ਲਗਾਤਾਰ ਚੈੱਕ ਕੀਤਾ ਗਿਆ। ਇਨ੍ਹਾਂ ਵਿੱਚੋਂ ਕਿਸੇ ਦੇ ਵੀ ਬੱਚੇ ਦੇ ਦਿਮਾਗ ਉੱਤੇ ਮੋਬਾਇਲ ਦੇ ਮਾੜੇ ਅਸਰ ਨਹੀਂ ਲੱਭੇ।
ਇਸ ਖੋਜ ਦੌਰਾਨ ਬਹੁਤ ਮਹੱਤਵਪੂਰਨ ਚੀਜ਼ਾਂ ਬਾਰੇ ਪਤਾ ਲੱਗਿਆ ਕਿਉਂਕਿ ਖਤਰਾ ਭਾਂਪਦਿਆਂ ਸਾਰੀਆਂ ਮਾਂਵਾਂ ਨੂੰ ਅਜਿਹੀ ਖ਼ੁਰਾਕ ਦਿੱਤੀ ਗਈ ਸੀ ਜੋ ਭਰੂਣ ਦੇ ਦਿਮਾਗ਼ ਦਾ ਵਿਕਾਸ ਵਧੀਆ ਕਰਨ ਵਿੱਚ ਮਦਦ ਕਰਦੀ ਸੀ। ਇਸੇ ਲਈ ਉਸ ਖੋਜ ਤੋਂ ਬਆਦ ਸਾਰੀਆਂ ਗਰਭਵਤੀ ਮਾਂਵਾਂ ਲਈ ਉਹੀ ਖ਼ੁਰਾਕ ਦੇਣ ਬਾਰੇ ਜ਼ੋਰ ਪਾਇਆ ਗਿਆ ਹੈ। ਇਹ ਖ਼ੁਰਾਕ ਹੈ :-
1. ਸਾਲਮਨ ਮੱਛੀ :- ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਹੋਣ ਦੇ ਨਾਲੋ-ਨਾਲ ਇਸ ਵਿਚਲੇ ਓਮੇਗਾ ਤਿੰਨ ਫੈੱਟੀ ਏਸਿਡ ਭਰੂਣ ਦੇ ਦਿਮਾਗ਼ ਨੂੰ ਵਧਣ ਫੁੱਲਣ ਵਿਚ ਮਦਦ ਕਰਦੇ ਹਨ।
2. ਚੁਲਾਈ:– ਲੋਹ ਕਣ ਤੇ ਫੋਲੇਟ ਭਰਪੂਰ ਚੁਲਾਈ ਜਿੱਥੇ ਔਲ ਨੂੰ ਤੰਦਰੁਸਤ ਰੱਖਦੀ ਹੈ, ਭਰੂਣ ਦੇ ਵਧਣ ਫੁੱਲਣ ਵਿਚ ਸਹਾਈ ਹੁੰਦੀ ਹੈ, ਉੱਥੇ ਹੀ ਭਰੂਣ ਦੇ ਦਿਮਾਗ਼ ਦੇ ਸੈੱਲਾਂ ਨੂੰ ਵੀ ਸਿਹਤਮੰਦ ਰੱਖਦੀ ਹੈ।
3. ਹਰੀਆਂ ਸਬਜ਼ੀਆਂ ਤੇ ਫਲ :– ਛੋਲੀਏ ਦੇ ਪੱਤੇ, ਮੂਲੀ ਦੇ ਪੱਤੇ, ਪੱਤ-ਗੋਭੀ, ਹਰੀਆਂ ਸਬਜ਼ੀਆਂ ਤੇ ਫਲਾਂ ਵਿੱਚ ਐਂਟੀਆਕਸੀਡੈਂਟ ਭਰੇ ਪਏ ਹਨ ਜੋ ਭਰੂਣ ਦੇ ਦਿਮਾਗ਼ ਉੱਤੇ ਪੈਂਦੇ ਮਾੜੇ ਅਸਰਾਂ ਤੋਂ ਬਚਾਓ ਕਰਦੇ ਹਨ।
ਇਨ੍ਹਾਂ ਵਿਚਲੇ ਲੋਹ ਕਣ ਭਰੂਣ ਨੂੰ ਆਕਸੀਜਨ ਵੀ ਪੂਰੀ ਪਹੰੁਚਾ ਦਿੰਦੇ ਹਨ।
4. ਪ੍ਰੋਟੀਨ :– ਅੰਡੇ, ਦਾਲਾਂ, ਦੁੱਧ, ਪਨੀਰ ਤੇ ਸੁੱਕੇ ਮੇਵੇ ਜਿੱਥੇ ਜੱਚਾ ਨੂੰ ਤੰਦਰੁਸਤ ਰੱਖਦੇ ਹਨ, ਉੱਥੇ ਭਰੂਣ ਦੇ ਦਿਮਾਗ਼ ਲਈ ਵੀ ਬਿਹਤਰੀਨ ਸਾਬਤ ਹੋ ਚੁੱਕੇ ਹਨ।
