ਪਲਕਾਂ ਜਦੋਂ ਝਪਕਦੀਆਂ ਨੇ
ਬਹੁਤ ਕੁਝ ਸੋਚਦੀਆਂ ਨੇ
ਬਹੁਤ ਕੁਝ ਸਮਝਦੀਆਂ ਨੇ
ਥੋੜਾ ਥੋੜਾ ਕਹਿੰਦੀਆਂ ਨੇ
ਬਹੁਤ ਕੁਝ ਦੇਖਦੀਆਂ ਨੇ
ਪਰਬਤੋਂ ਭਾਰੇ ਦੁੱਖਾਂ ਨੂੰ ਸਹਿਦੀਆਂ ਨੇ
ਕਦੀ ਕਦੀ ਕੁੱਝ ਕਰਨ ਲਈ ਲੋਚਦੀਆਂ ਨੇ
ਪਰ ਬੋਲ ਨਹੀਂ ਸਕਦੀਆਂ
ਸਿਰਫ ਹੰਝੂ ਕੇਰ ਸਕਦੀਆਂ ਨੇ
ਜੋ ਗੰਮ ਦੇ, ਕਦੇ ਕਦੇ ਖੁਸ਼ੀ ਦੇ ਵੀ ਹੁੰਦੇ ਨੇ
ਪਲਕਾਂ ਦਾ ਝਪਕਣਾ
ਛੱਤਰੀ ਹੁੰਦੀ ਏ ਅੱਖਾਂ ਦੀ
ਸੁਹੱਪਣ ਹੁੰਦਾ ਏ ਨੈਣਾਂ ਦਾ
ਇਹ ਪ੍ਰਮਾਣ ਹੁੰਦਾ ਏ
ਸੁਜਾਖੇ ਹੋਣ ਦਾ
ਜਾਗਦੇ ਰਹਿਣ ਦਾ
ਸਬੂਤ ਹੁੰਦਾ ਏ
ਜਿਉਂਦੇ ਹੋਣ ਦਾ
ਪਲਕਾਂ ਨਾ ਝਪਕਣਾ
ਇਸ ਨੂੰ ਟਿਕਟਿਕੀ ਕਹਿੰਦੇ ਨੇ
ਟਿਕਟਿਕੀ ਵਾਲੇ ਮਨੁੱਖ
ਅੱਜ ਨਹੀਂ ਬੀਤੇ ਬਾਰੇ ਸੋਚਦੇ ਨੇ
ਉਹ ਲੋਕਾਂ ਦੀ ਨਹੀਂ
ਮਨ ਦੀ ਬਾਤ ਸੁਣਦੇ ਨੇ
ਜੋ ਅਤੀਤ ਨੂੰ ਨਿਹਾਰਦੇ ਨੇ
ਵਰਤਮਾਨ ਨੂੰ ਨਕਾਰਦੇ ਨੇ
ਪਲਕਾਂ ਨਾ ਝਪਕਣਾ
ਮਨੁੱਖ ਦੇ ਅੰਤ ਦਾ ਪ੍ਰਤੀਕ ਨੇ
ਆਓ ਪਲਕਾਂ ਝਪਕੀਏ
ਟਿਕਟਿਕੀ ਤੋੜੀਏ
ਵਕਤ ਦੇ ਪਹੀਏ ਨੂੰ ਪਿਛਾਂਹ ਨਹੀਂ
ਅਗਾਂਹ ਨੂੰ ਤੋਰੀਏ
ਸੁਖਦੇਵ ਫਗਵਾੜਾ
9872636037