ਗ਼ਜ਼ਲ/ਜਦ ਤੋਂ ਯਾਰੋ /ਮਹਿੰਦਰ ਸਿੰਘ ਮਾਨ

ਜਦ ਤੋਂ ਯਾਰੋ ਸਾਲ ਨਵਾਂ ਇਹ ਚੜ੍ਹਿਆ ਹੈ,
ਸਾਨੂੰ ਗਿਰਝਾਂ ਵਾਂਗ ਗ਼ਮਾਂ ਨੇ ਫੜਿਆ ਹੈ।

ਖੋਰੇ ਕਿਹੜਾ ਇਸ ਬਾਗ ’ਚ ਆ ਵੜਿਆ ਹੈ,
ਹਰ ਬੂਟੇ ਦਾ ਪੱਤਾ ਪੱਤਾ ਝੜਿਆ ਹੈ।

ਜਿਸ ਦੇ ਮੂੰਹ ਤੇ ਰਹਿੰਦੀ ਸੀ ਮੁਸਕਾਨ ਸਦਾ,
ਖੋਰੇ ਅੱਜ ਉਹ ਕਿਉਂ ਗੁੱਸੇ ਵਿੱਚ ਸੜਿਆ ਹੈ?

ਕਿਹੜੇ ਨੂੰ ਪੂਜਾਂ, ਕਿਹੜੇ ਨੂੰ ਛੱਡਾਂ ਮੈਂ?
ਇੱਥੇ ਹਰ ਇਕ ਨੇ ਰੱਬ ਆਪਣਾ ਘੜਿਆ ਹੈ।

ਜਦ ਵੀ ਸਾਡੇ ਸਿਰ ਤੇ ਆਫਤ ਆਈ ਹੈ,
ਸਾਡੇ ਨਾ’ ਕੋਈ ਟਾਵਾਂ ਹੀ ਖੜਿਆ ਹੈ।

ਤੂੰ ਤੱਕ ਕੇ ਨ੍ਹੈਰੇ ਨੂੰ ਛੱਡ ਨਾ ਦਿਲ ਐਵੇਂ,
ਹਿੰਮਤ ਅੱਗੇ ਕਿਹੜਾ ਨ੍ਹੇਰਾ ਅੜਿਆ ਹੈ?

ਉਸ ਵਰਗਾ ਹੋਰ ਨਹੀਂ ਕੋਈ ਬਣ ਸਕਦਾ,
ਜਿਹੜਾ ਲੋਕਾਂ ਖਾਤਰ ਫਾਂਸੀ ਚੜ੍ਹਿਆ ਹੈ।

***
ਜੇ ਨਾ ਪਾਂਦਾ ਮੈਂ / ਗ਼ਜ਼ਲ
ਜੇ ਨਾ ਪਾਂਦਾ ਮੈਂ ਆਪਣੇ ਦਿਲ ਦੀ ਗੱਲ ਤੇ ਪਰਦਾ ,
ਖੌਰੇ ਕਿਸ ਕਿਸ ਕੋਲ ਖਲੋ ਕੇ ਉਹ ਇਸ ਨੂੰ ਕਰਦਾ ।

ਲੱਗਦਾ ਹੈ ਉਸ ਬੰਦੇ ਦੀ ਮੱਤ ਗਈ ਹੈ ਮਾਰੀ ,
ਜਿਸ ਨੂੰ ਕੋਈ ਵੀ ਫਿਕਰ ਨਹੀਂ ਹੈ ਆਪਣੇ ਘਰ ਦਾ ।

ਜੇ ਚਿੜੀਆਂ ਦੀ ਡਾਰ ਇਕੱਠੀ ਉਸ ਨੂੰ ਨਾ ਫੜਦੀ ,
ਤਾਂ ਬਾਜ਼ ਹਰੇਕ ਚਿੜੀ ਨੂੰ ਮਰਨੇ ਜੋਗੀ ਕਰਦਾ ।

ਗ਼ਮ ਦੇ ਖ਼ਾਰਾਂ ਦੀ ਪੀੜਾ ਵੀ ਜਰ ਕੇ ਵੇਖ ਜ਼ਰਾ ,
ਯਾਰਾ, ਖੁਸ਼ੀਆਂ ਦੇ ਫੁੱਲਾਂ ਤੇ ਕਿਉਂ ਜਾਏਂ ਮਰਦਾ ?

ਦਿਲ ਮੇਰੇ ਵਿੱਚ ਹਾਲੇ ਵੀ ਆਸ਼ਾ ਦਾ ਦੀਪ ਜਗੇ ,
ਭਾਵੇਂ ਅੱਜ ਤੱਕ ਮੈਂ ਹਰ ਇਕ ਖੇਡ ਰਿਹਾ ਹਾਂ ਹਰਦਾ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

ਸਾਂਝਾ ਕਰੋ

ਪੜ੍ਹੋ

ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਨੇ ਖੁਦ

– ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵਿੱਚੋਂ ਬਾਹਰ...