ਪੁਸਤਕ ਸਮੀਖਿਆ/ “ਮੇਰੀ ਅਨੋਖੀ ਦੁਨੀਆਂ 50“ ਰਚਿਤ ਠਾਕੁਰ ਦਾਸ ਚਾਵਲਾ / ਗੁਰਮੀਤ ਸਿੰਘ ਪਲਾਹੀ

ਪੁਸਤਕ      :-     ਮੇਰੀ ਅਨੋਖੀ ਦੁਨੀਆਂ (ਸਵੈ-ਜੀਵਨੀ)

ਲੇਖਕ        :-     ਠਾਕੁਰ ਦਾਸ ਚਾਵਲਾ

ਪ੍ਰਕਾਸ਼ਕ     :-     ਚਾਵਲਾ ਪਬਲੀਕੇਸ਼ਨਜ਼,

                         ਨੇੜੇ ਰੇਲਵੇ ਸਟੇਸ਼ਨ, ਫਗਵਾੜਾ-144401

ਸਫ਼ੇ          :-    150

ਕੀਮਤ       :-    220 ਰੁਪਏ

ਸੰਪਰਕ      :-   9872670710

ਸੰਵੇਦਨਸ਼ੀਲ ਮੱਧਵਰਗੀ ਲੋਕ, ਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸਬੰਧੀ ਮਾਮਲਿਆਂ ਪ੍ਰਤੀ ਕਾਫੀ ਜਾਗਰੂਕ ਰਹਿੰਦੇ ਹਨ ਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹਨ, ਇਹੀ ਵਿਚਾਰ ਉਹਨਾ ਨੂੰ ਲਿਖਣ ਲਈ ਪ੍ਰੇਰਦੇ ਹਨ। ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ‘ਤੇ ਤੇਜ਼-ਧਾਰ ਵਾਲਾ ਬਣਾ ਦਿੰਦੇ ਹਨ। ਇਹੋ ਲੋਕ ਸੱਚ ਦੇ ਮਾਰਗ ‘ਤੇ ਚਲਦਿਆਂ ਭੋਰਾ ਨਹੀਂ ਡੋਲਦੇ ਅਤੇ ਲੋਕ-ਪੱਖੀ ਉੱਘੜਵੀਆਂ- ਗੂੜੀਆਂ ਮਿਸਾਲਾਂ, ਮਸ਼ਾਲ ਬਣਕੇ ਮਾਰਗ ਦਰਸ਼ਨ ਕਰਦੇ ਹਨ।

ਪੁਸਤਕ  “ਮੇਰੀ ਅਨੋਖੀ ਦੁਨੀਆਂ 50“ ਰਚਿਤ ਠਾਕੁਰ ਦਾਸ ਚਾਵਲਾ, ਉਪਰੋਕਤ ਵਿਚਾਰਾਂ ਤੇ ਜੀਵਨ ਦਰਸ਼ਨ ਦੀ ਲਿਖਾਇਕ ਹੈ। ਠਾਕੁਰ ਦਾਸ ਚਾਵਲਾ ਨੇ ਜਿਥੇ ਆਪਣੇ ਜੀਵਨ ਦੇ ਸੁਨਿਹਰੀ ਪਲਾਂ ਨੂੰ ਇਸ ਪੁਸਤਕ ‘ਚ ਪੇਸ਼ ਕੀਤਾ ਹੈ, ਉਥੇ ਉਹਨਾ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਰਿਸ਼ਟ ਪੱਤਰਕਾਰ ਠਾਕੁਰ ਦਾਸ ਚਾਵਲਾ ਦੀ ਕਲਮ, ਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੋਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, “ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ“।

ਠਾਕੁਰ ਦਾਸ ਚਾਵਲਾ ‘ਚ ਮੁਸ਼ਕਿਲਾਂ ਸਰ ਕਰਨ ਦੀ ਸੱਚੀ ਦਿ੍ਰੜਤਾ ਹੈ। ਇਹ ਉਹਨਾ ਦੀ ਲੇਖਣੀ ਤੋਂ ਸਪਸ਼ਟ ਦਿਖਦਾ ਹੈ। ਸਮਾਜਿਕ ਸੰਸਥਾਵਾਂ ਨਾਲ ਜੁੜਨਾ, ਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾ, ਉਸਦਾ ਜੀਵਨ ਦਰਸ਼ਨ ਹੈ। ਉਹ ਇਹ ਸਭ ਕੁਝ ਆਪਣੇ ਲੇਖਾਂ ‘ਚ ਸਮਾਜਿਕ ਸੰਸਥਾਵਾਂ ਦੇ ਸਫ਼ਰ ਦੇ ਨਾਲ-ਨਾਲ ਵਰਨਣ ਵੀ ਕਰਦਾ ਹੈ। ਲੇਖਕ ਰਵਿੰਦਰ ਚੋਟ ਦੇ ਸ਼ਬਦਾਂ ‘ਚ ਫਗਵਾੜਾ ਦੇ ਪੱਤਰਕਾਰਾਂ ਦਾ ਬਾਬਾ ਬੋਹੜ ਠਾਕੁਰ ਦਾਸ ਚਾਵਲਾ ਵਿਅਕਤੀ ਨਹੀਂ ਸਗੋਂ ਸੰਸਥਾਵਾਂ ਦੀ ਸੰਸਥਾ ਹੈ।

