ਤੈਰਾਕੀ ਬਾਰੇ ਨਵੀਂ ਖੋਜ/ਡਾ. ਹਰਸ਼ਿੰਦਰ ਕੌਰ

ਕਸਰਤ ਬਾਰੇ ਇੱਕ ਖੋਜ ਬਹੁਤ ਪੁਰਾਣੀ ਹੋ ਚੁੱਕੀ ਕਿ ਹਰ ਜਣੇ ਨੂੰ ਹਫਤੇ ਵਿਚ 150 ਮਿੰਟ ਤਗੜੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਹਲਕਾ ਭੱਜਣਾ ਜਾਂ ਤੇਜ਼ ਤੁਰਨਾ ਵੀ ਜ਼ਰੂਰੀ ਹੈ ਜਿਸ ਲਈ ਘੱਟੋ ਘੱਟ 40 ਮਿੰਟ ਰੋਜ਼ ਲਾਉਣੇ ਚਾਹੀਦੇ ਹਨ।
ਤੈਰਨ ਬਾਰੇ ਇਹ ਪਤਾ ਲੱਗਿਆ ਹੈ ਕਿ ਅਮਰੀਕਾ ਵਿਚ ਹਰ ਤਰਾਂ ਦੀ ਕਸਰਤ ਜਾਂ ਖੇਡ ਵਿੱਚੋਂ ਲੋਕਾਂ ਦੀ ਪਸੰਦ ਅਨੁਸਾਰ ਤੈਰਨਾ ਚੌਥੇ ਨੰਬਰ ਉੱਤੇ ਆ ਚੁੱਕਿਆ ਹੈ। ਜਿੰਨੇ ਵੀ ਜਣੇ ਕਸਰਤ ਦੇ ਸ਼ੌਕੀਨ ਹੋਣ, ਉਨਾਂ ਵਿੱਚੋਂ ਲਗਭਗ ਇੱਕ ਤਿਹਾਈ ਤੋਂ ਵੱਧ ਤੈਰਨਾ ਪਸੰਦ ਕਰਦੇ ਹਨ। ਜੇ ਨਾ ਵੀ ਤੈਰਨਾ ਆਉਂਦਾ ਹੋਵੇ, ਤਾਂ ਵੀ ਗਰਮੀ ਵਿਚ ਪਾਣੀ ਵਿਚ ਬਹਿ ਕੇ ਹੱਥ ਪੈਰ ਮਾਰਦੇ ਰਹਿਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ।
ਨਵੀਂ ਖੋਜ ਦੱਸਦੀ ਹੈ ਕਿ ਇੱਕ ਘੰਟਾ ਦੌੜਨ ਤੇ ਇੱਕ ਘੰਟਾ ਤੈਰਨ ਨਾਲ ਇੱਕੋ ਜਿੰਨੀਆਂ ਕੈਲਰੀਆਂ ਖ਼ਰਚ ਹੁੰਦੀਆਂ ਹਨ ਪਰ ਤੈਰਨ ਨਾਲ ਕੁੱਝ ਫ਼ਾਇਦੇ ਵੱਧ ਹੁੰਦੇ ਹਨ ਕਿਉਂਕਿ ਨਾ ਜੋੜ ਤੇ ਨਾ ਹੀ ਹੱਡੀਆਂ ਉੱਤੇ ਵਾਧੂ ਜ਼ੋਰ ਪੈਂਦਾ ਹੈ।