5. ਤਿਲ :– ਤਿਲ ਯਾਦਾਸ਼ਤ ਤੇਜ਼ ਰੱਖਣ ਵਿੱਚ ਸਹਾਈ ਹੁੰਦੇ ਹਨ।
ਉੱਪਰ ਦੱਸੇ ਖਾਣੇ ਜੇ ਹਰ ਜੱਚਾ ਸਹੀ ਮਿਕਦਾਰ ਵਿੱਚ ਲੈਂਦੀ ਰਹੇ ਤਾਂ ਉਸ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦਾ ਵਿਕਾਸ ਵੀ ਵਧੀਆ ਹੋ ਜਾਂਦਾ ਹੈ ਅਤੇ ਮਾੜੇ ਅਸਰਾਂ ਤੋਂ ਬਚਾਓ ਵੀ ਹੋ ਜਾਂਦਾ ਹੈ।
20 ਨਵੰਬਰ 2018 ਨੂੰ ਭਰੂਣਾਂ ਉੱਤੇ ਕੀਤੀ ਇੱਕ ਹੋਰ ਖੋਜ ਸਾਹਮਣੇ ਆਈ ਜਿਸ ਵਿੱਚ “ਫੰਕਸ਼ਨਲ ਐਮ.ਆਰ.ਆਈ. ਸਕੈਨ” ਰਾਹੀਂ ਭਰੂਣਾਂ ਦੇ ਦਿਮਾਗ਼ ਦੇ ਕੰਮਕਾਰ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿੱਚ ਪਤਾ ਲੱਗਿਆ ਕਿ ਕਿਵੇਂ ਢਿੱਡ ਅੰਦਰ ਭਰੂਣ ਸ਼ੈਤਾਨੀਆਂ ਕਰਦੇ, ਖੇਡਦੇ, ਘੁੰਮਦੇ ਅਤੇ ਸੌਂਦੇ ਹਨ।
ਗਰਭ ਠਹਿਰਨ ਦੇ ਤੀਜੇ ਹਫ਼ਤੇ ਵਿਚ ਹੀ ਭਰੂਣ ਦੀ ਦਿਮਾਗ਼ ਦੇ ਪਹਿਲੇ ਪੁੰਗਰੇ ਸੈੱਲਾਂ ਦੀ ਅੱਗੋਂ ਵੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਵਿੱਚੋਂ ਕੁੱਝ ਜੋੜ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਨੌਵੇਂ ਹਫ਼ਤੇ ਦੇ ਭਰੂਣ ਵਿਚਲੇ ਨਿੱਕੇ ਜਿਹੇ ਦਿਮਾਗ਼ ਵਿਚੋਂ ਕੈਮੀਕਲ ਰਾਹੀਂ ਸੁਣੇਹੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਕੈਮੀਕਲ ਬਾਹਰਲੇ ਸੁਣੇਹੇ ਫੜਨ ਲਈ ਕਈ ਨਵੇਂ ਜੋੜ ਬਣਾਉਣ ਵਿਚ ਵੀ ਮਦਦ ਕਰਦੇ ਹਨ।
