ਸਿਹਤਮੰਦ ਖ਼ੁਰਾਕ ਕਿਹੜੀ ਹੁੰਦੀ ਹੈ? / ਡਾ. ਹਰਸ਼ਿੰਦਰ ਕੌਰ,

ਅੱਜ ਕਲ ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਹੈ। ਕੋਈ ਆਰਗੈਨਿਕ ਅਤੇ ਕੋਈ ਪ੍ਰੋਟੀਨ ਜਾਂ ਵਿਟਾਮਿਨ ਦਾ ਹਵਾਲਾ ਦੇ ਕੇ ਬਜ਼ਾਰ ਵਿਚ ਆਪਣੀਆਂ ਚੀਜ਼ਾਂ ਵੇਚਣ ਲਈ ਉਤਾਵਲਾ ਹੋਇਆ ਦਿਸਦਾ ਹੈ ਕਿਉਂਕਿ ਇਸ ਤਰੀਕੇ ਭਰਮਾ ਕੇ ਆਮ ਚੀਜ਼ਾਂ ਵੀ ਤਿੰਨ ਗੁਣਾਂ ਰੇਟ ਵਧਾ ਕੇ ਵੇਚੀਆਂ ਜਾ ਸਕਦੀਆਂ ਹਨ।
35 ਤੋਂ 50 ਸਾਲਾਂ ਦੀ ਉਮਰ ਵਿਚ ਖ਼ੁਰਾਕ ਦੀ ਬਹੁਤ ਮਹੱਤਾ ਹੁੰਦੀ ਹੈ ਕਿਉਂਕਿ ਇਸ ਉਮਰ ਵਿਚ ਖਾਧੀ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਅੱਗੋਂ ਬੀਮਾਰੀਆਂ ਤੋਂ ਬਚਾ ਕੇ ਲੰਮੀ ਉਮਰ ਦਾ ਰਾਜ਼ ਬਣ ਸਕਦੀ ਹੈ। ਰੋਜ਼ ਦੀ ਖਾਧੀ ਜਾ ਰਹੀ ਖ਼ੁਰਾਕ ਵਿਚ ਕਾਰਬੋਹਾਈਡੇ੍ਰਟ, ਥਿੰਦਾ, ਪੋ੍ਰਟੀਨ, ਪਾਣੀ, ਮਿਨਰਲ ਤੱਤ, ਵਿਟਾਮਿਨ ਆਦਿ, ਦੀ ਸਹੀ ਮਾਤਰਾ ਹੋਣੀ ਜ਼ਰੂਰੀ ਹੈ।
ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਕੁੱਝ ਤੱਥ ਪ੍ਰੇਸ਼ਾਨ ਕਰਨ ਵਾਲੇ ਹਨ। ਪਹਿਲਾ, ਦੁਨੀਆ ਭਰ ਦੇ ਲੋਕਾਂ ਦੇ ਅੰਕੜਿਆਂ ਅਨੁਸਾਰ ਹਰ ਦਸਾਂ ਵਿੱਚੋਂ ਸਿਰਫ਼ ਇੱਕ ਬੰਦਾ ਸਹੀ ਮਾਤਰਾ ਵਿਚ ਲੋੜੀਂਦੇ ਫਲ ਅਤੇ ਸਬਜ਼ੀਆਂ ਖਾ ਰਿਹਾ ਹੈ। ਦੂਜਾ, ਤਾਜ਼ੇ ਫਲ ਸਬਜ਼ੀਆਂ ਵੇਚਣ ਨਾਲੋਂ ਪ੍ਰੋਸੈੱਸਡ ਖਾਣੇ ਵੱਧ ਬਜ਼ਾਰ ਵਿਚ ਵੇਚੇ ਜਾ ਰਹੇ ਹਨ ਕਿਉਂਕਿ ਉਨਾਂ ਨੂੰ ਵੇਚਣ ਵਿਚ ਕੰਪਨੀਆਂ ਨੂੰ ਵੱਧ ਫ਼ਾਇਦਾ ਮਿਲਦਾ ਹੈ। ਹੱਦ ਤਾਂ ਇਹ ਹੈ ਕਿ ਕਣਕ, ਛੋਲੇ, ਛੱਲੀਆਂ, ਸੋਇਆਬੀਨ ਵਗੈਰਾਹ ਦੇ ਏਨੇ ਵੱਖੋ-ਵੱਖ ਤਰਾਂ ਦੇ ਖਾਣੇ ਬਣਾ ਕੇ ਵੇਚੇ ਜਾ ਰਹੇ ਹਨ ਜਿਨਾਂ ਵਿਚਲਾ ਵਾਧੂ ਲੂਣ ਅਤੇ ਪ੍ਰੋਸੈੱਸਿੰਗ ਲਈ ਵਰਤਿਆ ਜਾ ਰਿਹਾ ਸਮਾਨ ਸਿਹਤ ਦਾ ਨਾਸ ਮਾਰਨ ਲੱਗ ਪਿਆ ਹੈ। ਇਨਾਂ ਦੀ ਵਰਤੋਂ ‘ਜੰਕ ਫੂਡਜ਼’ ਵਿਚ ਵੀ ਕੀਤੀ ਜਾਣ ਲੱਗ ਪਈ ਹੈ।