ਪੂਰੇ ਸਰੀਰ ਦੀ ਤਗੜੀ ਕਸਰਤ ਦੇ ਨਾਲੋ ਨਾਲ ਤੈਰਨ ਨਾਲ ਸਿਰ ਠੰਡਾ ਰਹਿੰਦਾ ਹੈ। ਦਿਲ ਦੀ ਧੜਕਨ ਤੇਜ਼ ਹੋ ਜਾਣ ਨਾਲ ਸਾਰੇ ਸਰੀਰ ਵਿਚ ਬਰਾਬਰ ਦਾ ਲਹੂ ਦਾ ਦੌਰਾ ਹੋਣ ਸਦਕਾ ਸਾਰੇ ਅੰਗ ਚੁਸਤ ਹੋ ਜਾਂਦੇ ਹਨ। ਸਾਰੇ ਪੱਠਿਆਂ ਦੀ ਇਕ ਸਾਰ ਕਸਰਤ ਹੋਣ ਸਦਕਾ ਉਨਾਂ ਵਿਚਲਾ ਵਾਧੂ ਥਿੰਦਾ ਖੁਰ ਜਾਂਦਾ ਹੈ, ਤਾਕਤ ਬਰਕਰਾਰ ਰਹਿੰਦੀ ਹੈ ਅਤੇ ਫੇਫੜੇ ਵੀ ਪੂਰੀ ਤਰਾਂ ਖੁੱਲ ਕੇ ਤਗੜੇ ਹੋ ਜਾਂਦੇ ਹਨ।
ਤਾਜ਼ਾ ਖੋਜ ਦੱਸਦੀ ਹੈ ਕਿ ਤੈਰਨ ਵਾਲਿਆਂ ਵਿਚ ਮੌਤ ਦਰ ਘੱਟ ਹੁੰਦੀ ਹੈ ਤੇ ਬਾਕੀਆਂ ਨਾਲੋਂ ਪੰਜ ਸਾਲ ਤੱਕ ਵੱਧ ਉਮਰ ਭੋਗੀ ਜਾ ਸਕਦੀ ਹੈ। ਇਹ ਖੋਜ ਹਜ਼ਾਰਾਂ ਬੰਦਿਆਂ ਅਤੇ ਔਰਤਾਂ ਉੱਤੇ ਕੀਤੀ ਗਈ ਸੀ ਜਿਨਾਂ ਵਿਚ ਤੈਰਨ ਵਾਲੇ ਅਤੇ ਨਾ ਤੈਰਨ ਵਾਲਿਆਂ ਨੂੰ 10 ਸਾਲ ਤੱਕ ਲਗਾਤਾਰ ਚੈੱਕਅੱਪ ਕੀਤਾ ਗਿਆ ਸੀ।
ਇਹ ਵੀ ਕੁੱਝ ਖੋਜਾਂ ਵਿਚ ਸਾਬਤ ਹੋਇਆ ਕਿ ਤੈਰਨ ਨਾਲ ਬਲੱਡ ਪ੍ਰੈੱਸ਼ਰ ਜਲਦੀ ਕਾਬੂ ਵਿਚ ਹੋ ਜਾਂਦਾ ਹੈ ਅਤੇ ਲਹੂ ਵਿਚ ਸ਼ਕਰ ਦੀ ਮਾਤਰਾ ਵੀ ਘੱਟ ਜਾਂਦੀ ਹੈ ਜਿਸ ਸਦਕਾ ਸ਼ੱਕਰ ਰੋਗੀਆਂ ਨੂੰ ਦਵਾਈ ਜਾਂ ਟੀਕਾ ਘਟਾਉਣ ਦੀ ਲੋੜ ਪੈ ਸਕਦੀ ਹੈ।
ਜੋੜਾਂ ਦੇ ਰੋਗਾਂ ਵਾਲਿਆਂ ਲਈ ਤਾਂ ਤੈਰਨਾ ਵਰਦਾਨ ਸਾਬਤ ਹੋ ਚੁੱਕਿਆ ਹੈ। ਅਪੰਗ ਬੰਦੇ ਵੀ ਤੈਰਨ ਨਾਲ ਫ਼ਾਇਦਾ ਲੈ ਸਕਦੇ ਹਨ। ਜੇ ਸੱਟ ਵੱਜੀ ਹੋਵੇ ਤਾਂ ਤੈਰਨ ਨਾਲ ਉਸ ਪੀੜ ਨੂੰ ਵੀ ਆਰਾਮ ਪੈ ਜਾਂਦਾ ਹੈ।