ਜੰਮਣ ਤੋਂ ਬਾਅਦ ਤੱਕ ਇਹ ਜੋੜ ਬਣਦੇ ਰਹਿੰਦੇ ਹਨ। ਪਹਿਲੇ ਦੋ ਸਾਲਾਂ ਦੀ ਉਮਰ ਵਿਚ ਦਿਮਾਗ਼ ਵਿਚ ਸਭ ਤੋਂ ਵੱਧ ਤਬਦੀਲੀਆਂ ਹੁੰਦੀਆਂ ਹਨ ਅਤੇ ਬਾਹਰਲੇ ਸੁਣੇਹਿਆਂ ਤੋਂ ਖਰਬਾਂ ਨਵੇਂ ਜੋੜ ਬਣਦੇ ਜਾਂਦੇ ਹਨ। ਇਨ੍ਹਾਂ ਨੂੰ ‘ਸਾਇਨੈਪਟਿਕ ਬਿਗ ਬੈਂਗ’ ਕਹਿੰਦੇ ਹਨ।
ਦੋ ਸਾਲਾਂ ਤੋਂ ਬਾਅਦ ਹੌਲੀ ਹੌਲੀ ਦਿਮਾਗ਼ ਵਿੱਚ ਵੱਖ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ ਜਿਸ ਵਿੱਚ ਅੱਧ ਪਚੱਧ ਬਣੇ ਜੋੜ ਖੁਰਨ ਲੱਗ ਪੈਂਦੇ ਹਨ। ਉਸ ਹਿੱਸੇ ਦੇ ਸੈੱਲ ਜਿਹੜੇ ਬਿਲਕੁਲ ਵਰਤੋਂ ਵਿਚ ਨਾ ਆ ਰਹੇ ਹੋਣ, ਦਿਮਾਗ ਆਪੇ ਹੀ ਬੇਲੋੜੇ ਮੰਨ ਕੇ ਉਨ੍ਹਾਂ ਨੂੰ ਖ਼ਤਮ ਕਰ ਦਿੰਦਾ ਹੈ। ਇਹ ਸਫ਼ਾਈ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਲੋੜ ਵਿਚ ਆ ਰਹੇ ਹਿੱਸੇ ਨੂੰ ਹੋਰ ਥਾਂ ਮਿਲ ਸਕੇ ਤੇ ਉਹ ਪ੍ਰਫੁੱਲਿਤ ਹੋ ਸਕੇ।
ਬੇਅੰਤ ਖੋਜਾਂ ਰਾਹੀਂ ਪਤਾ ਲੱਗ ਚੁੱਕਿਆ ਹੈ ਕਿ ਇਸ ਸਮੇਂ ਦੌਰਾਨ ਪਿਆਰ, ਝਿੜਕਾਂ, ਤਿੱਖੀ ਲਾਈਟ, ਸ਼ੋਰ-ਸ਼ਰਾਬਾ, ਤਾਪਮਾਨ ਵਿੱਚ ਗੜਬੜੀ, ਕੁੱਟ-ਮਾਰ, ਮਾਹੌਲ ਵਿਚ ਵਾਰ-ਵਾਰ ਤਬਦੀਲੀ ਆਦਿ ਦਿਮਾਗ਼ ਦੇ ਕੰਮ ਕਾਰ ਉੱਤੇ ਸਦੀਵੀ ਅਸਰ ਪਾ ਦਿੰਦੇ ਹਨ ਕਿਉਂਕਿ ਸੈੱਲਾਂ ਵਿਚਕਾਰ ਬਣ ਰਹੇ ਜੋੜ ਸਹੀ ਥਾਂ ਨਹੀਂ ਜੁੜਦੇ ਜਿਸ ਸਦਕਾ ਸਹੀ ਸੁਣੇਹੇ ਫੜਨ ਵਿਚ ਗੜਬੜੀ ਹੋ ਜਾਂਦੀ ਹੈ।
13 ਮਾਰਚ 2018 ਵਿਚ “ਯੂ.ਸੀ.ਇਰਵਿਨ ਹੈਲਥ ਰਿਸਰਚ” ਵਿਚ ਦੁੱਧ ਪਿਆਉਂਦੀਆਂ ਚੂਹੀਆਂ ਦੇ ਨੇੜੇ ਮੋਬਾਇਲ ਦੀ ਵਰਤੋਂ ਬਾਰੇ ਇੱਕ ਹੋਰ ਖੋਜ ਛਪੀ ਜਿਸ ਰਾਹੀਂ ਸਪਸ਼ਟ ਹੋ ਗਿਆ ਕਿ ਉਨ੍ਹਾਂ ਤਰੰਗਾਂ ਦਾ ਨਿੱਕੇ ਚੂਹਿਆਂ ਦੇ ਦਿਮਾਗ਼ ਉੱਤੇ ਤਗੜਾ ਅਸਰ ਪਿਆ ਜਿਸ ਸਦਕਾ ਉਨ੍ਹਾਂ ਵਿੱਚੋਂ ਕੁੱਝ ਉੱਕਾ ਹੀ ਦੁਬਕ ਕੇ ਬਹਿ ਗਏ ਤੇ ਕੁੱਝ ਬੇਹੱਦ ਚਿੜਚਿੜੇ ਹੋ ਗਏ।
