ਵੇ ਸਾਉਣ ਮਹੀਨਿਆਂ ਆ ਜ਼ਰਾ
ਮੈਂ ਦਿਲ ਆਪਣੇ ਦੀ ਕਹਿ ਦਿਆਂ
ਸੁੱਕੇ ਪਿੱਪਲ਼ਾਂ ਦੇ ਟਾਹਣਿਆਂ ‘ਤੇ
ਹੁਣ ਪੀਂਘਾਂ ਕਿਉਂ ਨੀ ਪੈਂਦੀਆਂ?
ਵੇ ਸਾਉਣ ਮਹੀਨਿਆਂ….
ਕੁੜੀਆਂ ਚਿੜੀਆਂ ਦੀ ਡਾਰ ਵੀ
ਹੁਣ ਨਜ਼ਰਾਂ ਕਿਤੇ ਨੀ ਵੇਂਹਦੀਆਂ
ਆਹ ਕੀ ਹੋ ਗਿਆ ਮੇਰੇ ਪਿੰਡ ਨੂੰ
ਕਿਉਂ ਪਿੜੀਂ ਤੀਆਂ ਨੀ ਲੱਗਦੀਆਂ
ਵੇ ਸਾਉਣ ਮਹੀਨਿਆਂ….
ਬਣ ਤਿਤਲੀਆਂ ਦੀ ਡਾਰ ਜਿਉਂ
ਪਾ ਗਿੱਧਾ ਕੁੜੀਆਂ ਨੀ ਨੱਚਦੀਆਂ
ਪੀਂਘ ਦੇ ਹੁਲਾਰਿਆਂ ਦੇ ਸੰਗ ਵੀ
ਹੁਣ ਅੰਬਰੀਂ ਸੋਚਾਂ ਨੀ ਖਹਿੰਦੀਆਂ
ਵੇ ਸਾਉਣ ਮਹੀਨਿਆਂ…….
ਵਿਰਾਸਤੀ ਜੋ ਖਾਣ ਪਕਵਾਨ ਵੀ
‘ਲੋਪ ਦਰਾਂ ਘਰਾਂ ਚੋਂ ਹੋ ਗਏ
ਖੀਰਾਂ ਪੂੜਿਆਂ ਦੀ ਮਹਿਕ ਵੀ
ਖੁਸ਼ੀਆਂ ਖੇੜੇ ਕਿਉਂ ਨੀ ਵੰਡਦੀ
ਵੇ ਸਾਉਣ ਮਹੀਨਿਆਂ………
ਲੋਭ ਲਾਲਚਾਂ ਦੀ ਵਿੱਚ ਤੱਕੜੀ
ਕਿਉਂ ਵੀਰ ਸੰਧਾਰੇ ਪੇਕੇ ਤੁੱਲਗੇ
ਤੋਤਲੀਆਂ ‘ਵਾਜਾਂ ਪਾਕੇ ਘੁੰਮ੍ਹਰਾਂ
ਖੱਟੀ ਚੁੰਨੀ ਲੈਦੇ ਨੀ ਗਾਉਂਦੀਆਂ
ਵੇ ਸਾਉਣ ਮਹੀਨਿਆਂ…….
ਸੁਰਤ ਕਰੋ ਭੋਲ਼ਭੰਡਾਰੇ ਪੰਜਾਬੀਓ
ਧਰਤੀ ਪੰਜਾਬ ਕੌਰ ਮਾਂ ਆਖਦੀ
ਮੋੜ ਲਿਆਓ ਰੰਗਲੇ ਪੰਜਾਬ ਦੀ
ਫਿਰੇ ਰੂਹ ਦੂਰ ਦੂਰ ਕੁਰਲਾਂਵਦੀ
ਵੇ ਸਾਉਣ ਮਹੀਨਿਆਂ……….
*******
ਲਾਲ ਚੰਦ ਸਿੰਘ
ਪਿੰਡ:-ਚੁੱਘੇ-ਖ਼ੁਰਦ
ਜ਼ਿਲ੍ਹਾ:-ਬਠਿੰਡਾ।
ਸੰਪਰਕ:-90561-67462