
ਲੰਮੇ ਸਮੇਂ ਤੋਂ ਪਾਕਿਸਤਾਨ ‘ਆਰਥਿਕ ਨਾਕਾਮੀ ਦੀ ਕੌਮਾਂਤਰੀ ਸੂਰਤ’ ਬਣਿਆ ਹੋਇਆ ਹੈ ਜੋ ਵਿਦੇਸ਼ੀ ਇਮਦਾਦ ਅਤੇ ਗੱਫਿਆਂ ’ਤੇ ਬਹੁਤ ਜਿ਼ਆਦਾ ਟੇਕ ਰੱਖ ਕੇ ਚੱਲਦਾ ਰਿਹਾ। ਕੋਵਿਡ ਮਹਾਮਾਰੀ ਤੋਂ ਬਾਅਦ ਇਸ ਦੀ ਟੇਕ ਹੋਰ ਵਧ ਗਈ। ਪਾਕਿਸਤਾਨ ਦਾ ਅਰਥਚਾਰਾ ਲਗਾਤਾਰ ਸੰਕਟ ਵਿਚ ਘਿਰਿਆ ਰਿਹਾ ਹੈ ਅਤੇ ਆਰਥਿਕ ਤੌਰ ’ਤੇ ਉਹ ਹੁਣ ਤੱਕ ਬਹੁਤਾ ਕਰ ਕੇ ਵਿਦੇਸ਼ੀ ਇਮਦਾਦ ਦੇ ਸਹਾਰੇ ਟਿਕਿਆ ਹੋਇਆ ਹੈ। ਇਮਰਾਨ ਖ਼ਾਨ ਬਹੁਤ ਹੰਕਾਰੀ ਆਗੂ ਹੈ ਜੋ ਆਪਣੀਆਂ ਵਿਦੇਸ਼ ਅਤੇ ਘਰੋਗੀ ਨੀਤੀਆਂ ਬਾਰੇ ਕੌਮੀ ਸਿਆਸੀ ਆਮ ਸਹਿਮਤੀ ਪੈਦਾ ਨਾ ਕਰ ਸਕਿਆ। ਇੰਝ, ਉਸ ਨੇ ਆਪਣੇ ਦੋਸਤਾਂ ਤੇ ਦੁਸ਼ਮਣਾਂ, ਦੋਵਾਂ ਨੂੰ ਖਫ਼ਾ ਕਰ ਲਿਆ ਅਤੇ ਇਸ ਦੌਰਾਨ ਪਾਕਿਸਤਾਨ ਦਾ ਅਰਥਚਾਰਾ ਢਹਿ ਢੇਰੀ ਹੋਣ ਵੱਲ ਵਧਦਾ ਰਿਹਾ। ਮੇਰੇ ਇਕ ਪਾਕਿਸਤਾਨੀ ਮਿੱਤਰ ਨੇ ਹਾਲ ਹੀ ਵਿਚ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਦੇਸ਼ ਨੂੰ ਸੰਕਟ ’ਚੋਂ ਨਿਕਲਣ ਲਈ ਡਾ. ਮਨਮੋਹਨ ਸਿੰਘ ਵਰਗੇ ਆਗੂ ਦੀ ਲੋੜ ਸੀ। ਇਮਰਾਨ ਖ਼ਾਨ ਦੀਆਂ ਇਸਲਾਮੀ ਤਰਜ਼ਾਂ ਕਰ ਕੇ ਪੱਛਮ ਦੇ ਆਗੂ ਵੀ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਮਿੱਤਰ ਕੁਝ ਅਰਬ ਦੇਸ਼ਾਂ ਖ਼ਾਸਕਰ ਸਾਊਦੀ ਅਰਬ ਵਲੋਂ ਵੀ ਉਸ ਤੋਂ ਦੂਰੀ ਵਰਤੀ ਜਾ ਰਹੀ ਹੈ। ਆਖ਼ਰੀ ਸਮਿਆਂ ’ਚ ਜਦੋਂ ਇਮਰਾਨ ਖ਼ਾਨ ਦੀ ਸਿਆਸਤ ਡਿਕਡੋਲੇ ਖਾ ਰਹੀ ਸੀ ਤਾਂ ਮਾਸਕੋ ਨਾਲ ਸਾਂਝ ਦਾ ਪੁਲ ਉਸਾਰਨ ਲਈ ਉਨ੍ਹਾਂ ਦੀ ਚਾਰਾਜੋਈ ਵੀ ਕੰਮ ਨਾ ਆਈ। ਸਭ ਤੋਂ ਅਹਿਮ ਗੱਲ ਇਹ ਕਿ ਤਤਕਾਲੀ ਸੈਨਾਪਤੀ ਜਨਰਲ ਕਮਰ ਜਾਵੇਦ ਬਾਜਵਾ ਜੋ ਅਮਰੀਕਾ ਨਾਲ ਸਾਂਝ ਭਿਆਲੀ ਨੂੰ ਸਭ ਤੋਂ ਜਿ਼ਆਦਾ ਅਹਿਮੀਅਤ ਦਿੰਦੇ ਸਨ, ਨਾਲ ਉਨ੍ਹਾਂ ਦੇ ਸਬੰਧ ਤਣਾਅ ਪੂਰਨ ਹੀ ਨਹੀਂ ਸਗੋਂ ਬੇਸੁਆਦੇ ਹੋ ਗਏ। ਇਸ ਦੇ ਬਾਵਜੂਦ ਜਨਰਲ ਬਾਜਵਾ ਨੇ ਯੂਕਰੇਨ ਲਈ ਪਾਕਿਸਤਾਨੀ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਉਨ੍ਹਾਂ ਭਾਰਤ ਨਾਲ ਲਗਦੀ ਸਰਹੱਦ ’ਤੇ ਦਹਿਸ਼ਤਗਰਦੀ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਸਨ।
ਇਹ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਜਨਰਲ ਬਾਜਵਾ ਚੰਗੀ ਤਰ੍ਹਾਂ ਜਾਣਦੇ ਸਨ ਕਿ ਗਹਿਰੇ ਹੋ ਰਹੇ ਆਰਥਿਕ ਸੰਕਟ ਦੇ ਪੇਸ਼ੇਨਜ਼ਰ ਭਾਰਤ ਨਾਲ ਲਗਦੀਆਂ ਪਾਕਿਸਤਾਨ ਦੀਆਂ ਪੂਰਬੀ ਸਰਹੱਦਾਂ ’ਤੇ ਤਣਾਅ ਜਾਰੀ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ; ਦੂਜੇ ਪਾਸੇ ਅਫ਼ਗਾਨ ਤਾਲਿਬਾਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਸਕੇ ਸੋਧਰਿਆਂ ਨਾਲ ਸਮੀਕਰਨ ਵਿਗੜਨ ਲੱਗ ਪਏ ਹਨ। ਪਾਕਿਸਤਾਨ ਦੇ ਅੰਦਰ ਹੀ ਨਹੀਂ, ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਦੇ ਆਰ ਪਾਰ ਵੀ ਤਾਲਿਬਾਨ ਨੂੰ ਕਾਬੂ ਹੇਠ ਰੱਖਣਾ ਔਖਾ ਹੋ ਰਿਹਾ ਹੈ। ਅਮਰੀਕੀ ਨਿਜ਼ਾਮ ਨੂੰ ਉਦੋਂ ਅਪਮਾਨਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਦੀਆਂ ਫੌਜਾਂ, ਸਫ਼ੀਰਾਂ ਅਤੇ ਲੋਕਾਂ ਨੂੰ ਅਫ਼ਗਾਨਿਸਤਾਨ ’ਚੋਂ ਦੌੜਨਾ ਪਿਆ ਸੀ। ਉਸ ਵੇਲੇ ਆਈਐਸਆਈ ਦੇ ਮੁਖੀ ਜੇਤੂ ਰੌਂਅ ਵਿਚ ਕਾਬੁਲ ਪਹੁੰਚੇ ਸਨ ਜਦਕਿ ਬਹੁਤ ਸਾਰੇ ਪਾਕਿਸਤਾਨੀ ਇਸ ਨੂੰ ਅਮਰੀਕਾ ਦੀ ਸ਼ਰਮਨਾਕ ਹਾਰ ਨਾਲ ਤਸ਼ਬੀਹ ਦੇ ਰਹੇ ਸਨ। ਉਦੋਂ ਤੋਂ ਹੀ ਅਮਰੀਕਾ ਨੇ ਕੌਮਾਂਤਰੀ ਆਰਥਿਕ ਇਮਦਾਦ ਦੇ ਸਵਾਲ ’ਤੇ ਸਖ਼ਤ ਰੁਖ਼ ਅਪਣਾ ਲਿਆ ਸੀ। ਪਾਕਿਸਤਾਨ ਨੂੰ ਫੌਰੀ ਇਮਦਾਦ ਅਤੇ ਆਈਐਮਐਫ ਤੋਂ ਹਰੀ ਝੰਡੀ ਦੀ ਲੋੜ ਸੀ ਤਾਂ ਕਿ ਕੌਮਾਂਤਰੀ ਬਰਾਦਰੀ ਅਤੇ ਵਿਸ਼ਵ ਬੈਂਕ ਅਤੇ ਏਡੀਬੀ ਜਿਹੇ ਕੌਮਾਂਤਰੀ ਵਿੱਤੀ ਅਦਾਰੇ ਉਸ ਦੀ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹ ਸਕਣ।
ਪਾਕਿਸਤਾਨ ਕੋਲ ਇਸ ਸਮੇਂ ਮਸਾਂ ਇਕ ਮਹੀਨੇ ਦੀਆਂ ਦਰਾਮਦਾਂ ਜੋਗੇ ਵਿਦੇਸ਼ੀ ਮੁਦਰਾ ਭੰਡਾਰ ਬਚੇ ਹਨ। ਹੋਰ ਤਾਂ ਹੋਰ, ਇਸ ਦੇ ‘ਸਦਾਬਹਾਰ ਦੋਸਤ’ ਚੀਨ ਨੇ ਵੀ ਹੁਣ ਤੱਕ ਸੰਕੇਤਕ ਇਮਦਾਦ ਹੀ ਮੁਹੱਈਆ ਕਰਵਾਈ ਹੈ। ਚੀਨ ਆਪਣੇ ਵਲੋਂ ਵਿੱਢੇ ਜਾਣ ਵਾਲੇ ਸਾਰੇ ਪ੍ਰਾਜੈਕਟਾਂ ਵਿਚ ਆਪਣੀ ਮੌਜੂਦਗੀ ਅਤੇ ਆਪਣੇ ਸਾਜ਼ੋ-ਸਾਮਾਨ ਅਤੇ ਮਾਨਵ ਸ਼ਕਤੀ ਦੀ ਵਰਤੋਂ ਕਰਨ ’ਤੇ ਡਟਿਆ ਹੋਇਆ ਹੈ। ਪਾਕਿਸਤਾਨ ਨੂੰ ਚੀਨ ਦਾ ਕਰਜ਼ਾ ਤਬਾਦਲਾਯੋਗ ਕਰੰਸੀਆਂ ਵਿਚ ਕਰਨਾ ਪਵੇਗਾ। ਵੱਡੀ ਗੱਲ ਇਹ ਹੈ ਕਿ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਪ੍ਰਵਾਨ ਕੀਤਿਆਂ ਅਤੇ ਇਨ੍ਹਾਂ ਬਾਰੇ ਬਜਟ ਵਿਚ ਐਲਾਨ ਕੀਤਿਆਂ ਬਗ਼ੈਰ ਪਾਕਿਸਤਾਨ ਨੂੰ ਕੌਮਾਂਤਰੀ ਇਮਦਾਦ ਮਿਲਣੀ ਨਾਮੁਮਕਿਨ ਹੈ। ਇੱਥੋਂ ਤੱਕ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਿਹੇ ਮਿੱਤਰ ਮੁਲਕਾਂ ਨੇ ਵੀ ਹੁਣ ਤੱਕ ਸੰਕੇਤਕ ਇਮਦਾਦ ਹੀ ਦਿੱਤੀ ਹੈ। ਆਪਣੇ ਖਜ਼ਾਨਿਆਂ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਉਹ ਆਈਐਮਐਫ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਕਰਨਗੇ। ਪਾਕਿਸਤਾਨ ਇਸ ਗੱਲੋਂ ਖੁਸ਼ਨਸੀਬ ਹੈ ਕਿ ਇਸ ਵੇਲੇ ਦੇਸ ਦੀ ਕਮਾਨ ਸ਼ਾਹਬਾਜ਼ ਸ਼ਰੀਫ਼ ਦੇ ਹੱਥਾਂ ਵਿਚ ਹੈ ਜਿਨ੍ਹਾਂ ਦੇ ਸਾਊਦੀ ਅਰਬ ਦੇ ਸ਼ਾਹੀ ਖ਼ਾਨਦਾਨ ਨਾਲ ਲੰਮੇ ਸਮੇਂ ਤੋਂ ਕਰੀਬੀ ਸਬੰਧ ਰਹੇ ਹਨ। ਜੇ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਹੁੰਦੇ ਤਾਂ ਸਾਊਦੀ ਅਰਬ ਤੋਂ ਇਮਦਾਦ ਉੱਕਾ ਹੀ ਨਹੀਂ ਆਉਣੀ ਸੀ।
ਪਾਕਿਸਤਾਨ ਵਿਚ ਆਮ ਚੋਣਾਂ ਇਸ ਸਾਲ ਅਕਤੂਬਰ ਮਹੀਨੇ ਹੋਣੀਆਂ ਹਨ ਪਰ ਇਸ ਦੌਰਾਨ ਜਨਰਲ ਆਸਿਮ ਮੁਨੀਰ ਦੀ ਅਗਵਾਈ ਹੇਠ ਫ਼ੌਜ ਇਮਰਾਨ ਖ਼ਾਨ ਅਤੇ ਉਸ ਦੇ ਕੁਝ ਬਚੇ ਖੁਚੇ ਵਫ਼ਾਦਾਰਾਂ ਨੂੰ ਜੇਲ੍ਹ ਭੇਜਣ ’ਤੇ ਤੁਲੀ ਹੋਈ ਹੈ ਤਾਂ ਕਿ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਤਹਿਸ ਨਹਿਸ ਕਰ ਦਿੱਤਾ ਜਾਵੇ। ਫ਼ੌਜ ਨੇ ਸੱਤਾ ਆਪਣੇ ਹੱਥ ਵਿਚ ਲੈ ਕੇ ਸ਼ਰਾਰਤੀ ਲੋਕਾਂ, ‘ਪੀਟੀਆਈ’ ਦੇ ਸੀਨੀਅਰ ਆਗੂਆਂ ਖਿਲਾਫ਼ ਕਾਰਵਾਈ ਵਿੱਢੀ ਹੋਈ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਜਿਹੀਆਂ ਪਾਰਟੀਆਂ ਇਸ ਗੱਲੋਂ ਖੁਸ਼ ਹਨ ਕਿ ਇਸ ਨਾਲ ਦੱਖਣੀ ਪੰਜਾਬ ਅਤੇ ਸਿੰਧ ਵਿਚ ਨਵੇਂ ਚਿਹਰਿਆਂ ਨੂੰ ਉਭਰਨ ਦਾ ਮੌਕਾ ਮਿਲ ਸਕਦਾ ਹੈ। ਇਮਰਾਨ ਖ਼ਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਫਿਲਹਾਲ ਜ਼ਮਾਨਤ ’ਤੇ ਚੱਲ ਰਹੇ ਹਨ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਨ੍ਹਾਂ ਬਾਰੇ ਸੁਣਨ ਵਿਚ ਆਇਆ ਹੈ ਕਿ ਉਨ੍ਹਾਂ ਦੇ ਮਨ ਵਿਚ ਸਦਰ ਬਣਨ ਦੀ ਖਾਹਿਸ਼ ਹੈ, ਕੁਝ ਗਿਣੇ ਚੁਣੇ ਲੋਕਾਂ ’ਚੋਂ ਹਨ ਜੋ ਇਮਰਾਨ ਖ਼ਾਨ ਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ ਪੂਰੀ ਵਾਹ ਲਾ ਸਕਦੇ ਹਨ। ਚੀਫ ਜਸਟਿਸ ਫ਼ੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਪੀਟੀਆਈ ਦੇ ਹਰ ਆਗੂ ਦੀ ਜ਼ਮਾਨਤ ਮਨਜ਼ੂਰ ਕਰ ਰਹੇ ਹਨ। ਉਂਝ ਜਿਸ ਤਰ੍ਹਾਂ ਜਨਰਲ ਮੁਨੀਰ ਇਮਰਾਨ ਖ਼ਾਨ ਨੂੰ ਦੋਸ਼ੀ ਕਰਾਰ ਦੇ ਕੇ ਸਿਆਸਤ ਤੋਂ ਲਾਂਭੇ ਕਰਨ ’ਤੇ ਤੁਲੇ ਹੋਏ ਹਨ, ਉਸ ਨਾਲ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਨਾਲੋਂ ਨਾਤਾ ਤੋੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਈਐਮਐਫ ਨੇ ਪਾਕਿਸਤਾਨ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਹੋਇਆ ਹੈ ਜਿਸ ਕਰ ਕੇ ਸੰਭਾਵੀ ਦਾਨੀਆਂ ਨੇ ਵੀ ਆਪਣੇ ਹੱਥ ਘੁੱਟ ਰੱਖੇ ਹਨ। ਪਾਕਿਸਤਾਨ ਕੋਲ ਇਸ ਵੇਲੇ ਮਸਾਂ ਇਕ ਮਹੀਨੇ ਦੀਆਂ ਦਰਾਮਦਾਂ ਦੀ ਪੂਰਤੀ ਕਰਨ ਜੋਗੀ ਵਿਦੇਸ਼ੀ ਮੁਦਰਾ ਬਚੀ ਹੈ। ਪਾਕਿਸਤਾਨ ਦੀ ਮੌਜੂਦਾ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਿਆਂ ਆਈਐਮਐਫ ਦੇ ਇਕ ਸੀਨੀਅਰ ਅਹਿਲਕਾਰ ਨੇ ਹਾਲ ਹੀ ਵਿਚ ਆਖਿਆ ਸੀ ਕਿ ਪਾਕਿਸਤਾਨ ਲਈ ਕੁਝ ਤਕਲੀਫ਼ਦੇਹ ਸੁਧਾਰ ਕਰਨ ਲਈ ਕਦਮ ਪੁੱਟਣੇ ਜ਼ਰੂਰੀ ਹਨ ਤਾਂ ਕਿ ਆਈਐਮਐਫ ਤੋਂ ਇਮਦਾਦ ਦਾ ਰਾਹ ਸਾਫ਼ ਹੋ ਸਕੇ। ਸਾਲ 2022-23 ਦੌਰਾਨ ਪਾਕਿਸਤਾਨ ਦੇ ਅਰਥਚਾਰੇ ਵਿਚ 0.3 ਫ਼ੀਸਦ ਵਾਧਾ ਹੋਇਆ ਸੀ ਅਤੇ ਪਿਛਲੇ ਸਾਲ ਇਸ ਦੀ ਪ੍ਰਤੀ ਜੀਅ ਆਮਦਨ ਵਿਚ ਵੀ ਕਮੀ ਆਈ ਸੀ। ਇਹ ਗੱਲ ਸਾਫ਼ ਹੈ ਕਿ ਇਨ੍ਹਾਂ ਹਾਲਾਤ ਵਿਚ ਪਾਕਿਸਤਾਨ ਨੂੰ ਭਾਰਤ ਖਿਲਾਫ਼ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਵਿਚ ਬਹੁਤ ਇਹਤਿਆਤ ਵਰਤਣੀ ਪਵੇਗੀ। ਪਾਕਿਸਤਾਨ ਦੇ ਸਾਬਕਾ ਥਲ ਸੈਨਾ ਮੁਖੀ ਜਨਰਲ ਬਾਜਵਾ ਨੇ ਆਖਿਆ ਸੀ ਕਿ ਦਹਿਸ਼ਤਗਰਦੀ ਦੀ ਪੁਸ਼ਤ-ਪਨਾਹੀ ਕਰਨ ਕਰ ਕੇ ਪਾਕਿਸਤਾਨ ਨੇ ਮੁਸੀਬਤਾਂ ਹੀ ਖੱਟੀਆਂ ਸਨ ਅਤੇ ਕੌਮਾਂਤਰੀ ਭਾਈਚਾਰੇ ਨਾਲ ਇਸਲਾਮਾਬਾਦ ਦ ਸਬੰਧਾਂ ਵਿਚ ਵੀ ਦਿੱਕਤਾਂ ਪੈਦਾ ਹੋਈਆਂ ਹਨ। ਇੰਝ ਉਨ੍ਹਾਂ ਇਹ ਪ੍ਰਵਾਨ ਕੀਤਾ ਸੀ ਕਿ ਪਾਕਿਸਤਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਬਲੋਚ ਵੱਖਵਾਦੀਆਂ ਦੇ ਰੂਪ ਵਿਚ ਆਪਣੀਆਂ ਸਰਹੱਦਾਂ ’ਤੇ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ਦੋਸ਼ ਲਾਉਂਦਾ ਰਿਹਾ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਭਾਰਤ ਦਾ ਹੱਥ ਰਿਹਾ ਹੈ। ਭਾਰਤ ਵਲੋਂ ਇਰਾਨ ਦੀ ਚਾਬਹਾਰ ਬੰਦਰਗਾਹ ਰਾਹੀਂ ਅਫ਼ਗਾਨਿਸਤਾਨ ਨੂੰ ਭਾਰਤ ਵਲੋਂ ਕਣਕ ਸਪਲਾਈ ਕੀਤੇ ਜਾਣ ਬਦਲੇ ਤਾਲਿਬਾਨ ਲੀਡਰਸ਼ਿਪ ਵਲੋਂ ਕੀਤੀ ਜਾ ਰਹੀ ਤਾਰੀਫ਼ ਦਾ ਪਾਕਿਸਤਾਨ ਨੇ ਵੀ ਨੋਟਿਸ ਲਿਆ ਹੈ।
ਪਾਕਿਸਤਾਨ ਨਾਲ ਨਜਿੱਠਦੇ ਹੋਏ ਭਾਰਤ ਨੂੰ ਚੀਨ ਨਾਲ ਲਗਦੀਆਂ ਆਪਣੀਆ ਸਰਹੱਦਾਂ ’ਤੇ ਦਰਪੇਸ਼ ਮੁਸ਼ਕਲਾਂ ਨਾਲੋਂ ਤੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਪਾਕਿਸਤਾਨ ਚੀਨ ਨੂੰ ਆਪਣਾ ‘ਸਦਾਬਹਾਰ ਦੋਸਤ’ ਗਿਣਦਾ ਹੈ। ਚੀਨ ਪਾਕਿਸਤਾਨ ਦੀ ਸਮੁੰਦਰੀ ਅਤੇ ਹਵਾਈ ਸੈਨਾ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਹੈ ਪਰ ਦਿੱਕਤ ਇਹ ਹੈ ਕਿ ਇਸ ਦੀਆਂ ਪੱਛਮੀ ਸਰਹੱਦਾਂ ’ਤੇ ਪਾਕਿਸਤਾਨ ਦੀਵਾਲੀਏਪਣ ਦੇ ਕੰਢੇ ’ਤੇ ਪਹੁੰਚ ਗਿਆ ਹੈ ਜਿਸ ਕਰ ਕੇ ਭਾਰਤ ਨੂੰ ਚੀਨ ਨਾਲ ਲਗਦੀਆਂ ਆਪਣੀਆਂ ਸਰਹੱਦਾਂ ’ਤੇ ਦਰਪੇਸ਼ ਮੁਸ਼ਕਲਾਂ ਨਾਲ ਨਜਿੱਠਣ ਲਈ ਵਧੇਰੇ ਰਣਨੀਤਕ ਸਪੇਸ ਮਿਲ ਰਹੀ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੈਸ਼ੰਕਰ ਨੇ ਆਖਿਆ ਹੈ ਕਿ ਚੀਨ ਨਾਲ ਆਮ ਵਰਗੇ ਸਬੰਧ ਉਦੋਂ ਤੱਕ ਬਹਾਲ ਨਹੀਂ ਹੋ ਸਕਦੇ ਜਦੋਂ ਤੱਕ ਚੀਨੀ ਗਲਵਾਨ ਵਾਦੀ ਵਿਚ ਕਬਜ਼ੇ ਹੇਠ ਲਏ ਇਲਾਕਿਆਂ ’ਚੋਂ ਵਾਪਸ ਨਹੀਂ ਚਲੇ ਜਾਂਦੇ। ਇਸੇ ਦੌਰਾਨ, ਭਾਰਤ ਪਿਛਲੇ ਸਾਲ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਘੁਸਪੈਠ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸਾਲ ਜਦੋਂ ਨਵੀਂ ਦਿੱਲੀ ਵਿਚ ਹੋਣ ਵਾਲੀ ਜੀ20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਆਉਣਗੇ ਤਾਂ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਉਹ ਕਿਹੋ ਜਿਹਾ ਰੁਖ਼ ਅਪਣਾਉਂਦੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਸਰਹੱਦੀ ਝੜਪਾਂ ਤੇ ਤਣਾਅ ਕਾਫ਼ੀ ਵਧਿਆ ਹੈ। ਉਨ੍ਹਾਂ ਦੀ ਇਸ ਪਹੁੰਚ ਨਾਲ ਭਾਰਤ ਦਾ ਇਰਾਦਾ ਹੋਰ ਸਖ਼ਤ ਹੋਇਆ ਹੈ ਕਿ ਚੀਨ ਵਲੋਂ ਸਰਹੱਦੀ ਖੇਤਰਾਂ ਵਿਚ ਘੁਸਪੈਠ ਦਾ ਟਾਕਰਾ ਕੀਤਾ ਜਾਵੇ। ਇਸ ਦੇ ਨਾਲ ਹੀ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਵਧ ਰਿਹਾ ਹੈ ਤਾਂ ਕਿ ਹਿੰਦ ਪ੍ਰਸ਼ਾਂਤ ਖਿੱਤੇ ਅੰਦਰ ਚੀਨ ਦੀ ਫ਼ੌਜੀ ਤਾਕਤ ਦਾ ਸਾਹਮਣਾ ਕੀਤਾ ਜਾ ਸਕੇ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਦੇ ਹਾਲੀਆ ਭਾਰਤ ਦੌਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਦੀ ਹੋਣ ਵਾਲੀ ਵਾਸ਼ਿੰਗਟਨ ਫੇਰੀ ਤੋਂ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।