ਡੱਬਾ ਬੰਦ ਚੀਜ਼ਾਂ ਬਾਹਰ ਲੱਗੇ ਲੇਬਲ ਵੀ ਬਹੁਤ ਭਰਮਾਉਣ ਵਾਲੇ ਬਣਾ ਕੇ ਵੇਚੇ ਜਾ ਰਹੇ ਹਨ।


ਡਾ. ਨੀਲਸਨ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਬਜ਼ਾਰ ਵਿਚ ਖਾਣ ਲਈ ਮਿਲ ਰਹੀਆਂ ਚੀਜ਼ਾਂ ਵਿੱਚੋਂ 60 ਫੀਸਦੀ ਦੇ ਲੇਬਲ ਸਹੀ ਢੰਗ ਨਾਲ ਨੁਕਸਾਨਾਂ ਬਾਰੇ ਚੇਤੰਨ ਨਹੀਂ ਕਰ ਰਹੇ। ਇਨਾਂ ਲੇਬਲਾਂ ਉੱਤੇ ਵਧੀਆ ਕਸਰਤ ਕਰਦੇ ਸਰੀਰ ਦੀ ਦਿਖ, ‘ਕੇਵਲ ਨੈਚਰਲ’, ‘ਕੁਦਰਤੀ ਤੱਤਾਂ ਨਾਲ ਭਰਪੂਰ’, ‘ਨਿਰੀ ਕਣਕ’, ਪੂਰੀ ਕਣਕ (ਹੋਲ ਵੀਟ), ਛਾਣਬੂਰੇ ਨਾਲ ਲਬਾਲਬ, ਆਦਿ ਲਿਖ ਕੇ ਕੀਮਤ ਚਾਰ ਗੁਣਾ ਰੱਖ ਦਿੱਤੀ ਜਾਂਦੀ ਹੈ। ਕਿਤੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪ੍ਰੋਸੈੱਸਿੰਗ ਦੌਰਾਨ ਇਸ ਵਿਚਲੇ 80 ਫੀਸਦੀ ਤੱਤ ਖ਼ਤਮ ਹੋ ਚੁੱਕੇ ਹਨ।
ਇਸੇ ਲਈ ਜਦੋਂ ਵੀ ਕੋਈ ਡੱਬਾਬੰਦ ਚੀਜ਼ ਖਰੀਦਣੀ ਹੋਵੇ ਤਾਂ ਹੇਠ ਲਿਖੇ ਤੱਥਾਂ ਬਾਰੇ ਜਾਣਕਾਰੀ ਜ਼ਰੂਰੀ ਹੈ :-
1. ਖੰਡ :- ਬਹੁਤ ਸਾਰੇ ਡੱਬਾ ਬੰਦ ਖਾਣਿਆਂ ਵਿਚ ਉਨਾਂ ਨੂੰ ਲੰਮੇ ਸਮੇਂ ਤੱਕ ਠੀਕ ਰੱਖਣ ਲਈ ਵਾਧੂ ਖੰਡ ਪਾ ਦਿੱਤੀ ਜਾਂਦੀ ਹੈ। ਇੰਜ ਹੀ ਨਮਕੀਨ ਚੀਜ਼ਾਂ ਵਿਚ ਵੀ ਹਲਕੀ ਖੰਡ ਜ਼ਰੂਰ ਪਾਈ ਜਾਂਦੀ ਹੈ। ਰੋਜ਼ਾਨਾ ਦੀ ਖੰਡ ਦੀ ਮਾਤਰਾ ਸਿਰਫ਼ 25 ਗ੍ਰਾਮ ਯਾਨੀ ਪੰਜ ਕੁ ਚਮਚ ਹੀ ਬਥੇਰੇ ਹੁੰਦੇ ਹਨ। ਇਸੇ ਲਈ ਡੱਬਾ ਬੰਦ ਸਮਾਨ ਦੇ ਬਾਹਰ ਲਿਖੇ ਲੇਬਲ ਨੂੰ ਧਿਆਨ ਨਾਲ ਪੜ ਕੇ ਹੀ ਖਾਣਾ ਚਾਹੀਦਾ ਹੈ।