ਇਸ ਦੌਰਾਨ ਕਈ ਸਾਲ ਲਗਾਤਾਰ ਮੋਬਾਇਲ ਦੀਆਂ ਤਰੰਗਾਂ ਉੱਤੇ ਚੱਲ ਰਹੀਆਂ ਵੱਖੋਂ ਵੱਖ ਖੋਜਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ :-
1. ਨੈਸ਼ਨਲ ਸੈਂਟਰ ਫੌਰ ਹੈਲਥ ਰੀਸਰਚ ਅਨੁਸਾਰ ਕੰਨ ਨਾਲ ਲਾ ਕੇ ਲਗਾਤਾਰ ਮੋਬਾਇਲ ਸੁਣਦੇ ਰਹਿਣ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।
2. ‘ਅਮਰੀਕਨ ਅਕੈਡਮੀ ਔਫ਼ ਪੀਡੀਐਟਰਿਕਸ’ ਨੇ ਬੱਚਿਆਂ ਵਿੱਚ ਹੋਈਆਂ ਅਨੇਕ ਖੋਜਾਂ ਬਾਅਦ ਇਹ ਲੱਭਿਆ ਕਿ ਮੋਬਾਇਲ ਵਿੱਚੋਂ ਨਿਕਲਦੀਆਂ ਤਰੰਗਾਂ ਬੱਚਿਆਂ ਦੇ ਦਿਮਾਗ਼ ਉੱਤੇ ਵੱਡਿਆਂ ਨਾਲੋਂ ਦੁਗਣਾ ਵੱਧ ਅਸਰ ਪਾਉਂਦੀਆਂ ਹਨ। ਬੱਚੇ ਦੇ ਦਿਮਾਗ਼ ਨੂੰ ਕੱਜ ਰਹੀ ਹੱਡੀ ਪਤਲੀ ਹੁੰਦੀ ਹੈ, ਇਸੇ ਲਈ ਉਸ ਹੱਡੀ ਉੱਤੇ ਤਰੰਗਾਂ ਦਾ ਵੱਡਿਆਂ ਨਾਲੋਂ 10 ਗੁਣਾਂ ਵੱਧ ਅਸਰ ਪੈਂਦਾ ਹੈ।
ਇਸੇ ਲਈ 6 ਮਹੀਨਿਆਂ ਦੀ ਉਮਰ ਤੋਂ ਹੀ ਜਿਨ੍ਹਾਂ ਬੱਚਿਆਂ ਨੂੰ ਮੋਬਾਇਲ ਫੋਨ ਖਿਡੌਣੇ ਵਾਂਗ ਫੜਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਭਾਰੀ ਗਿਣਤੀ ਬੱਚੇ ਜ਼ਿੱਦੀ, ਚਿੜਚਿੜੇ, ਲੜਾਕੇ ਅਤੇ ਟਿਕ ਕੇ ਨਾ ਬਹਿ ਸਕਣ ਵਾਲੇ ਬਣ ਗਏ ਲੱਭੇ।
3. ਕੋਰੀਆ ਵਿਚ ਬੱਚਿਆਂ ਵਿਚ ਹੋਈ ਖੋਜ ਵਿਚ ਵੀ ਮੋਬਾਇਲ ਦੀ ਵਾਧੂ ਵਰਤੋਂ ਕਰਨ ਵਾਲੇ ਬੱਚਿਆਂ ਵਿਚ ਟਿਕ ਕੇ ਨਾ ਬਹਿ ਸਕਣ ਦੀ ਬੀਮਾਰੀ ਲੱਭੀ। ਇਨ੍ਹਾਂ ਬੱਚਿਆਂ ਦੇ ਲਹੂ ਵਿੱਚ ‘ਸਿੱਕੇ’ ਦੀ ਮਾਤਰਾ ਵੀ ਵਧੀ ਹੋਈ ਸੀ ਜਿਸ ਦੇ ਵੱਖ ਕਾਰਨ ਸਨ।