ਓਸਟੀਓਆਰਥਰਾਈਟਿਸ ਵਾਲੇ ਮਰੀਜ਼ਾਂ ਦੇ ਜੋੜਾਂ ਦਾ ਅਕੜਾਓ, ਪੱਠਿਆਂ ਵਿਚਲੀ ਖਿੱਚ ਅਤੇ ਪੀੜ ਨੂੰ ਵੀ ਤੈਰਨ ਨਾਲ ਆਰਾਮ ਮਿਲਿਆ ਦਿਸਿਆ ਅਤੇ ਉਨਾਂ ਨੂੰ ਤੁਰਨ ਫਿਰਨ ਵਿਚ ਪਹਿਲਾਂ ਨਾਲੋਂ ਵੱਧ ਸੌਖ ਜਾਪੀ। ਇਸ ਖੋਜ ਵਿਚ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਓਨਾ ਹੀ ਜੋੜਾਂ ਵਿਚ ਆਰਾਮ ਮਹਿਸੂਸ ਹੋਇਆ ਪਰ ਤੈਰਨ ਵਾਲਿਆਂ ਵਿਚ ਥਕਾਨ ਘੱਟ ਮਹਿਸੂਸ ਹੋਈ ਲੱਭੀ ਅਤੇ ਬਾਅਦ ਵਿਚ ਵੀ ਚੁਸਤੀ ਮਹਿਸੂਸ ਹੰੁਦੀ ਰਹੀ।
ਦਮੇ ਦੇ ਮਰੀਜ਼ਾਂ ਲਈ ਤੈਰਨਾ ਇੱਕ ਵਰਦਾਨ ਵਾਂਗ ਹੈ ਕਿਉਂਕਿ ਹਵਾ ਵਿਚਲੀ ਨਮੀ ਅਤੇ ਸਾਹ ਨੂੰ ਰੋਕਣ ਦੀ ਕਿਰਿਆ ਸਦਕਾ ਫੇਫੜਿਆਂ ਦਾ ਪੂਰਾ ਫੈਲਣਾ ਅਤੇ ਨਮੀ ਨਾਲ ਸਾਹ ਦੀਆਂ ਨਾਲੀਆਂ ਵਿਚਲੀ ਲਚਕ ਦਾ ਵਧਣਾ ਉਨਾਂ ਦੀ ਬੀਮਾਰੀ ਘਟਾ ਦਿੰਦਾ ਹੈ।
ਜੇ ਸਵਿਮਿੰਗ ਪੂਲ ਵਿਚ ਕੈਮੀਕਲ ਪਾਏ ਜਾ ਰਹੇ ਹੋਣ ਤਾਂ ਉਸ ਸਦਕਾ ਦਮੇ ਦੇ ਮਰੀਜ਼ਾਂ ਨੂੰ ਦਮੇ ਦਾ ਅਟੈਕ ਹੋਣ ਦਾ ਖ਼ਤਰਾ ਵੱਧ ਵੀ ਸਕਦਾ ਹੈ। ਇਸੇ ਲਈ ਕਲੋਰੀਨ ਦੀ ਥਾਂ ਜੇ ਲੂਣ ਪਾਇਆ ਜਾਵੇ ਤਾਂ ਦਮੇ ਦੇ ਮਰੀਜ਼ਾਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ।
ਜਿਨਾਂ ਨੂੰ ਮਲਟੀਪਲ ਸਕਲਿਰੋਸਿਸ ਹੋਵੇ, ਉਨਾਂ ਮਰੀਜ਼ਾਂ ਲਈ ਵੀ ਪਾਣੀ ਦੀ ਹਲਕੀ ਵਿਰੋਧੀ ਤਾਕਤ ਲੱਤਾਂ ਦੀ ਕਮਜ਼ੋਰੀ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇੱਕ ਖੋਜ ਵਿਚ ਜਦੋਂ 20 ਹਫ਼ਤੇ ਮਲਟੀਮਲ ਸਕਲਿਰੋਸਿਸ ਦੇ ਮਰੀਜ਼ਾਂ ਨੂੰ ਤੈਰਨ ਲਈ ਲਾਇਆ ਗਿਆ ਤਾਂ ਉਨਾਂ ਦੇ ਲੱਤਾਂ ਦੀ ਹਿਲਜੁਲ, ਥਕਾਨ ਅਤੇ ਢਹਿੰਦੀ ਕਲਾ ਵਿਚ 20 ਫੀਸਦੀ ਤੱਕ ਫ਼ਾਇਦਾ ਹੁੰਦਾ ਦਿਸਿਆ।
