
ਉਮਰ ਹਮੇਸ਼ਾ ਥੋੜ੍ਹੀ ਹੁੰਦੀ ਸੱਜਣਾਂ ਮਾੜੇ ਧੰਦੇ ਦੀ
ਗੱਲ ਗੌਰ ਨਾਲ ਸੁਣਨੀ ਚਾਹੀਦੀ ਸਿਆਣੇ ਬੰਦੇ ਦੀ
ਸਾਂਭ ਸੰਭਾਲ ਕਰਨੀ ਬਹੁਤ ਜਰੂਰੀ ਹੁੰਦੀ ਖੇਤੀ ਦੇ ਸੰਦੇ ਦੀ
ਜੋ ਬੇਗਾਨਿਆਂ ਮੂਹਰੇ ਅੜਦੇ ਨੇ ਉਹ ਆਪਣਿਆ ਹੱਥੋਂ ਢਹਿੰਦੇ ਆ।
ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ,,,,
ਵਿਗੜੇ ਹੋਏ ਮੌਸਮ ਦੀ ਮਾਰ ਬੁਰੀ ਹੈ ਪੱਕੀਆਂ ਫਸਲਾਂ ਨੂੰ
ਉੱਡਦਿਆਂ ਜਹਾਜਾਂ ਅਤੇ ਨਸ਼ੇ ਨੇ ਖਾ ਜਾਣਾ ਆਉਣ ਵਾਲੀਆਂ ਨਸਲਾਂ ਨੂੰ
ਕੰਮ ਨੂੰ ਹੱਥ ਨਾ ਏਥੇ ਲਾਉਂਦੇ ਜਿਹੜੇ ਉਹ ਸੁਪਨੇ ਮੁਲਖ ਬਾਹਰਲੇ ਦੇ ਲੈਂਦੇ ਆ
ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ ,,,,
ਕਿਸੇ ਵੇਲੇ ਜਿੰਨਾਂ ਦੀ ਇਲਾਕੇ ਵਿੱਚ ਤੂਤੀ ਬੋਲਦੀ ਹੁੰਦੀ ਸੀ
ਹਜ਼ਾਰਾਂ ਦੀ ਗਿਣਤੀ ਵਿੱਚ ਜਨਤਾ ਸਾਮ ਸਵੇਰੇ ਅੱਗੇ ਪਿੱਛੇ ਰਹਿੰਦੀ ਸੀ
ਸਰਕਾਰੇ ਦਰਬਾਰੇ ਬੜਕ ਬੜੀ ਸੀ ਰੋਅਬ ਅਫਸਰੀ ਸਹਿੰਦੀ ਸੀ
ਉਹ ਬਣ ਗਏ ਨੇ ਗੁਜਰੇ ਵੇਲੇ ਨਾਮ ਵੀ ਲੋਕੀਂ ਲੈਂਦੇ ਨਾ।
ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ ,,,
ਚੜਦੇ ਸੂਰਜ ਨੂੰ ਹੋਣ ਸਲਾਮਾ ਕੋਈ ਬਾਤ ਨਾ ਪੁੱਛਦੇ ਢਲਿਆਂ ਦੀ
ਚਾਰ ਕੁ ਦਿਨ ਹੀ ਗੱਲ ਚੱਲਦੀ ਮਿੱਤਰੋ ਮਿੱਟੀ ਵਿੱਚ ਰਲਿਆ ਦੀ
ਬੇਸੁਰਿਆਂ ਦੀ ਭੀੜ ਹੋਈ ਗੱਲ ਨਾ ਚੱਲਦੀ ਸੁਰੀਲੇ ਗਲਿਆ ਦੀ।
ਵਿੱਚ ਗਰੀਬੀ ਰੁੱਲਦਾ ਟੈਲੇਂਟ ਐਸ਼ ਅਮੀਰੀ ਲੈਂਦੀ ਆ
ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ
ਜੋ ਹਰ ਗੱਲ ਗੱਲ ਤੇ ਤੇਰੀ ਹਾ ਵਿੱਚ ਹਾਮੀ ਭਰਦੇ ਸੀ
ਤੇਰੀ ਆਈ ਤੇ ਹਿੱਕ ਆਪਣੀ ਤਾਣ ਦੇਣ ਦੀਆਂ ਗੱਲਾਂ ਕਰਦੇ ਸੀ
ਮਤਲਬ ਖੌਰੇ ਯਾਰ ਜੋ ਤੇਰੇ ਜੇਬ ਤੇਰੀ ਤੇ ਮਰਦੇ ਸੀ
ਵਖਤ ਬਦਲ ਦਿਆਂ ਪਾਸਾ ਵੱਟ ਦੇ ਸੰਧੂਆਂ ਦੇਰ ਨਾ ਲਾਉਂਦੇ ਆ।
ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ
ਉਏ ਵਕਤ ਮੌਸਮ ਨਾ ਸੱਜਣਾਂ ਸਦਾ ਇੱਕੋ ਜਿਹੇ ਰਹਿੰਦੇ ਆ,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158