ਸਾਰਤਰ ਲਿਖਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਠਾਕੁਰ ਦਾਸ ਚਾਵਲਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ ‘ਚ ਥੰਮ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸਦੀ ਆਜ਼ਾਦ ਤਬੀਅਤ ਸਦਕਾ ਹੀ ਸੰਭਵ ਹੋ ਸਕਿਆ ਹੈ। ਲੇਖਕ ਡਾ. ਜਵਾਹਰ ਧੀਰ  ਉਹਨਾ ਨੂੰ ਇਸੇ ਕਰਕੇ ਮਨੁੱਖੀ ਅਧਿਕਾਰਾਂ ਦਾ ਬਾਬਾ ਬੋਹੜ ਪੱਤਰਕਾਰ ਗਰਦਾਨਦਾ ਹੈ।

ਠਾਕੁਰ ਦਾਸ ਚਾਵਲਾ ਪੰਜਾਬੀ, ਪੰਜਾਬ ਅਤੇ ਪੰਜਾਬੀਅਤੇ ਦਾ ਮੁਦੱਈ ਹੈ। ਉਸਨੇ ਆਪਣੀ ਸਵੈ-ਜੀਵਨੀ ‘ਚ ਦਰਜ਼ ਲੇਖਾਂ ‘ਚ ਪੰਜਾਬ ਹਿਤੈਸ਼ੀ ਪੱਤਰਕਾਰ ਅਤੇ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ ਹੈ। ਸਾਫ਼-ਸੁਥਰੀ, ਵੇਗ ਵਾਲੀ ਸ਼ੈਲੀ ‘ਚ ਲਿਖੀ ਠਾਕੁਰ ਦਾਸ ਚਾਵਲਾ ਨੇ ਆਪਣੀ ਇਸ ਪੁਸਤਕ ਬਾਰੇ ਲਿਖਿਆ ਹੈ, “ਪਿਛਲੇ 75 ਸਾਲ ਤੋਂ ਅੱਜ ਤੱਕ ਮੈਂ ਹਰ ਪਲ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ“। ਸਚਮੁੱਚ “ਮੇਰੀ ਅਨੋਖੀ ਦੁਨੀਆਂ 50“ਠਾਕੁਰ ਦਾਸ ਚਾਵਲਾ ਦੀ ਜ਼ਿੰਦਗੀ ਵਿੱਚ ਕੁਝ ਕਰਨ ਅਤੇ ਸਿੱਖਣ ਦੀਆਂ ਕੋਸ਼ਿਸ਼ਾਂ ਦਾ ਤਤਸਾਰ ਹੈ।

ਪੁਸਤਕ ਦਾ ਹਾਸਲ ਇਹ ਵੀ ਹੈ ਕਿ ਲੇਖਕ/ਕਾਲਮਨਵੀਸ ਠਾਕੁਰ ਦਾਸ ਚਾਵਲਾ ਨੇ ਆਪਣੇ ਚਲੰਤ ਮਾਮਲਿਆਂ ਸਬੰਧੀ 7 ਲੇਖ ਇਸ ਵਿੱਚ ਸ਼ਾਮਲ ਕੀਤੇ ਹਨ, ਜੋ ਪਾਠਕਾਂ ਦੇ ਗਿਆਨ ਵਿੱਚ ਭਰਪੂਰ ਵਾਧਾ ਕਰਨਗੇ। ਉਹਨਾ ਨੇ ਆਪਣੇ ਜੀਵਨ ਦੀਆਂ ਘਟਨਾਵਾਂ, ਪ੍ਰਾਪਤੀਆਂ, ਸਮਾਜਿਕ ਸੰਸਥਾਵਾਂ ਦੀ ਕਾਰਗੁਜਾਰੀ ਅਤੇ ਮਿੱਤਰਾਂ, ਦੋਸਤਾਂ ਬਾਰੇ ਛੋਟੇ,ਵੱਡੇ 86 ਲੇਖ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਹਨ। ਪਾਕਿਸਤਾਨ ਬਣਨ ਵੇਲੇ ਦੀਆਂ ਘਟਨਾਵਾਂ ਤੋਂ ਲੈ ਕੇ ਆਪਣੇ ਵਪਾਰ, ਨੌਕਰੀ, ਪੱਤਰਕਾਰੀ, ਜੀਵਨ ਦੀਆਂ ਘਟਨਾਵਾਂ ਦਾ ਖ਼ਾਸ ਵਰਨਣ ਇਸ ਵਿੱਚ ਹੈ।

ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਬਣੇਗੀ, ਮੇਰਾ ਇਹ ਮੰਨਣਾ ਹੈ।

-ਗੁਰਮੀਤ ਸਿੰਘ ਪਲਾਹੀ

-9815802070

 

 

 

ਸਾਂਝਾ ਕਰੋ

ਪੜ੍ਹੋ

ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਸਿੱਖ

*ਭਾਰਤੀ ਰਾਜਨੀਤਕ ਅਤੇ ਕਾਨੂੰਨੀ ਪ੍ਰਣਾਲੀ ਅਧੀਨ ਸਿੱਖਾਂ ਦੀ ਸਮਾਜਿਕ, ਧਾਰਮਿਕ...