ਜਿਸ ਨੇ ਭਾਰ ਘਟਾਉਣਾ ਹੋਵੇ, ਉਸ ਨੂੰ ਤਾਂ ਤੈਰਨਾ ਹੀ ਪੈਣਾ ਹੈ ਕਿਉਂਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਇੱਕ ਘੰਟਾ ਲਗਾਤਾਰ ਰੋਜ਼ ਤੈਰਨ ਨਾਲ 73 ਕਿੱਲੋ ਦੇ ਬੰਦੇ ਦੀਆਂ ਲਗਭਗ 423 ਕੈਲਰੀਆਂ ਖ਼ਰਚ ਹੋ ਜਾਂਦੀਆਂ ਹਨ। ਜੇ ਤੇਜ਼ੀ ਨਾਲ ਤੈਰਿਆ ਜਾਵੇ ਤਾਂ 715 ਕੈਲਰੀਆਂ ਵੀ ਇੱਕ ਘੰਟੇ ਵਿਚ ਖ਼ਰਚੀਆਂ ਜਾ ਸਕਦੀਆਂ ਹਨ। ਜੇ 91 ਕਿੱਲੋ ਦੇ ਨੇੜੇ ਤੇੜੇ ਦਾ ਵਜ਼ਨ ਹੋਵੇ ਤਾਂ ਹੌਲੀ ਤੈਰਨ ਨਾਲ 528 ਅਤੇ ਤੇਜ਼ ਤੈਰਨ ਨਾਲ 892 ਕੈਲਰੀਆਂ ਪ੍ਰਤੀ ਘੰਟਾ ਤੱਕ ਖ਼ਰਚ ਹੋ ਜਾਂਦੀਆਂ ਹਨ। ਜੇ ਕਿਤੇ 109 ਕਿੱਲੋ ਵਜ਼ਨ ਹੋਵੇ ਤਾਂ 632 ਅਤੇ 1068 ਕੈਲਰੀਆਂ ਤੱਕ ਖ਼ਰਚੀਆਂ ਜਾਂਦੀਆਂ ਹਨ।
ਜਦੋਂ ਇਹੀ ਖੋਜ ਤੇਜ਼ ਤੁਰਨ ਵਾਲਿਆਂ ਉੱਤੇ ਕੀਤੀ ਗਈ ਤਾਂ ਨਤੀਜੇ ਕੁੱਝ ਅਜਿਹੇ ਸਨ :-
73 ਕਿੱਲੋ ਭਾਰ ਵਾਲੇ ਬੰਦੇ ਦੀਆਂ ਇੱਕ ਘੰਟੇ ਵਿਚ – 314 ਕੈਲਰੀਆਂ, 3.5 ਮੀਲ ਤੁਰਨ ਨਾਲ!
ਯੋਗ ਕਰਨ ਵਾਲਿਆਂ ਵਿਚ ਸਿਰਫ਼ 183 ਕੈਲਰੀਆਂ ਪ੍ਰਤੀ ਘੰਟਾ ਵਰਤੀਆਂ ਗਈਆਂ। ਪਾਵਰ ਯੋਗ ਵਿਚ 365 ਕੈਲਰੀਆਂ ਤੱਕ ਵਰਤੀਆਂ ਲੱਭੀਆਂ। ਸਪਸ਼ਟ ਹੋ ਗਿਆ ਕਿ ਤੈਰਨ ਨਾਲ ਸਭ ਤੋਂ ਤੇਜ਼ੀ ਨਾਲ ਭਾਰ ਘਟਦਾ ਹੈ ਤੇ ਖ਼ਾਸ ਕਰ ਢਿੱਡ ਦੁਆਲਿਓਂ!