2. ਥਿੰਦਾ :- ਸਿਰਫ਼ 50 ਗ੍ਰਾਮ ਪ੍ਰਤੀਦਿਨ ਤੋਂ ਵੱਧ ਥਿੰਦਾ ਨਹੀਂ ਖਾਣਾ ਚਾਹੀਦਾ। ਇਸੇ ਲਈ ਤਲੀਆਂ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ।
3. ਸੋਡੀਅਮ :- ਔਰਤਾਂ ਨੂੰ 1500 ਮਿਲੀਗ੍ਰਾਮ ਤੋਂ ਵੱਧ ਰੋਜ਼ ਲੂਣ ਨਹੀਂ ਖਾਣਾ ਚਾਹੀਦਾ। ਯਾਨੀ ਪੌਣਾ ਚਮਚ ਲੂਣ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ। ਕਿਸੇ ਵੀ ਹਾਲ ਵਿਚ 3.8 ਗ੍ਰਾਮ ਤੋਂ ਵੱਧ ਲੂਣ ਨਹੀਂ ਵਰਤਣਾ ਹੁੰਦਾ। ਇਸੇ ਲਈ ਡੱਬਾ ਬੰਦ ਚੀਜ਼ਾਂ ਜੇ ਵਰਤਣੀਆਂ ਹੋਣ ਤਾਂ ਉਸ ਵਿਚ ਲੂਣ ਦੀ ਮਾਤਰਾ ਜ਼ਰੂਰ ਪੜ ਲੈਣੀ ਚਾਹੀਦੀ ਹੈ।
4. ਪ੍ਰੋਟੀਨ :- ਜਿਹੜੀਆਂ ਔਰਤਾਂ ਰੋਜ਼ 30 ਮਿੰਟ ਤੋਂ ਘੱਟ ਕਸਰਤ ਕਰਦੀਆਂ ਹੋਣ ਉਨਾਂ ਲਈ ਰੋਜ਼ 46 ਗ੍ਰਾਮ ਪ੍ਰੋਟੀਨ ਜ਼ਰੂਰ ਖਾਣੀ ਚਾਹੀਦੀ ਹੈ।
5. ਵਿਟਾਮਿਨ :- ਕੁਦਰਤੀ ਤੌਰ ਉੱਤੇ ਭਰੇ ਵਿਟਾਮਿਨ ਤਾਂ ਅਨਮੋਲ ਕੁਦਰਤੀ ਸੁਗ਼ਾਤਾਂ ਵਿੱਚੋਂ ਲੱਭ ਜਾਂਦੇ ਹਨ। ਇਸੇ ਲਈ ਗੋਲੀਆਂ ਖਾਣ ਨਾਲੋਂ ਕੁਦਰਤੀ ਤੌਰ ਉੱਤੇ ਖ਼ੁਰਾਕ ਵਿੱਚੋਂ ਹੀ ਵਿਟਾਮਿਨ ਲੈਣੇ ਬਿਹਤਰ ਹੁੰਦੇ ਹਨ।
6. ਕੈਲਰੀਆਂ :- ਔਰਤਾਂ ਲਈ ਮੋਟਾਪੇ ਤੋਂ ਬਚਣ ਲਈ 1500 ਕੈਲਰੀਆਂ ਪ੍ਰਤੀ ਦਿਨ ਤੱਕ ਹੀ ਲੈਣੀਆਂ ਚਾਹੀਦੀਆਂ ਹਨ। ਜੇ ਸਰੀਰ ਪਤਲਾ ਹੋਵੇ ਅਤੇ ਹਿਲਜੁਲ ਵੀ ਚੰਗੀ ਹੋ ਰਹੀ ਹੋਵੇ ਤਾਂ 2000 ਕੈਲਰੀਆਂ ਪ੍ਰਤੀ ਦਿਨ ਖਾਧੀਆਂ ਜਾ ਸਕਦੀਆਂ ਹਨ।
7. ਕੈਲਸ਼ੀਅਮ, ਲੋਹ ਕਣ ਅਤੇ ਓਮੇਗਾ ਤਿੰਨ ਫੈਟੀ ਏਸਿਡ ਜ਼ਰੂਰ ਖਾਣੇ ਚਾਹੀਦੇ ਹਨ।
ਸਿਹਤਮੰਦ ਰਹਿਣ ਲਈ ਔਰਤਾਂ ਕਿਹੜੀ ਖ਼ੁਰਾਕ ਲੈਣ?
1. ਸਬਜ਼ੀਆਂ, ਖ਼ਾਸ ਕਰ ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਫਲੀਆਂ ਆਦਿ।
2. ਫਲ
3. ਛਾਣਬੂਰੇ ਵਾਲਾ ਆਟਾ, ਕਿਨੋਆ, ਮੱਕੀ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਭੂਰੇ ਚੌਲ
4. ਘੱਟ ਥਿੰਦੇ ਵਾਲਾ ਦੁੱਧ, ਦਹੀਂ
5. ਅੰਡਾ, ਮੀਟ, ਪੇਠੇ ਦੇ ਬੀਜ, ਸੋਇਆਬੀਨ, ਸੁੱਕੇ ਮੇਵੇ
6. ਐਵੋਕੈਡੋ,ਓਲਿਵ
ਹੈਰਾਨੀਜਨਕ ਤੱਥ ਇਹ ਹੈ ਕਿ ਦੁਨੀਆ ਦੇ ਸਿਰਫ਼ ਇੱਕ ਚੌਥਾਈ ਲੋਕ ਹੀ ਸਹੀ ਮਾਤਰਾ ਵਿਚ ਫਲ, ਸਬਜ਼ੀਆਂ, ਦੁੱਧ ਆਦਿ ਲੈ ਰਹੇ ਹਨ। ਕੁੱਝ ਲੋੜੋਂ ਵੱਧ ਤੇ ਕੁੱਝ ਵਿਚਾਰੇ ਖ਼ੁਰਾਕ ਦੀ ਕਮੀ ਨਾਲ ਜੂਝ ਰਹੇ ਹਨ।
ਕਿਹੜੇ ਸਿਹਤਮੰਦ ਕਹੇ ਜਾਣ ਵਾਲੇ ਖਾਣੇ ਨਹੀਂ ਖਾਣੇ ਚਾਹੀਦੇ :-
1. ਮਾਈਕਰੋਵੇਵ ਵਿਚ ਬਣਾਏ ਜਾਣ ਵਾਲੇ ਪੌਪਕੌਰਨ :-
ਪੈਕ ਕੀਤੇ ਕੱਚੇ ਪੌਪਕੌਰਨ ਵਿਚ ਵਾਧੂ ਲੂਣ ਅਤੇ ਡਾਈਐਸੀਟਾਈਲ ਕੈਮੀਕਲ ਪਾਇਆ ਹੁੰਦਾ ਹੈ। ਇਸੇ ਲਈ ਕੁੱਕਰ ਵਿਚ ਜਾਂ ਤਵੇ ਉੱਤੇ ਬਣਾਉਣ ਵਾਲੇ ਦਾਣੇ ਹੀ ਠੀਕ ਹਨ।
2. ਹਲਕੀ ਸਲਾਦ ਡਰੈਸਿੰਗ (ਲਾਈਟ ਡਰੈਸਿੰਗ) :-
ਬਜ਼ਾਰ ਵਿਚ ਆਮ ਹੀ ਲਾਈਟ ਸਲਾਦ ਡਰੈਸਿੰਗ ਮਿਲ ਜਾਂਦੀ ਹੈ ਜਿਸ ਨੂੰ ਸਲਾਦ ਉੱਤੇ ਪਾ ਕੇ ਖਾਧਾ ਜਾਂਦਾ ਹੈ। ਇਸ ਵਿਚ ਢੇਰ ਸਾਰੇ ਪ੍ਰੀਜ਼ਰਵੇਟਿਵ ਪਏ ਹੋਣ ਸਦਕਾ ਇਹ ਓਨੀ ਹਲਕੀ ਨਹੀਂ ਹੁੰਦੀ ਜਿੰਨਾ ਇਸ ਦਾ ਨਾਂ ਦੇ ਦਿੱਤਾ ਗਿਆ ਹੈ। ਇਸ ਵਿਚ ਲੂਣ ਅਤੇ ਖੰਡ ਵੀ ਵਾਧੂ ਪਾਏ ਹੁੰਦੇ ਹਨ। ਇਨਾਂ ਦੀ ਥਾਂ ਸਿਰਕਾ ਜਾਂ ਕੁੱਝ ਬੂੰਦਾਂ ਵਰਜਿਨ ਓਲਿਵ ਤੇਲ ਵਰਤੇ ਜਾ ਸਕਦੇ ਹਨ।
