ਕਵਿਤਾ/ ਤੁਹਾਨੂੰ ਕੋਈ ਹੱਕ ਨਹੀਂ / ਮਹਿੰਦਰ ਸਿੰਘ ਮਾਨ

ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹਾਣ ਦਾ
ਤੁਹਾਨੂੰ ਕੋਈ ਹੱਕ ਨਹੀਂ
ਕਿਉਂਕਿ ਤੁਸੀਂ ਤਾਂ ਅਕਸਰ ਚੁੱਪ ਚਾਪ
ਵੇਖਦੇ ਰਹਿੰਦੇ ਹੋ:
ਡੇਰਿਆਂ ਵਿੱਚ ਬੈਠੇ ਉਨ੍ਹਾਂ ਬਾਬਿਆਂ ਨੂੰ
ਜੋ ਹਜ਼ਾਰਾਂ ਮਨੁੱਖਾਂ ਤੇ ਔਰਤਾਂ ਨੂੰ
“ਮੌਤ ਪਿੱਛੋਂ ਤੁਹਾਨੂੰ ਸਵਰਗ ਮਿਲੇਗਾ”
ਦਾ ਲਾਰਾ ਲਾ ਕੇ
ਉਨ੍ਹਾਂ ਦੇ ਸਾਰੇ ਧਨ ਅਤੇ ਜਾਇਦਾਦ ਨੂੰ
ਲੁੱਟ ਰਹੇ ਨੇ।
ਹੋਟਲਾਂ ‘ਚ ਕੰਮ ਕਰਦੇ ਤੇ ਭੀਖ ਮੰਗਦੇ
ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ
ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ।
ਅਮੀਰਾਂ ਦੇ ਘਰਾਂ ਵਿੱਚ
ਜੂਠੇ ਭਾਂਡੇ ਮਾਂਜਦੀਆਂ,ਪੋਚੇ ਲਾਂਦੀਆਂ
ਤੇ ਗੰਦੇ ਕਪੜੇ ਧੋਂਦੀਆਂ ਮਜਬੂਰ ਔਰਤਾਂ ਨੂੰ।
ਆੜ੍ਹਤੀਆਂ ਵਲੋਂ ਮੰਡੀਆਂ ਵਿੱਚ ਦਿਨ ਦਿਹਾੜੇ
ਕਿਸਾਨਾਂ ਦੀ ਹੁੰਦੀ ਲੁੱਟ ਨੂੰ।
ਠੇਕੇਦਾਰਾਂ ਵਲੋਂ ਮਜ਼ਦੂਰਾਂ ਤੋਂ
ਅੰਨ੍ਹੇ ਵਾਹ ਕੰਮ ਲੈਣ ਨੂੰ
ਤੇ ਠਾਣਿਆਂ ਵਿੱਚ
ਅਗਾਂਹਵਧੂ ਵਿਚਾਰਾਂ ਵਾਲੇ ਨੌਜਵਾਨਾਂ ਤੇ

ਪੁਲਿਸ ਵਲੋਂ ਹੁੰਦੇ ਅੰਨ੍ਹੇ ਤਸ਼ਦੱਦ ਨੂੰ।
ਏਸੇ ਲਈ ਮੈਂ ਕਹਿੰਦਾ ਹਾਂ
ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹਾਣ ਦਾ
ਤੁਹਾਨੂੰ ਕੋਈ ਹੱਕ ਨਹੀਂ
ਤੁਹਾਨੂੰ ਕੋਈ ਹੱਕ ਨਹੀਂ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...