ਗੀਜਰ,ਗੈਸ ਨੇ ਖਾ ਗਏ ਲੋਕੋ ਸਾਡੇ ਚੁਰਾ ਤੇ ਚੁੱਲਿਆ ਨੂੰ
ਠੰਡੀ ਏ ਸੀ ਦੀ ਠੰਢਕ ਖਾ ਗਈ ਖੁੱਲੇ ਹਵਾ ਦੇ ਬੁੱਲਿਆਂ ਨੂੰ
ਵਿਰਸਾ ਬਦਲਿਆ ਸਾਡਾ ਰੰਗ ਰੰਗੀਲੇ ਤਿਉਹਾਰ ਬਦਲ ਗਏ ਨੇ
ਕੀ ਕਰੀਏ ਹੁਣ ਇਤਬਾਰ ਕਿਸੇ ਦਾ ਏਥੇ ਤਾਂ ਪੱਗ ਵਟਾ ਕੇ ਯਾਰ ਬਦਲ ਗਏ ਨੇ,,
ਨੂਰ ਜਿਹਾ ਫਿੱਕਾ ਪਿਆ ਜਾਪੇ ਮੈਂਨੂੰ ਮਾਂ ਬੋਲੀ ਦੇ ਚੇਹਰੇ ਦਾ
ਫਿਕਰਮੰਦਾ ਬੜਾ ਫਿਕਰ ਮਨਾਇਆ ਪੰਜਾਬੀ ਦੇ ਘੱਟਦੇ ਘੇਰੇ ਦਾ
ਸੱਸੇ,ਖੱਖੇ,ਫੱਫੇ ਪੈਰ ਚ ਬਿੰਦੀਆਂ,ਟਿੱਪੀਆ ਅੱਧਕ ਬਿਨਾਂ ਪੰਜਾਬੀ ਅੱਖਰਾਂ ਦੇ ਕਿਰਦਾਰ ਬਦਲ ਗਏ ਨੇ।
ਕੀ ਕਰੀਏ ਹੁਣ ਇਤਬਾਰ ਕਿਸੇ ਦਾ ਏਥੇ ਤਾਂ ਪੱਗ ਵਟਾ ਕੇ ਯਾਰ ਬਦਲ ਗਏ ਨੇ,,
ਅੰਗਰੇਜ਼ੀ,ਹਿੰਦੀ ਖਾ ਗਈ ਮਾਖਿਓਂ ਮਿੱਠੀ ਬੋਲੀ ਠੇਠ ਪੰਜਾਬੀ ਨੂੰ
ਨਸ਼ੇ ਟੈਨਸਨਾਂ ਖਾ ਲਿਆ ਡੁੱਲ ਡੁੱਲ ਪੈਂਦੇ ਚਿਹਰੇ ਦੇ ਰੰਗ ਗੁਲਾਬੀ ਨੂੰ
ਹਰ ਕੋਈ ਮੇਰੀ ਮੇਰੀ ਕਰਦਾ ਕਾਹਦੇ ਦਾਅਵੇ ਸੱਜਣਾਂ ਦਾਅਵਿਆਂ ਵਾਲੇ ਹੱਕਦਾਰ ਬਦਲ ਗਏ ਨੇ।
ਕੀ ਕਰੀਏ ਹੁਣ ਇਤਬਾਰ ਕਿਸੇ ਦਾ ਏਥੇ ਤਾਂ ਪੱਗ ਵਟਾ ਕੇ ਯਾਰ ਬਦਲ ਗਏ ਨੇ,,
ਹੱਥੀ ਦੁੱਧ ਰਿੜਕਣਾ ਕੰਧ ਤੇ ਮੋਰਨੀਆਂ ਭੁੱਲ ਗਏ ਗਹਾਰਿਆਂ ਨੂੰ
ਮਾਰਬਲ ਟੁਕੜੀਆਂ ਖਾਧਾ ਮੋਰੀਆ ਵਾਲੀ ਕੰਧੋਲੀ,ਹਾਰਿਆਂ ਨੂੰ
ਸਿਰ ਤੋਂ ਲਹਿ ਕੇ ਚੁੰਨੀ ਗਲ ਤੋਂ ਹੁੰਦੀ ਮੋਢਿਓ ਲਹਿ ਗਈ ਬਲਤੇਜ ਸਿਆਂ ਹੁਣ ਸੰਸਕਾਰ ਬਦਲ ਗਏ ਨੇ।
ਕੀ ਕਰੀਏ ਹੁਣ ਇਤਬਾਰ ਕਿਸੇ ਦਾ ਏਥੇ ਤਾਂ ਪੱਗ ਵਟਾ ਕੇ ਯਾਰ ਬਦਲ ਗਏ ਨੇ,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158