3. ਚਾਕਲੇਟ ਨਾਲ ਸੁੱਕੇ ਮੇਵਿਆਂ ਦੀ ਟਰੇਲ ਮਿਕਸ :-
ਬਜ਼ਾਰ ਵਿਚ ਇਸ ਤਰਾਂ ਦੇ ਰਲੇ ਮਿਲੇ ਸਿਹਤਮੰਦ ਕਹੇ ਜਾਂਦੇ ਨਿੱਕੇ ਪੈਕਟ ਮਿਲ ਜਾਂਦੇ ਹਨ। ਚੇਤੇ ਰਹੇ ਕਿ ਇਨਾਂ ਨਿੱਕੇ ਪੈਕਟਾਂ ਵਿਚ ਵੀ 300 ਕੈਲਰੀਆਂ ਤੱਕ ਹੋ ਸਕਦੀਆਂ ਹਨ ਜੋ ਕਿਸੇ ਵੀ ਪਾਸਿਓਂ ਸਿਹਤਮੰਦ ਨਹੀਂ ਹੁੰਦੀਆਂ। ਇਸੇ ਲਈ ਭੁੱਜੇ ਹੋਏ ਛੋਲੇ ਜਾਂ ਛੱਲੀ ਖਾਣੀ ਹੀ ਠੀਕ ਰਹਿੰਦੀ ਹੈ।
4. ਥਿੰਦਾ ਰਹਿਤ ਖੁਸ਼ਬੂਦਾਰ ਦਹੀਂ :-
‘ਫੈਟ-ਫਰੀ ਫਲੇਵਰਡ ਯੋਗਰਟ’ ਨਾ ਹੇਠ ਇਸ ਵੇਲੇ ਬਜ਼ਾਰ ਵਿਚ ਅਣਗਿਣਤ ਕੰਪਨੀਆਂ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਵੇਖਣ ਸੁਣਨ ਨੂੰ ਸਿਹਤਮੰਦ ਜਾਪਦਾ ਇਹ ਦਹੀਂ ਭਾਵੇਂ ਸਿਰਫ਼ 6 ਔਂਸ ਹੀ ਹੁੰਦਾ ਹੈ, ਪਰ ਇਸ ਵਿਚ 15 ਗ੍ਰਾਮ ਖੰਡ ਪਾਈ ਹੁੰਦੀ ਹੈ। ਇਸੇ ਲਈ ਦਹੀਂ ਵਿਚ ਤਾਜ਼ੇ ਫਲ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਖਾਧਾ ਜਾ ਸਕਦਾ ਹੈ। ‘ਗਰੀਕ ਯੋਗਰਟ’ ਦੀ ਇੱਕ ਕਿਸਮ ਦੀ ਵੇਚੀ ਜਾ ਰਹੀ ਦਹੀਂ ਵਿਚ ਖੰਡ ਦੀ ਥਾਂ ਥੋੜੀ ਮਾਤਰਾ ਵਿਚ ਸ਼ਹਿਦ ਪਾਇਆ ਮਿਲਦਾ ਹੈ।
5. ਪਾਲਕ-ਪਾਸਤਾ :-
‘‘ਸਪਿਨੈਚ-ਪਾਸਤਾ’’ ਅੱਜ ਕਲ ਖਾਣ ਦਾ ਫੈਸ਼ਨ ਬਣ ਚੁੱਕਿਆ ਹੋਇਆ ਹੈ। ਪਾਲਕ ਨਾਂ ਹੀ ਬਦੋਬਦੀ ਇਸ ਨੂੰ ਖਾਣ ਲਈ ਉਕਸਾਉਂਦਾ ਹੈ। ਦਰਅਸਲ ਇਸ ਵਿਚ ਪਾਲਕ ਏਨੀ ਮਧੋਲ ਦਿੱਤੀ ਹੁੰਦੀ ਹੈ ਕਿ ਬਸ ਨਾਂ ਹੀ ਬਚਦਾ ਹੈ। ਬਿਨਾਂ ਪਾਲਕ ਦੇ ਇੱਕ ਵੀ ਫ਼ਾਇਦੇਮੰਦ ਅੰਸ਼ ਸਦਕਾ ਇਹ ਪਾਸਤਾ ਨਾ ਖਾਣਾ ਹੀ ਬਿਹਤਰ ਹੈ।