ਨੀਂਦਰ ਦੀ ਗੱਲ ਕਰੀਏ :-
ਇੱਕ ਖੋਜ ਵਿਚ ਉਨਾਂ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਗਿਆ ਜਿਨਾਂ ਨੂੰ ਨੀਂਦਰ ਨਾ ਆਉਣ ਦੀ ਬੀਮਾਰੀ ਸੀ। ਇਨਾਂ ਸਭ ਨੂੰ ਰੋਜ਼ ਸਿਰਫ਼ ਸਵਿਮਿੰਗ ਪੂਲ ਵਿਚ ਇੱਕ ਥਾਂ ਰੁੱਕ ਕੇ ਲਗਾਤਾਰ ਲੱਤਾਂ ਹਿਲਾਉਣ ਲਈ ਕਿਹਾ ਗਿਆ।
ਇਨਾਂ ਵਿੱਚੋਂ 90 ਫੀਸਦੀ ਨੂੰ ਸਿਰਫ਼ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਵਧੀਆ ਨੀਂਦਰ ਆਉਣੀ ਸ਼ੁਰੂ ਹੋ ਗਈ ਅਤੇ ਉਨਾਂ ਦੇ ਜੋੜਾਂ ਦੀ ਲਚਕ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਵਧੀ ਲੱਭੀ। ਇਨਾਂ ਵਿੱਚੋਂ ਕੁੱਝ ਤਾਂ ਤਿੰਨ ਮਹੀਨਿਆਂ ਦੇ ਬਾਅਦ ਸਾਈਕਲ ਵੀ ਚਲਾਉਣਾ ਸ਼ੁਰੂ ਹੋ ਗਏ।
ਢਹਿੰਦੀ ਕਲਾ ਅਤੇ ਭੁੱਲ ਜਾਣ ਦੀ ਬੀਮਾਰੀ ਵਾਲੇ ਲੋਕਾਂ ਵਿਚ ਵੀ 12 ਹਫ਼ਤਿਆਂ ਦੇ ਤੈਰਨ ਦੀ ਕਸਰਤ ਬਾਅਦ 60 ਫੀਸਦੀ ਫ਼ਾਇਦਾ ਹੋਇਆ ਲੱਭਿਆ।
ਇਸ ਖੋਜ ਤੋਂ ਬਾਅਦ ਤਾਇਵਾਨ ਦੇ ਨਿਊ ਤਾਇਪੇਈ ਸ਼ਹਿਰ ਵਿਚ ਢਹਿੰਦੀ ਕਲਾ ਦੇ 44 ਮਰੀਜ਼ਾਂ ਨੂੰ ਤੈਰਨ ਦੀ ਸਲਾਹ ਦਿੱਤੀ ਗਈ ਪਰ ਕੋਈ ਵੀ ਦਵਾਈ ਖਾਣ ਲਈ ਨਹੀਂ ਦਿੱਤੀ ਗਈ। ਇੱਕ ਹਫ਼ਤੇ ਦੇ ਅੰਦਰ-ਅੰਦਰ 36 ਮਰੀਜ਼ਾਂ ਦੀ ਢਹਿੰਦੀ ਕਲਾ ਵਿਚ 90 ਫੀਸਦੀ ਫ਼ਾਇਦਾ ਦਿਸਿਆ। ਬਾਕੀ 8 ਨੂੰ ਦਵਾਈ ਵੀ ਨਾਲੋ-ਨਾਲ ਦੇਣੀ ਪਈ।
