ਨਵੀਂ ਦਿੱਲੀ- ਭਾਵੇਂ ‘ਇੰਡੀਆ’ ਗੱਠਜੋੜ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਕਤੀਸ਼ਾਲੀ ਭਾਜਪਾ ਨੂੰ ਟੱਕਰ ਦੇਣ ਲਈ ਇੱਕ ਤਾਕਤ ਵਜੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦੀਆਂ 4 ਪਾਰਟੀਆਂ ਨੇ ਗਠਜੋੜ ਅੰਦਰ ਇੱਕ ‘ਵਿਸ਼ੇਸ਼ ਗਰੁੱਪ’ ਬਣਾ ਲਿਆ ਹੈ। ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਐਨ. ਸੀ. ਪੀ. ਦੇ ਸੁਪਰੀਮੋ ਸ਼ਰਦ ਪਵਾਰ ਨੇ ਆਪਣਾ ਗਰੁੱਪ ਬਣਾ ਲਿਆ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਇਹ ਧੜਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ‘ਇੰਡੀਆ’ ਗਠਜੋੜ ਦਾ ਕਨਵੀਨਰ ਬਣਨ ਦੇ ਸੁਪਨੇ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਰਿਹਾ ਹੈ। ਨਿਤੀਸ਼ ਕੁਮਾਰ ਨੇ ਹੀ ਕੁਝ ਮਹੀਨੇ ਪਹਿਲਾਂ ਕਾਂਗਰਸ ਦੀ ਮਦਦ ਅਤੇ ਸਹਿਮਤੀ ਨਾਲ 28 ਪਾਰਟੀਆਂ ਨੂੰ ਇਕ ਸਟੇਜ ’ਤੇ ਲਿਆਉਣ ਦੀ ਪਹਿਲ ਕੀਤੀ ਸੀ। ਕਾਂਗਰਸ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾਉਣ ਦੇ ਮੁੱਦੇ ’ਤੇ ਜ਼ੋਰ ਨਹੀਂ ਦੇ ਰਹੀ । ਉਹ ਸਹਿਮਤੀ ਚਾਹੁੰਦੀ ਹੈ। ਦਿਲੋਂ ਉਹ ਨਿਤੀਸ਼ ਕੁਮਾਰ ਨੂੰ ਕੋਆਰਡੀਨੇਟਰ ਨਹੀਂ ਬਣਾਉਣਾ ਚਾਹੁੰਦੀ ਕਿਉਂਕਿ ਉਹ ਭਰੋਸੇਯੋਗ ਨਹੀਂ ਹਨ। ਸ਼ਾਇਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਇਨ੍ਹਾਂ ਸਾਰੇ ਵਿਵਾਦ ਵਾਲੇ ਮੁੱਦਿਆਂ ਨੂੰ ਉਠਾ ਸਕਦੀ ਹੈ। ਫਿਲਹਾਲ ਨਿਤੀਸ਼ ਕੁਮਾਰ ਵੀ ਪਿੱਛੇ ਹਟ ਗਏ ਹਨ ਅਤੇ ਪਟਨਾ ਵਿੱਚ ਆਰਾਮ ਨਾਲ ਬੈਠੇ ਹਨ।