ਲੇਖਕ- ਸੁੱਚਾ ਸਿੰਘ ਕਲੇਰ
ਸਫ਼ੇ- 184
ਕੀਮਤ- 300 ਰੁਪਏ, ਕੈਨੇਡਾ 15 ਡਾਲਰ
ਪ੍ਰਕਾਸ਼ਕ – ਕੇ .ਜੀ. ਗ੍ਰਾਫਿਕਸ ਅੰਮ੍ਰਿਸਤਰ
ਟਾਈਟਲ ਚਿਤਰਣ- ਬਿੰਦੂ ਮਠਾਰੂ, ਸਰ੍ਹੀ ਬੀ.ਸੀ.
ਸੁੱਚਾ ਸਿੰਘ ਕਲੇਰ ਲਿਖਤ ‘ਤੋਰਾ ਫੇਰਾ’ ਸਫ਼ਰਨਾਮਾ ਹੈ। ਜਿਵੇਂ ਕਿ ਪੁਸਤਕ ਦੇ ਮੁੱਖ ਬੰਦ ਵਿੱਚ ਜਰਨੈਲ ਸਿੰਘ ਸੇਖਾ ਨੇ ਲਿਖਿਆ ਹੈ, “ਸਫ਼ਰਨਾਮਾ ਦਾ ਮੰਤਵ ਹੁੰਦਾ ਹੈ ਨਵੀਂ ਦੁਨੀਆ ਦੀਆਂ ਨਵੀਆਂ ਥਾਵਾਂ ਦਾ ਨਵਾਂ ਇਤਿਹਾਸ ਤੇ ਨਵਾਂ ਸਭਿਆਚਾਰ ਜਾਨਣਾ। ਕਿਸੇ ਖੋਜ ਦੇ ਮੰਤਵ ਨਾਲ ਜਾਂ ਸ਼ੌਕੀਆ ਸੈਲਾਨੀ ਬਣ ਵਿਚਰਨਾ ਅਤੇ ਉਸ ਬਾਰੇ ਆਪਣੇ ਤਾਸਰਾਤ ਲਿਖ ਦੇਣੇ” ਇਸ ਮੰਤਵ ਨੂੰ ਸੁੱਚਾ ਸਿੰਘ ਕਲੇਰ ਨੇ ਪੂਰਿਆਂ ਕੀਤਾ ਹੈ ਅਤੇ ਸਾਹਿੱਤ ਦੀ ਬਹੁਤ ਹੀ ਹਰਮਨ ਪਿਆਰਾ ਵਿਧਾ “ਸਫ਼ਰਨਾਮਾ’ ਨਾਲ ਨਿਭਾਇਆ ਵੀ ਹੈ।
ਸੁੱਚਾ ਸਿੰਘ ਕਲੇਰ ਨੇ ਆਪਣੇ ਸਫ਼ਰਨਾਮਾ “ਤੋਰਾ ਫੇਰਾ” ਵਿੱਚ ਦੇਸ਼-ਵਿਦੇਸ਼ ਦੀਆਂ 15 ਫੇਰੀਆਂ ਦਾ ਜ਼ਿਕਰ ਕੀਤਾ ਹੈ। ਇਹਨਾ ਫੇਰੀਆਂ ‘ਚ ਉਹ ਇੰਡੀਆ ਦੇ ਵੱਖ-ਵੱਖ ਥਾਵੀਂ ਵੀ ਘੁੰਮਿਆ, ਕੈਨੇਡਾ, ਅਮਰੀਕਾ, ਲੰਦਨ ਵੀ ਗਿਆ। ਇਹ ਫੇਰੀਆਂ ਉਸਦੇ ਕਿੱਤੇ ਨਾਲ ਸਬੰਧਤ ਵੀ ਸਨ ਅਤੇ ਘਰੇਲੂ ਤੇ ਨਿੱਜੀ ਵੀ। ਪਰ ਹਰ ਫੇਰੀ ‘ਚ ਉਸਨੇ, ਜਿਥੇ ਵੀ ਉਹ ਗਿਆ, ਰੌਚਕਤਾ ਨਾਲ ਉਹਨਾ ਥਾਵਾਂ ਤੇ ਘਟਨਾਵਾਂ ਦਾ ਵਰਨਣ ਕੀਤਾ ਹੈ, ਜਿਸ ਤੋਂ ਉਹ ਪ੍ਰਭਾਵਤ ਹੋਇਆ।