ਜਦੋਂ ਗਰਭਵਤੀ ਚੂਹੀਆਂ ਨੂੰ ਖੋਜ ਦੌਰਾਨ ਤੈਰਨ ਲਈ ਲਾਇਆ ਗਿਆ ਤਾਂ ਪਤਾ ਲੱਗਿਆ ਕਿ ਗਰਭ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦੇ ਵਿਕਾਸ ਵਿਚ ਵਾਧਾ ਹੋ ਗਿਆ। ਇਸ ਤੋਂ ਬਾਅਦ ਜੰਮਣ ਸਮੇਂ ਆਕਸੀਜਨ ਦੀ ਕਮੀ ਨਾਲ ਨਵਜੰਮੇਂ ਦੇ ਦਿਮਾਗ਼ ਉੱਤੇ ਮਾੜੇ ਅਸਰ ਵੀ ਨਹੀਂ ਲੱਭੇ।
ਇਸ ਖੋਜ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਸੱਤਵੇਂ ਮਹੀਨੇ ਦੇ ਅਖ਼ੀਰ ਤੱਕ ਤੈਰਦੇ ਰਹਿਣ ਦੀ ਸਲਾਹ ਦਿੱਤੀ ਗਈ, ਖ਼ਾਸ ਕਰ ਜੇ ਕੋਈ ਹੋਰ ਨੁਕਸ ਨਹੀਂ ਸੀ। ਜਿਹੜੀਆਂ ਔਰਤਾਂ ਮੰਨੀਆਂ, ਉਨਾਂ ਦੇ ਬੱਚਿਆਂ ਵਿਚ ਵੀ ਫ਼ਾਇਦਾ ਹੋਇਆ ਲੱਭਿਆ, ਪਰ ਇਹ ਗਿਣਤੀ ਕਾਫ਼ੀ ਘੱਟ ਸੀ। ਇਸੇ ਲਈ ਇਸ ਵਿਸ਼ੇ ਉੱਤੇ ਹੋਰ ਖੋਜਾਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲੋਰੀਨ ਵਾਲੇ ਪੂਲ ਵਿਚ ਵੀ ਤੈਰਨ ਨਾਲ ਗਰਭਵਤੀ ਔਰਤਾਂ ਨੂੰ ਕੋਈ ਨੁਕਸਾਨ ਹੋਇਆ ਨਹੀਂ ਲੱਭਿਆ ਤੇ ਇਨਾਂ ਔਰਤਾਂ ਨੂੰ ਜੰਮਣ ਪੀੜਾਂ ਵੀ ਘੱਟ ਹੋਈਆਂ। ਇਨਾਂ ਔਰਤਾਂ ਦੇ ਬੱਚਿਆਂ ਵਿਚ ਦਿਲ ਦੇ ਜਮਾਂਦਰੂ ਰੋਗ ਘੱਟ ਲੱਭੇ ਅਤੇ ਬੱਚੇ ਵੀ ਪੂਰੇ ਵਕਤ ਉੱਤੇ ਜੰਮੇ, ਯਾਨੀ ਸਤਮਾਹੇ ਬੱਚੇ ਜੰਮਣ ਦਾ ਖ਼ਤਰਾ ਵੀ ਘੱਟ ਗਿਆ।
ਛੋਟੇ ਬੱਚਿਆਂ ਨੂੰ ਜੇ ਤੈਰਨਾ ਸਿਖਾ ਦਿੱਤਾ ਜਾਵੇ ਤਾਂ ਉਨਾਂ ਵਿਚ ਇਕਾਗਰਤਾ ਵਧਦੀ ਹੈ ਤੇ ਉਹ ਛੇਤੀ ਮੋਟਾਪੇ ਦਾ ਸ਼ਿਕਾਰ ਨਹੀਂ ਹੁੰਦੇ।

ਤੈਰਨ ਦੇ ਖ਼ਤਰੇ :
1. ਜੇ ਚੰਗੀ ਤਰਾਂ ਤੈਰਨਾ ਨਹੀਂ ਸਿੱਖਿਆ ਤਾਂ ਡੁੱਬਣ ਦਾ ਖ਼ਤਰਾ ਹੁੰਦਾ ਹੈ।
2. ਜੇ ਪਾਣੀ ਸਾਫ਼ ਨਾ ਹੋਵੇ ਤਾਂ ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ।
