
ਮਨੁੱਖੀ ਜ਼ਿੰਦਗੀ ਦੇ ਅਰਥ ਵਿਸ਼ਾਲ ਹਨ। ਮਨੁੱਖ ਅਮਲ ਵਿਚ ਪੈ ਕੇ ਸਮਾਜ, ਦਰਸ਼ਨ ਅਤੇ ਇਤਿਹਾਸ ਦੀ ਸਿਰਜਣਾ ਕਰਦਾ ਹੈ। ਇਹੋ ਸਿਰਜਣਾ ਉਸਨੂੰ ਜਿੱਤ ਦਾ ਅਹਿਸਾਸ ਕਰਾਉਂਦੀ ਹੈ। ਉਹ ਖੁਸ਼ ਹੁੰਦਾ ਹੈ। ਜਦੋਂ ਹਾਰ ਜਾਂਦਾ ਹੈ। ਉਹ ਉਦਾਸ ਹੁੰਦਾ ਹੈ। ਖੁਸ਼ੀ-ਉਦਾਸੀ, ਜਿੱਤ-ਹਾਰ ਦਾ ਵਰਤਾਰਾ ਸ਼ਾਇਰ ਦੀ ਸ਼ਾਇਰੀ ਦਾ ਮੁੱਢ ਬੰਨਦਾ ਹੈ।
ਕਮਲ ਬੰਗਾ ਸੈਕਰਾਮੈਂਟੋ ਦਾ ਕਾਵਿ-ਸੰਗਿ੍ਰਹ ਨਵੀਂ-ਰੌਸ਼ਨੀ ਇਸੇ ਵਿਚਾਰਧਾਰਾ ਦੀ ਤਰਜ਼ਮਾਨੀ ਕਰਦਾ ਹੈ। ਨਵੀਂ-ਰੌਸ਼ਨੀ ਸੰਵਾਦ ਰਚਾਉਂਦੀ ਹੈ, ਝੂਠ-ਸੱਚ ਦਾ ਨਿਤਾਰਾ ਕਰਦੀ ਹੈ, ਉਲਾਰ ਵਿਚਾਰਾਂ ਤੋਂ ਦੂਰ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਮਝਦੀ ਹੈ।
ਕਵੀ ਕਮਲ ਬੰਗਾ, ਬੇਢੰਗੇ, ਕੁਢੱਬੇ, ਕਰੂਪ, ਕਰੂਰ, ਕਮੀਨਗੀ ਨਾਲ ਲੁਪਤ ਸਮਾਜ ਵਿਚਲੀਆਂ ਊਣਤਾਈਆਂ ਨੂੰ ਆਪਣੀ ਕਲਮ ਨਾਲ ਚਿਤਰਦਾ ਹੈ। ਉਹਦੀ ਸਮਝ ਹੈ ਕਿ ਸਾਹਿਤ ਮਨਪ੍ਰਚਾਵੇ ਦਾ ਸਾਧਨ ਨਹੀਂ ਹੈ। ਇਹ ਜ਼ਿੰਦਗੀ ਦੀਆਂ ਤਲਖ਼ੀਆਂ, ਹਕੀਕਤਾਂ ਨਾਲ ਦੋ ਚਾਰ ਹੋਣਾ ਹੈ। ਸਾਹਿਤ ਹਲੂਣਾ ਵੀ ਦਿੰਦਾ ਹੈ, ਹੁਲਾਸ ਵੀ। ਕਮਲ ਬੰਗਾ ਦੀਆਂ ਕਵਿਤਾਵਾਂ ਕਰੂਰ, ਪਖੰਡੀ, ਬੇਈਮਾਨ, ਮੱਕਾਰ, ਲੁੱਚੇ ਅਤੇ ਨਿਰਦਈ ਲੋਕਾਂ ਦਾ ਪਰਦਾਫਾਸ਼ ਕਰਦੀਆਂ ਹਨ ਅਤੇ ਜ਼ਿੰਦਗੀ ਦੀ ਵਾਸਵਿਕਤਾ ਦਾ ਵਰਨਣ ਕਰਦੀਆਂ ਹਨ।
