(1) ਰਾਜ ਸੱਤਾ
ਰਾਜ ਸੱਤਾ ਦੀ ਕਰਾਂ ਕੀ ਸਿਫਤ ਯਾਰੋ? ਫਿਊਜ਼ ਬਲਬਾਂ ‘ਚੋਂ ਕਰੇ ਪ੍ਰਕਾਸ਼ ਪੈਦਾ।
ਗੱਲ ਯੱਕਿਆਂ ਗੋਲਿਆਂ ਦੀ ਛੱਡੋ, ਸੁੰਦਰ ਬੇਗਮਾਂ ਦੀ ਕਰੇ ਤਾਸ਼ ਪੈਦਾ।
ਜੀਂਦਾ ਕਰ ਦੇਵੇ ਗੱਡੇ ਮੁਰਦਿਆਂ ਨੂੰ ਜੀਂਦੇ ਬੰਦੇ ਦੀ ਕਰੇ ਲਾਸ਼ ਪੈਦਾ।
ਭਲੇ ਮਾਣਸਾ ਨੂੰ ਜਿਹਲੀਂ ਇਹ ਡੱਕੇ ਕੈਲਵੀ! ਤਸਕਰ, ਬਦਮਾਸ਼ ਪੈਦਾ।
(2) ਰਾਜਸੀ ਕੀੜੇ
ਖੁਲ੍ਹਾ ਡੁੱਲ੍ਹਾ ਪਹਿਰਾਵਾ ਪਹਿਨਦੇ ਸਾਂ ਹੁਣ ਤੰਗ ਕੀਤੇ ਤੰਗ ਲੀੜਿਆ ਨੇ।
ਨਾਹ ਲਾਹ ਸਕੀਏ, ਨਾਂਹ ਪਾ ਸਕੀਏ ਵਖ਼ਤ ਪਾਇਐ ਪਜਾਮਿਆਂ ਭੀੜਿਆਂ ਨੇ।
ਸਾਡੇ ਦੰਦ ਹੁਣ ਹਿੱਲਦੇ, ਕੀ ਖਾਈਏ? ਖੋੜਾਂ ਕੀਤੀਆਂ ਖਾਣਿਆਂ ਚੀੜਿਆਂ ਨੇ।
ਨਰਮਾ, ਕੈਲਵੀ ਚੱਟਿਆ ਸੁੰਡੀਆਂ ਨੇ ਚੈਨ ਚੱਟਿਆਂ ਰਾਜਸੀ ਕੀੜਿਆਂ ਨੇ।
(3) ਅਕਾਲੀਆਂ ਦਾ ਮੰਥਨ
ਆਪ ਬਰਦਾ ਸੀ ਪੰਥ ਬਚਾਵਦਾ ਸੀ ਫੱਟੀ ਜਨਤਾ ਨੇ ਦਿੱਤੀ ਪੋਚ ਸਾਡੀ।
ਕਰਦੇ ਪਏ ਸਾਂ ਧਰਮ ਦੀ ਅਸੀਂ ਸੇਵਾ, ਕਰਦੇ ਰਹਾਂਗੇ ਏਹੋ ਹੈ ਸੋਚ ਸਾਡੀ।
ਇੱਕ ਵਾਰੀ ਤਾਂ ਮੂਧੇ ਮੂੰਹ ਹਾਂ ਡਿੱਗੇ, ਕੌਣ ਕਢੇਗਾ ਆ ਕੇ ਮੋਚ ਸਾਡੀ?
ਸੁੱਟ ਰਹੇ ਹਾਂ ਗੇਂਦ ਅਸੀਂ ਬੇਨਤੀ ਦੀ ਸੱਚੇ ਵਾਹਿਗੁਰੂ! ਲਵੀਂ ਤੂੰ ਬੋਚ, ਸਾਡੀ।
ਦੋਹੇ
ਤਨ ਤੇਰਾ ਅਰੋਗ ਜੇ, ਰੰਗ ਲਹੂ ਦਾ ਲਾਲ
ਉੱਠ ਜੁਆਨਾ ਫੇਰ ਤੂੰ, ਕਰ ਦੇ ਦੱਸ ਕਮਾਲ।
ਝੂਠਾ ਚੇਲਾ ਸੋਚਦੇ- ਚੜ੍ਹੇ ਗੁਰੂ ਨੂੰ ਤਾਪ
ਮਗਰੋਂ ਲੱਥੇ, ਕੈਲਵੀ! ਗੱਦੀ ਮੱਲਾਂ ਆਪ
ਅੰਬਰ ਵਾਗੂੰ ਕੈਲਵੀ! ਹਿਰਦਾ ਕਰ ਵਿਸ਼ਾਲ
ਕਰ, ਨ੍ਹੇਰੇ ਵਿੱਚ ਚਾਨਣਾ ਘਰ ਘਰ ਦੀਵੇ ਬਾਲ।
ਧੱਕੇ ਦੇ ਕੇ ਵੜ ਗਿਆ, ਹਰ ਘਰ ਅੰਦਰ ਸ਼ੋਰ
ਪਿੰਜੇ ਇਸਨੇ ਕੈਲਵੀ! ਬੁੱਢੇ ਤੇ ਕਮਜ਼ੋਰ।
ਚੰਗਾ ਮੰਦਾ ਵੇਖ ਕੇ ਯਾਰੀ ਫਿਰ ਤੂੰ ਪਾਲ
ਹਰ ਬੰਦੇ ਨੂੰ ਕੈਲਵੀ! ਨਜ਼ਰਾਂ ਨਾਲ ਹੰਘਾਲ।
-ਜਸਵੰਤ ਸਿੰਘ ਕੈਲਵੀ
ਬੀ-597, ਰਣਜੀਤ ਐਵਨਿਊ, ਅੰਮ੍ਰਿਤਸਰ
-9878381474