3. ਤੈਰਨ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਕਸਰਤ ਨਾਲ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਪਾਣੀ ਅੰਦਰ ਤੈਰਦੇ ਰਹਿਣ ਸਦਕਾ ਮਹਿਸੂਸ ਨਹੀਂ ਹੁੰਦੀ। ਕੌਫ਼ੀ ਜਾਂ ਸ਼ਰਾਬ ਤੈਰਨ ਲੱਗਿਆਂ ਨਹੀਂ ਪੀਣੀ ਚਾਹੀਦੀ।
4. ਕਈਆਂ ਨੂੰ ਪਾਣੀ ਵਿਚਲੇ ਕਲੋਰੀਨ ਨਾਲ ਤਗੜੀ ਐਲਰਜੀ ਹੋ ਸਕਦੀ ਹੈ। ਇਸੇ ਲਈ ਤੈਰਨ ਬਾਅਦ ਚੰਗੀ ਤਰਾਂ ਸਾਫ਼ ਪਾਣੀ ਨਾਲ ਨਹਾਉਣ ਬਾਅਦ ਹਲਕੀ ਕਰੀਮ ਜ਼ਰੂਰ ਸਾਰੇ ਸਰੀਰ ਉੱਤੇ ਲਗਾ ਲੈਣੀ ਚਾਹੀਦੀ ਹੈ।
5. ਸਵੇਰ ਵੇਲੇ ਨਿਰਣੇ ਪੇਟ ਤੈਰਨ ਨਾਲ ਛੇਤੀ ਭਾਰ ਘਟਦਾ ਹੈ। ਸ਼ੱਕਰ ਰੋਗੀਆਂ ਦੀ ਸ਼ੱਕਰ ਦੀ ਮਾਤਰਾ ਇਸ ਤਗੜੀ ਕਸਰਤ ਨਾਲ ਲੋੜੋਂ ਵੱਧ ਘੱਟ ਸਕਦੀ ਹੈ।
6. ਸੋਰਾਇਸਿਸ ਬੀਮਾਰੀ ਵਾਲੇ ਕਲੋਰੀਨ ਵਾਲੇ ਪਾਣੀ ਵਿਚ ਨਾ ਹੀ ਤੈਰਨ ਤਾਂ ਠੀਕ ਰਹਿੰਦਾ ਹੈ।
7. ਜੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਤੈਰਨਾ ਹੋਵੇ ਤਾਂ ਸਨਸਕਰੀਨ ਐਸ.ਪੀ. ਐਫ਼. 15 ਵਾਲੀ ਕਰੀਮ ਚਮੜੀ ਉੱਤੇ ਮਲ ਕੇ ਤੈਰਨਾ ਚਾਹੀਦਾ ਹੈ।
8. ਮੂੰਹ ਜਾਂ ਨੱਕ ਰਾਹੀਂ ਪੂਲ ਦਾ ਪਾਣੀ ਅੰਦਰ ਨਹੀਂ ਲੰਘਾਉਣਾ ਚਾਹੀਦਾ।
9. ਜੇ ਖੁੱਲੇ ਜ਼ਖ਼ਮ ਹੋਣ, ਤਾਂ ਨਹੀਂ ਤੈਰਨਾ ਚਾਹੀਦਾ ਕਿਉਂਕਿ ਇਨਾਂ ਉੱਤੇ ਪਾਣੀ ਵਿਚਲੇ ਕੀਟਾਣੂ ਹਮਲਾ ਬੋਲ ਸਕਦੇ ਹਨ।
10. ਵਾਧੂ ਕਲੋਰੀਨ ਨਾਲ ਅੱਖਾਂ ਵਿਚ ਜਲਨ ਹੋ ਸਕਦੀ ਹੈ।