ਕਮਲ ਬੰਗਾ ਰਾਜਨੀਤਿਕ ਲੁਟੇਰਿਆਂ, ਪਾਖੰਡੀ ਭੇਖੀ ਸਾਧਾਂ, ਰਿਸ਼ਤਖੋਰਾਂ, ਮਾਨਵ ਵਿਰੋਧੀ ਹਰ ਤਰਾਂ ਦੇ ਕਿਰਦਾਰਾਂ ਵਿਰੁੱਧ ਆਪਣੀ ਆਵਾਜ਼ ਤਿੱਖੀ ਸੁਰ ਨਾਲ ਉਠਾਉਂਦਾ ਹੈ। ਉਸਦੀ ਕਵਿਤਾ ਦੇ ਵਿਸ਼ੇ ਗੰਭੀਰ ਹਨ। ਉਹ ਸੰਪੂਰਨ ਆਜ਼ਾਦੀ ਦੀ ਬਾਤ ਪਾਉਂਦਾ ਹੈ। ਉਹ ਸੱਚ, ਝੂਠ, ਸਧਰਾਂ, ਕਿਰਤ, ਰੋਟੀ, ਸੋਚ, ਮਾਂ-ਬੋਲੀ, ਸੁਪਨੇ, ਘਰ, ਪਿਆਰ, ਬੱਚੇ, ਮਿੱਟੀ ਦੀ ਖੁਸ਼ਬੂ, ਵਣਜ ਵਪਾਰ ਕਿਰਤ, ਇਨਸਾਫ਼, ਲੋਕ-ਸੱਥ ਆਦਿ ਸਾਡੀ ਵਿਰਾਸਤੀ ਧਰੋਹਰ ਦੇ ਸੰਕਲਪਾਂ ਦੇ ਅਲੋਪ ਹੋਣ ’ਤੋ ਚਿੰਤਾ ਪ੍ਰਗਟ ਕਰਦਾ ਹੈ।
ਸਾਹਿਤ ਕੇਵਲ ਸ਼ੀਸ਼ਾ ਨਹੀਂ ਸਗੋਂ ਸ਼ੀਸ਼ੇ ਵਿਚ ਸਮਾਜ ਦੇ ਵਿਗੜੇ ਅਕਸ ਨੂੰ ਵੇਖ ਕੇ ਠੀਕ ਕਰਨ ਲਈ ਇਕ ਹਥਿਆਰ ਜਾਂ ਇਕ ਸੰਦ ਵੀ ਹੈ। ਮਨੁੱਖ ਦੇ ਮਨੁੱਖ ਨਾਲ ਕੀ ਸਬੰਧ ਹਨ, ਮਨੁੱਖ ਦਾ ਕੁਦਰਤ ਨਾਲ ਕੀ ਸਬੰਧ ਹੈ, ਮਨੁੱਖ ਦੇ ਉਸਦੇ ਆਪਣੇ ਸਮਾਜਿਕ, ਇਤਿਹਾਸਕ ਅਤੇ ਵਿਰਾਸਤੀ ਸਬੰਧ ਕਿਹੋ ਜਿਹੇ ਹਨ, ਇਸ ਦਾ ਚਿੰਤਨ ਕਰਨਾ ਲੇਖਕ/ਸ਼ਾਇਰ ਦੀ ਜ਼ੁੰਮੇਵਾਰੀ ਹੈ। ਕਮਲ ਬੰਗਾ ਇਹ ਜ਼ੁੰਮੇਵਾਰੀ ਨਿਭਾਉਂਦਾ ਹੈ। ਉਹ ਸਵਾਲ ਖੜੇ ਕਰਦਾ ਹੈ, ਸਵਾਲਾਂ ਦੇ ਕਾਰਨਾਂ ਦੀ ਘੋਖ ਕਰਦਾ ਹੈ, ਸਾਜ਼ਿਸ਼ੀ ਚਾਲਾਂ ਦਾ ਪਰਦਾਫਾਸ਼ ਕਰਦਾ ਹੈ ਅਤੇ ਫਿਰ ਉਹਨਾਂ ਦੇ ਜਵਾਬ ਦਿੰਦਾ ਹੈ। ਪੂਰੇ ਵਿਸ਼ਵਾਸ, ਭਰੋਸੇ, ਹਿੰਮਤ ਨਾਲ ਕਮਲ ਬੰਗਾ ਨੇ ਕਾਵਿ-ਸਿਰਜਣਾ ਕੀਤੀ ਹੈ। ਬੰਗਾ ਨੇ ਸਿਰਜਣਾ ਦੇ ਕਲਿਆਣਕਾਰੀ ਸੰਕਲਪ ਦੀ ਪੂਰਤੀ ਲਈ ਇਸ ਨੂੰ ਪਾਠ-ਅਨੰਦ ਦੇ ਪੜਾ ਤੱਕ ਪਹੁੰਚਾ ਦਿੱਤਾ ਹੈ। ਕਮਲ ਬੰਗਾ ਦੇ ਲਿਖੇ ਸ਼ਿਅਰ ਪਾਠਕਾਂ ਦੇ ਧਿਆਨ ਹਿੱਤ –
* ਮੈਂ ਤੇ ਮੇਰੀ ਕਲਮ ਨੇ, ਰਲਕੇ ਤੁਰਦੇ ਰਹਿਣਾ।
ਨਾਲ-ਨਾਲ ਸਾਹਵਾਂ ਨਾਲ, ਹੁੰਗਾਰੇ ਭਰਦੇ ਰਹਿਣਾ।
* ਸੁਣੋ! ਸ਼ੈਤਾਨੀ ਵੀ ਤਾਂ ਹੁੰਦੀ, ਹਥੋੜੇ ਵਾਂਗ ਹੀ,
ਅਕਸਰ ਜਿੱਤ ਚਾਹੇ ਹੁੰਦੀ ਸੱਚ ਦੀ।
* ਲੋਕ ਸ਼ੁਕਰਾਨਾ ਬਨਾਮ ਵੀ, ਕਮਿਸ਼ਨ ਗਿਣਦੇ ਨੇ।
ਦੇਖੋ ਨਵੇਂ-ਨਵੇਂ ਰੰਗ ’ਚ, ਕਿੰਜ ਮੁਨਾਫ਼ਾ ਖੱਟਦੇ ਨੇ।
* ਲੋਕ ਮੁੱਦੇ ’ਤੇ ਮੁੱਦਾ, ਚਾੜੀ ਜਾਂਦੇ ਨੇ।
ਤੇ ਮੁੱਦਿਆਂ ਨਾਲ, ਮੁੱਦੇ ਲਤਾੜੀ ਜਾਂਦੇ ਨੇ।
* ਇਨਸਾਨ ਹਾਂ, ਕਿਸੇ ਦਾ ਪੁੱਤ ਹਾਂ ਤੇ ਸ਼ਾਇਰ ਹਾਂ,
ਗਰੀਬੀ, ਭਰਦੀ ਮੇਰੀ ਗਵਾਹੀ – ਕੰਬਲੀ ਮੋੜ ਦਿਉ।
* ਮਾਰੂਥਲ ’ਤੇ ਕੋਈ ਜਣਾ ਨਲਕਾ ਲੁਆ ਦਿਓ।
ਸੱਸੀ ਦੇ ਪੈਰਾਂ ਦੀ ਤਪਸ਼ ਤੇ ਪਿਆਸ ਘਟਾ ਦਿਉ।
* ਸ਼ਬਦਾਂ ’ਚ ਲਿਖ ਕੇ, ਸੋਚ ਵੰਡਣੀ ਚੰਗੀ ‘ਕਮਲ’,
ਕਈ ਅਣਗੌਲ਼ੇ ਵੀ ਤਾਂ, ਫੁੱਲ ਖਿਲੀ ਜਾਂਦੀ ਨੇ।
ਗੁਰਮੀਤ ਸਿੰਘ ਪਲਾਹੀ
98158-02070