ਪੁਸਤਕ ਸਮੀਖਿਆ / “ਵਲਾਇਤੋਂ ਨਿਕ-ਸੁਕ”/ ਪ੍ਰੋ: ਰਣਜੀਤ ਧੀਰ

ਪੁਸਤਕ ਦਾ ਨਾਮ:-       ਵਲਾਇਤੋਂ ਨਿਕ-ਸੁਕ

ਲੇਖਕ ਦਾ ਨਾਮ:-         ਪ੍ਰੋ: ਰਣਜੀਤ ਧੀਰ

ਪਬਲਿਸ਼ਰ:-              ਨਵਯੁਗ ਪਬਲਿਸ਼ਰਜ਼, ਦਿੱਲੀ

ਕੀਮਤ:-                  350/- ਰਪਏ

ਪ੍ਰੋ: ਰਣਜੀਤ ਧੀਰ ਨੇ  “ਵਲਾਇਤੋਂ ਨਿਕ-ਸੁਕ” ਪੁਸਤਕ ਬਿਨ੍ਹਾਂ ਕਿਸੇ ਮੁੱਖ ਬੰਦ ਜਾਂ ਕਿਸੇ ਵਿਦਵਾਨ ਦੇ  ਪੁਸਤਕ ਬਾਰੇ ਵਿਚਾਰਾਂ ਦੇ ਪਾਠਕਾਂ ਸਾਹਵੇਂ ਇਸ ਢੰਗ ਨਾਲ ਪੇਸ਼ ਕੀਤੀ ਹੈ ਕਿ ਪਾਠਕ ਇਸ ਬਾਰੇ ਆਪ ਨਿਰਣਾ ਕਰਨ ਕਿ ਇਹ ਕਿਹੋ ਜਿਹੀ ਪੁਸਤਕ ਹੈ?

ਇਸ ਪੁਸਤਕ ਵਿੱਚ 22 ਲੇਖ ਹਨ।  ਪੁਸਤਕ ਦਾ ਹਰੇਕ ਵੰਨ-ਸੁਵੰਨਾ ਲੇਖ, ਇੱਕ ਦੂਜੇ ਦਾ ਪੂਰਕ ਜਾਪਦਾ ਹੈ। “ਭਾਈ ਕਾ ਭਗਤਾ, ਮੋਗਾ, ਚੰਡੀਗੜ੍ਹ, ਮੁਕਤਸਰ ਅਤੇ ਹੁਣ ਲੰਦਨ… ਕਿਥੋਂ ਤੁਰੇ ਅਤੇ ਕਿਥੇ ਆ ਗਏ” ਹੀ ਇਸ ਪੁਸਤਕ ਦਾ ਸਾਰ ਅੰਸ਼ ਜਾਪਦਾ ਹੈ। ਪ੍ਰੋ: ਰਣਜੀਤ ਧੀਰ ਨੇ  ਆਪਣੇ ਸ਼ਹਿਰੋਂ ਤੁਰਦਿਆਂ ਜੋ ਸੁਫਨੇ ਬਰਤਾਨੀਆ ਪਹੁੰਚਣ ਤੋਂ ਪਹਿਲਾਂ ਲਏ ਸਨ, ਆਪਦੀ ਜ਼ਿੰਦਗੀ ਦੇ 53 ਸਾਲਾਂ `ਚ ਪੂਰੇ ਤਾਂ ਕੀਤੇ ਹੀ ਹਨ, ਪਰ ਕੁਝ ਸਵਾਲ ਲੇਖਕ ਦੇ ਮਨ `ਚ ਇਹੋ ਜਿਹੇ ਹਨ ਜਿਹਨਾਂ ਦਾ ਜਵਾਬ ਦੇਣਾ ਲੇਖਕ ਅਨੁਸਾਰ  ਉਸਨੂੰ ਵੀ ਬਹੁਤ ਔਖਾ ਲੱਗਦਾ ਹੈ।

“ਭਾਰਤ ਆਉਂਦੇ-ਜਾਂਦੇ ਹਾਂ ਤਾਂ ਲੋਕ ਪੁੱਛਦੇ ਹਨ, ਕੀ ਖੱਟਿਆ ਅਤੇ ਕੀ ਗੁਆਇਆ? 53 ਸਾਲਾਂ ਦਾ ਲੇਖਾ-ਜੋਖਾ ਕੀ ਕਰੀਏ? ਅੱਗੇ ਸਾਡਾ ਕੀ ਭਵਿੱਖ ਹੈ? ਬੱਚਿਆਂ ਦਾ ਕੀ ਬਣਿਆ? ਇਹ ਹਿਸਾਬ-ਕਿਤਾਬ ਬਹੁਤ ਲੰਮਾ ਹੈ। ਸਿੱਧਾ ਜਵਾਬ ਦੇਣਾ ਬਹੁਤ ਔਖਾ ਹੈ।” ਇਹ ਲੇਖਕ ਦੇ ਵਿਚਾਰ ਹਨ।

 

ਪ੍ਰੋ: ਰਣਜੀਤ ਧੀਰ ਨੇ ਆਪਣੀ ਪੁਸਤਕ ਵਿੱਚ ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀਆਂ ਕੰਮਾਂ ਦੇ ਥਾਵਾਂ ਤੇ ਹਾਲਾਤਾਂ ਦੀ ਗੱਲ ਤਾਂ ਕੀਤੀ ਹੀ ਹੈ, ਉਹਨਾਂ ਦੇ ਪਰਿਵਾਰਾਂ `ਚ ਤਿੜਕੇ ਰਿਸ਼ਤਿਆਂ ਦੀ ਗੱਲ ਵੀ ਕੀਤੀ ਹੈ। ਪ੍ਰਵਾਸ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਦੇ ਵਰਕੇ ਵੀ ਲੇਖਕ ਨੇ ਫੋਲੇ ਹਨ ਅਤੇ ਹੰਢਾਈ ਮਾਨਸਿਕ ਪੀੜਾ ਦਾ ਜ਼ਿਕਰ ਵੀ ਥਾਂ-ਥਾਂ ਆਪਣੇ ਵੱਖੋ-ਵੱਖਰੇ ਲੇਖਾਂ ਵਿੱਚ ਕੀਤਾ ਹੈ।

“ਵਿਦੇਸ਼ਾਂ ਵਿੱਚ ਭਾਰਤੀਆਂ ਦਾ ਭਵਿੱਖ, ਵਿਦੇਸ਼ਾਂ ਵਿੱਚ ਬਹਿ-ਸਭਿਆਚਾਰਕ ਸਮਾਜਾਂ ਦੀ ਸਥਾਪਨਾ, ਵਿਦੇਸ਼ਾਂ ਵਿੱਚ ਪਹਿਲੀ ਪੀੜ੍ਹੀ ਦਾ ਸਭਿਆਚਾਰ, ਵਿਦੇਸ਼ਾਂ ਵਿੱਚ ਪੰਜਾਬੀ ਅਤੇ ਘੱਟ-ਗਿਣਤੀ ਭਾਸ਼ਾਵਾਂ ਦਾ ਭਵਿੱਖ” ਪਰਵਾਸੀਆਂ ਦੇ ਭਵਿੱਖ ਦੇ ਜੀਵਨ, ਜਿਥੇ ਉਹਨਾ ਦੀਆਂ ਮੁਸ਼ਕਲਾਂ, ਉਹਨਾ ਦੇ ਭਵਿੱਖ ਦੀ ਬਾਤ ਪਾਉਣ ਵਾਲੇ ਲੇਖ ਹਨ। ਉਥੇ ਬਹੁਤੇ ਲੇਖਾਂ ਵਿੱਚ ਭਾਰਤ ਦੇਸ਼ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ, ਦੇਸ਼ ਪ੍ਰਤੀ ਮੋਹ ਦੇ ਨਾਲ-ਨਾਲ ਦੇਸ਼  ਦੇ ਹਾਲਾਤ ‘ਚ ਆਏ ਨਿਘਾਰ ਦੀ ਗੱਲ ਲੇਖਕ ਵਲੋਂ ਲੇਖਾਂ ਵਿੱਚ ਕੀਤੀ ਗਈ ਹੈ।

ਛੋਟੇ-ਛੋਟੇ ਵਾਕਾਂ ‘ਚ ਲਿਖੇ ਪ੍ਰੋ; ਰਣਜੀਤ ਧੀਰ ਦੇ ਲੇਖ ਰੌਚਕ ਹਨ। ਲੇਖਾਂ ਵਿੱਚ ਕਿਧਰੇ ਕੋਈ ਵਾਧੂ ਸ਼ਬਦ ਨਹੀਂ, ਵਿਚਾਰਾਂ ਦਾ ਖਿਲਾਰਾ ਨਹੀਂ। ਲੇਖ ਸਿੱਧੇ-ਸਪਾਟ ਗਤੀ ਨਾਲ ਤੁਰਦੇ ਵਿਚਾਰ-ਦਰ-ਵਿਚਾਰ, ਪਾਠਕ ਦੀ ਉਂਗਲੀ ਫੜ ਉਸਦੇ ਮਨ-ਮਸਤਕ ਵਿੱਚ ਆਪਣੀ ਥਾਂ ਬਣਾਉਂਦੇ ਜਾਂਦੇ ਹਨ।

ਪ੍ਰਸਿੱਧ ਲੇਖਕ ਅਤੇ ਵਾਰਤਾਕਾਰ ਪ੍ਰੋ; ਰਣਜੀਤ ਧੀਰ ਦੀ ਪੁਸਤਕ “ਵਲਾਇਤੋਂ ਨਿਕ-ਸੁਕ’ ਪੜ੍ਹਨ ਯੋਗ ਪੁਸਤਕ ਹੈ। ਘਰੇਲੂ ਲਾਇਬ੍ਰੇਰੀ ‘ਚ ਸੁਚੱਜੇ ਥਾਂ ਰੱਖਣ ਯੋਗ ਹੈ।

-ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ

ਕੈਨੇਡਾ ‘ਚ ਭੁੱਖੇ ਮਰ ਰਹੇ ਨੇ ਲੋਕ

ਕੈਨੇਡਾ, 22 ਨਵੰਬਰ – ਇਨ੍ਹੀਂ ਦਿਨੀਂ ਕੈਨੇਡਾ ਭਾਰੀ ਮਹਿੰਗਾਈ ਨਾਲ...