11. ਬਹੁਤ ਲੰਮੇ ਸਮੇਂ ਤਕ ਸਾਹ ਰੋਕ ਕੇ ਪਾਣੀ ਹੇਠਾਂ ਤੈਰਦੇ ਰਹਿਣਾ ਵੀ ਕਦੇ ਕਦੇ ਖ਼ਤਰਨਾਕ ਹੋ ਸਕਦਾ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
12. ਘੱਟ ਡੂੰਘਾਈ ਵਾਲੇ ਪੂਲ ਵਿਚ ਸਿਰ ਪਰਨੇ ਛਾਲ ਮਾਰਨ ਨਾਲ ਮੌਤ ਤੱਕ ਹੋ ਸਕਦੀ ਹੈ।
13. ਇਕਦਮ ਸਾਹ ਰੁੱਕ ਜਾਣ ਵਾਲੀ ਬੀਮਾਰੀ (ਬਰੈਥ ਹੋਲਡਿੰਗ ਸਪੈੱਲ) ਵਾਲਿਆਂ ਨੂੰ ਵੀ ਬਹੁਤ ਧਿਆਨ ਨਾਲ ਕਿਸੇ ਦੀ ਦੇਖ ਰੇਖ ਹੇਠਾਂ ਤੈਰਨਾ ਚਾਹੀਦਾ ਹੈ।
ਸਾਰ :-
ਤੈਰਨਾ ਬਹੁਤ ਹੀ ਵਧੀਆ ਕਸਰਤ ਮੰਨੀ ਜਾ ਚੁੱਕੀ ਹੈ। ਗੱਲ ਸਿਰਫ਼ ਇਹ ਗੌਰ ਕਰਨ ਯੋਗ ਹੈ ਕਿ ਅੱਜ ਦੇ ਦਿਨ ਰਾਜਸਥਾਨ ਦੇ ਕੁੱਝ ਹਿੱਸਿਆਂ ਵਿਚ ਲੋਕ ਪੀਣ ਦੇ ਪਾਣੀ ਨੂੰ ਤਰਸ ਰਹੇ ਹਨ ਤੇ ਗੰਦਾ ਪਾਣੀ ਪੀਣ ਉੱਤੇ ਮਜਬੂਰ ਹਨ। ਅਸੀਂ ਵੀ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਮੁਕਾਉਣ ਵੱਲ ਵਧ ਰਹੇ ਹਾਂ। ਜੇ ਪੀਣ ਨੂੰ ਵੀ ਪਾਣੀ ਨਾ ਰਿਹਾ ਤਾਂ ਤੈਰਨ ਬਾਰੇ ਕੌਣ ਸੋਚੇਗਾ?
ਅੰਤ ਵਿਚ ਇਹੋ ਕਹਿਣਾ ਹੈ ਕਿ ਜੇ ਕਿਸੇ ਨੂੰ ਤੈਰਨ ਤੋਂ ਡਰ ਲੱਗਦਾ ਹੈ ਤਾਂ ਏਨਾ ਹੀ ਯਾਦ ਕਰ ਲਵੇ ਕਿ ਮਾਂ ਦੇ ਢਿੱਡ ਅੰਦਰ ਹਰ ਬੱਚੇ ਨੂੰ ਕੁਦਰਤ ਨੇ ਪਾਣੀ ਵਿਚ ਪੁੱਠਾ ਲਟਕ ਕੇ ਤੈਰਨਾ ਸਿਖਾਇਆ ਹੁੰਦਾ ਹੈ। ਸੋ ਹੁਣ ਕਿਹੜੀ ਗੱਲੋਂ ਡਰਨਾ? ਕਿਸੇ ਵੀ ਸਫਲ ਤੈਰਾਕ ਤੋਂ ਥੋੜਾ ਜਿਹਾ ਸਿੱਖ ਕੇ, ਕਿਸੇ ਵੀ ਉਮਰ ਵਿਚ ਤੈਰਿਆ ਜਾ ਸਕਦਾ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...