ਸੁੱਚਾ ਸਿੰਘ ਕਲੇਰ ਨੇ ਜਿਥੇ ਵੀ ਭਾਵੇਂ ਮਿੱਥ ਕੇ ਯਾਤਰਾ ਕੀਤੀ, ਭਾਵੇਂ ਸੁਭਾਵਕ ਹੀ ਉਹਨਾ ਰੌਚਿਕ ਘਟਨਾਵਾਂ ਨੂੰ ਕਲਮ ਬੰਦ ਕੀਤਾ, ਜਿਹੜੀਆਂ ਉਹਦੇ ਮਨ ਨੂੰ ਲੱਗੀਆਂ। “ਤੋਰਾ ਫੇਰਾ” ‘ਚ ਉਸਦੇ ਅਨੇਕਾਂ ਲੋਕਾਂ ਨਾਲ ਸੰਪਰਕ ਬਣੇ, ਸਾਂਝਾਂ ਬਣੀਆਂ, ਇਹਨਾ ਸੰਪਰਕਾਂ, ਘਟਨਾਵਾਂ ਦਾ ਵਰਨਣ ਉਸ ਆਪਣੇ ਸਫ਼ਰਨਾਮੇ ਦੇ ਲੇਖਾਂ ਵਿੱਚ ਕੀਤਾ ਹੈ।
ਜ਼ਿੰਦਗੀ ਦੇ ਸੰਘਰਸ਼ ਭਰਪੂਰ ਪੜਾਅ ਪਾਰ ਕਰਨ ਵਾਲੇ ਸੁੱਚਾ ਸਿੰਘ ਕਲੇਰ ਨੇ ਪੰਜਾਬੋਂ ਪੈਰ ਪੁੱਟਿਆ, ਬਰਤਾਨੀਆ ਪੁੱਜਿਆ, ਉਥੋਂ ਕੈਨੇਡਾ ਪੁੱਜਾ। ਪਰਵਾਸ ਦੇ ਲੰਮੇ ਵਰ੍ਹਿਆਂ ਨੇ ਉਸਨੂੰ ਤਜ਼ਰਬੇਕਾਰ ਕਾਰੋਬਾਰੀ ਬਣਾਇਆ। ਪਰ ਕਾਰੋਬਾਰੀ ਨਾਲੋਂ ਵੱਧ ਉਸਨੇ ਮਨ-ਮਸਤਕ ਵਿੱਚ ਤਜ਼ਰਬਿਆਂ ਨੂੰ ਕਲਮ ਦੀ ਨੋਕ ਨਾਲ ਪਾਠਕਾਂ ਨਾਲ ਸਾਂਝ ਪਾਉਣ ਲਈ ਲਗਾਤਾਰ ਲਿਖਤਾਂ ਲਿਖਣ ਨੂੰ ਪਹਿਲ ਦਿੱਤੀ।
“ਤੋਰਾ ਫੇਰਾ” ਇੱਕ ਸਫ਼ਲ ਸਫ਼ਰਨਾਮਾ ਹੈ, ਜੋ ਪਰਤ-ਦਰ-ਪਰਤ ਪੜ੍ਹਿਆਂ, ਕੁਝ ਨਵਾਂ ਸਿੱਖਣ ਦਾ ਸਾਧਨ ਬਣਿਆ ਹੈ।