ਇਨ੍ਹਾਂ ਖੋਜਾਂ ਤੋਂ ਬਾਅਦ ਫਿਰ 4 ਅਗਸਤ 2021 ਨੂੰ ਵਿਸ਼ਵ ਭਰ ਦੇ ਬੱਚਿਆਂ ਲਈ ਖ਼ਾਸ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਮੋਬਾਇਲ ਵਿੱਚੋਂ ਨਿਕਲੀਆਂ ਤਰੰਗਾਂ ਦੇ ਮਾੜੇ ਅਸਰਾਂ ਤੋਂ ਬਚਣ ਲਈ ਮੋਬਾਇਲ ਨੂੰ ਕੰਨਾਂ ਤੋਂ ਪਰ੍ਹਾਂ ਰੱਖਣ ਉੱਤੇ ਜ਼ੋਰ ਪਾਇਆ ਗਿਆ ਹੈ।
ਐੱਪਲ ਫ਼ੋਨ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਆਈ ਫ਼ੋਨ 12 ਦਿਮਾਗ਼ ਤੋਂ 5 ਮਿਲੀਮੀਟਰ ਦੂਰ ਰੱਖ ਕੇ ਗੱਲ ਸੁਣਨੀ ਚਾਹੀਦੀ ਹੈ। ਇਹੋ ਕੁੱਝ ਗੂਗਲ ਪਿਕਸਲ 4 ਵਾਲੇ ਕਹਿਣ ਲੱਗ ਪਏ ਹਨ। ਸੈਮਸੰਗ ਗਲੈਕਸੀ ਤਾਂ ਘੱਟੋ-ਘੱਟ ਕੰਨ ਤੋਂ 1.5 ਸੈਂਟੀਮੀਟਰ ਪਰ੍ਹਾਂ ਫੋਨ ਰੱਖ ਕੇ ਗੱਲ ਸੁਣਨ ਬਾਰੇ ਕਹਿੰਦਾ ਹੈ।
ਇਹ ਸਭ ਇਸਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਈਕਰੋਵੇਅ ਦੀਆਂ ਤਰੰਗਾਂ ਬਾਰੇ ਤਾਂ ਸੰਨ 2014 ਵਿਚ ਹੀ ਲੱਭ ਲਿਆ ਗਿਆ ਸੀ ਕਿ ਇਨ੍ਹਾਂ ਨਾਲ ਸਿੱਧਾ ਸੰਪਰਕ ਹੁੰਦੇ ਰਹਿਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ।
ਹੁਣ ਅਮਰੀਕਾ ਵਿਚ ਬੱਚਿਆਂ ਦੇ ਖਿਡੌਣਿਆਂ ਵਿਚ ਵੀ ਵਾਇਰਲੈਸ ਅਤੇ ਰੇਡੀਓ ਟਰਾਂਸਮੀਟਰ ਲਾਉਣ ਉੱਤੇ ਮਨਾਹੀ ਲਾ ਦਿੱਤੀ ਗਈ ਹੈ ਕਿਉਂਕਿ ਇਹ ਤਰੰਗਾਂ ਬੱਚੇ ਦੇ ਦਿਮਾਗ਼ ਦੇ ਪਿਛਲੇ ਹਿੱਸੇ ‘ਸੈਰੀਬੈਲਮ’ ਵਿਚ ਵੱਡਿਆਂ ਨਾਲੋਂ ਢਾਈ ਗੁਣਾ ਵੱਧ ਅੰਦਰ ਪਹੁੰਚ ਜਾਂਦੀਆਂ ਹਨ।
ਸੰਨ 2019 ਵਿਚ ਛਪੀ ਖੋਜ ਵਿਚ ਵੀ ਕਈ ਸਾਲ ਚੱਲੀ ਖੋਜ ਦੇ ਸਿੱਟਿਆਂ ਬਾਅਦ ਇਨ੍ਹਾਂ ਤਰੰਗਾਂ ਨਾਲ ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਉੱਤੇ ਅਸਰ ਲੱਭੇ ਸਨ। ਕੁੱਝ ਕੁ ਬੱਚਿਆਂ ਦੇ ਡੀ.ਐਨ.ਏ. ਉੱਤੇ ਵੀ ਅਸਰ ਪਏ ਲੱਭੇ।
ਹੁਣ ਤੱਕ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲੀ ਖੋਜ ਵਿਚ ਵੱਡਿਆਂ ਉੱਤੇ ਪੂਰੀ ਉਮਰ ਦੌਰਾਨ 1640 ਘੰਟੇ ਦੇ ਮੋਬਾਇਲ ਦੀ ਵਰਤੋਂ ਬਾਅਦ ਅਸਰ ਘੋਖੇ ਗਏ ਸਨ। ਉਸ ਵਿਚਲੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਹਨ :-
1. ਮੋਬਾਇਲ ਦੀ ਕੰਨ ਨਾਲ ਲਾ ਕੇ ਕੀਤੀ ਵਾਧੂ ਵਰਤੋਂ ਨਾਲ 15 ਤੋਂ 20 ਸਾਲਾਂ ਬਾਅਦ ਦਿਮਾਗ਼ ਦੇ ਟੈਂਪੋਰਲ ਹਿੱਸੇ ਦੇ ਕੈਂਸਰ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ।
2. ਰੋਜ਼ ਦੀ 30 ਮਿੰਟ ਦੀ ਲਗਾਤਾਰ 10 ਸਾਲ ਤੱਕ ਮੋਬਾਇਲ ਦੀ ਵਰਤੋਂ ਬਾਅਦ ਦਿਮਾਗ਼ ਦੇ ਕੈਂਸਰ ਦਾ ਖ਼ਤਰਾ 40 ਫ਼ੀਸਦੀ ਵੱਧ ਹੋ ਜਾਂਦਾ ਹੈ।
ਹੁਣ ਦੁਨੀਆਂ ਭਰ ਵਿੱਚ ਸੈੱਲ ਫ਼ੋਨ ਤੋਂ ਹੋ ਰਹੇ ਮਾੜੇ ਅਸਰਾਂ ਤੋਂ ਬਚਾਓ ਬਾਰੇ ਦੱਸਿਆ ਜਾਣ ਲੱਗ ਪਿਆ ਹੈ। ਇਨ੍ਹਾਂ ਮਾੜੇ ਅਸਰਾਂ ਤੋਂ ਬਚਣ ਲਈ ਜੋ ਮਾਹਿਰਾਂ ਵਲੋਂ ਸੁਝਾਓ ਦਿੱਤੇ ਗਏ ਹਨ, ਉਹ ਹਨ :-
1. ਨਿੱਕੇ ਬੱਚਿਆਂ ਤੋਂ ਮੋਬਾਇਲ ਦੂਰ ਰੱਖੋ ਤੇ ਇਸ ਨੂੰ ਖਿਡੌਣੇ ਵਾਂਗ ਨਾ ਫੜਾਓ।
2. ਰਾਤ ਸੌਣ ਲੱਗਿਆਂ ਮੋਬਾਇਲ ਜਾਂ ਤਾਂ ਏਰੋਪਲੇਨ ਮੋਡ ਉੱਤੇ ਜਾਂ ਕਮਰੇ ਤੋਂ ਬਾਹਰ ਰੱਖੋ।
3. ਪੂਰੇ ਸੈੱਲ ਫ਼ੋਨ ਉੱਤੇ ਮੋਟੇ ਕਵਰ ਚਾੜ੍ਹੋ ਜਿਵੇਂ ਫੋਮ ਜਾਂ ਚਮੜੇ ਦੇ।
4. ਕੰਨ ਨਾਲ ਕਦੇ ਵੀ ਲਾ ਕੇ ਮੋਬਾਇਲ ਫ਼ੋਨ ਨਾ ਸੁਣਿਆ ਜਾਵੇ।
5. ਹੱਥ ਖਾਲੀ ਰੱਖ ਕੇ, ਫ਼ੋਨ ਪਰ੍ਹਾਂ ਰੱਖ ਕੇ ਈਅਰ ਫ਼ੋਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਜਾਂ ਸਪੀਕਰ ਰਾਹੀਂ ਗੱਲ ਕਰਨੀ ਸਭ ਤੋਂ ਬਿਹਤਰ ਹੈ।
6. ਜਿੰਨਾ ਹੋ ਸਕੇ, ਸੁਣੇਹੇ ਟਾਈਪ ਕਰ ਕੇ ਗੱਲ ਕਰ ਲੈਣੀ ਚਾਹੀਦੀ ਹੈ।
7. ਮੋਬਾਇਲ ਫ਼ੋਨ ਉੱਤੇ ਲੰਮੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ।
ਸਾਰ :- ਨਵੀਆਂ ਖੋਜਾਂ ਜਿੱਥੇ ਜ਼ਿੰਦਗੀ ਆਸਾਨ ਬਣਾ ਦਿੰਦੀਆਂ ਹਨ, ਉੱਥੇ ਕੁੱਝ ਮਾੜੇ ਅਸਰ ਵੀ ਨਾਲ ਹੀ ਲੈ ਕੇ ਆਉਂਦੀਆਂ ਹਨ। ਮੋਬਾਇਲ ਫ਼ੋਨਾਂ ਨੇ ਇੱਕ ਪਾਸੇ ਵਿਛੜਿਆਂ ਨੂੰ ਮਿਲਾ ਦਿੱਤਾ ਹੈ ਤਾਂ ਦੂਜੇ ਪਾਸੇ ਦੋਸਤਾਂ ਦੀਆਂ ਗਲਵਕੜੀਆਂ ਵਿਚ ਵਿੱਥ ਵੀ ਪਾ ਦਿੱਤੀ ਹੈ।
ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ਮਾੜੀ ਬੀਮਾਰੀ ਨਾ ਸਹੇੇੜ ਲਈਏ। ਸੋ ਬੱਚਿਆਂ ਤੋਂ ਦੂਰ ਰੱਖ ਕੇ, ਬੱਚਿਆਂ ਨਾਲ ਬੇਸ਼ਕੀਮਤੀ ਸਮਾਂ ਬਿਤਾ ਕੇ, ਉਨ੍ਹਾਂ ਦੇ ਪਿਆਰ ਦੁਲਾਰ ਦੇ ਸਮੇਂ ਨੂੰ ਖੋਹ ਕੇ ਮੋਬਾਇਲ ਨੂੰ ਨਾ ਦੇਈਏ ਤਾਂ ਜਿੱਥੇ ਘਰ ਦਾ ਮਾਹੌਲ ਸੁਖਾਵਾਂ ਹੋ ਜਾਵੇਗਾ, ਉੱਥੇ ਮੋਬਾਇਲ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਵੇਗਾ।
ਸੋ, ਖ਼ੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ ਪਰ ਮੋਬਾਇਲ ਤੋਂ ਜ਼ਰਾ ਬਚ ਕੇ *
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783