6. ਥਿੰਦਾ ਰਹਿਤ ਜਾਂ ਘੱਟ ਥਿੰਦੇ ਵਾਲੇ ਖਾਣੇ :-
ਥਿੰਦਾ ਕੱਢਣ ਦੇ ਨਾਲ ਹੀ ਖਾਣੇ ਨੂੰ ਸੁਆਦੀ ਬਣਾਉਣ ਲਈ ਉਸ ਤਰਾਂ ਦੇ ਖਾਣੇ ਵਿਚ ਵੱਧ ਲੂਣ ਜਾਂ ਖੰਡ ਪਾਉਣੀ ਪੈਂਦੀ ਹੈ। ਇਸੇ ਲਈ ਡੱਬੇ ਬਾਹਰ ਅੰਸ਼ ਜ਼ਰੂਰ ਪੜ ਲੈਣੇ ਚਾਹੀਦੇ ਹਨ।
7. ਹੋਲ-ਵੀਟ ਬਰੈੱਡ :-
ਸਾਬਤ ਕਣਕ ਦੇ ਨਾਂ ਹੇਠ ਕਈ ਕੰਪਨੀਆਂ ਬਰੈੱਡ ਵਿਚ ਖੰਡ ਪਾ ਕੇ ਉਸ ਦਾ ਰੰਗ ਭੂਰਾ ਬਣਾ ਦਿੰਦੀਆਂ ਹਨ। ਇਸੇ ਲਈ ਬਾਹਰ ਲਿਖੇ ਅੰਸ਼ ਵੇਖ ਕੇ ਹੀ ਬਰੈੱਡ ਖਰੀਦਣੀ ਚਾਹੀਦੀ ਹੈ।
8. ਗਲਟਨ-ਫਰੀ ਖਣੇ :-
ਕਈ ਗਲਟਨ-ਫਰੀ ਖਾਣਿਆਂ ਨੂੰ ਵੀ ਸਵਾਦੀ ਬਣਾਉਣ ਲਈ ਵਾਧੂ ਲੂਣ ਅਤੇ ਖੰਡ ਜਾਂ ਘਿਓ ਪਾ ਦਿੱਤਾ ਜਾਂਦਾ ਹੈ। ਇਸੇ ਲਈ ਤਾਜ਼ੇ ਫਲ, ਸਬਜ਼ੀਆਂ ਖਾਣੇ ਬਿਹਤਰ ਰਹਿੰਦੇ ਹਨ।
9. ਫਰੋਜ਼ਨ ਚੀਜ਼ਾਂ :-
ਬਣੀਆਂ ਬਣਾਈਆਂ ਫਰੀਜ਼ਰ ਵਿਚ ਰੱਖਣ ਵਾਲੀਆਂ ਚੀਜ਼ਾਂ ਭਾਵੇਂ ਮੀਟ ਹੋਣ ਜਾਂ ਸਬਜ਼ੀਆਂ, ਪ੍ਰੀਜ਼ਰਵੇਟਿਵ ਅਤੇ ਲੂਣ ਨਾਲ ਲਬਾਲਬ ਹੁੰਦੀਆਂ ਹਨ।
10. ਪਰੈਟਜ਼ੈਲ, ਕੁਰਕੁਰੇ ਆਦਿ ਥਿੰਦੇ ਅਤੇ ਲੂਣ ਤੋਂ ਇਲਾਵਾ ਹੋਰ ਕੁੱਝ ਵੀ ਸਰੀਰ ਅੰਦਰ ਨਹੀਂ ਭੇਜਦੇ। ਇਨਾਂ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਵੀ ਵੱਧ ਜਾਂਦੀ ਹੈ।
11. ਵੈੱਜ-ਚਿੱਪਸ :-
ਇਨਾਂ ਵਿਚ ਸਬਜ਼ੀ ਦਾ ਇੱਕ ਵੀ ਵਧੀਆ ਤੱਤ ਨਹੀਂ ਬਚਿਆ ਹੁੰਦਾ। ਨਿਰਾ ਫੋਕ ਅਤੇ ਕੈਲਰੀਆਂ ਹੀ ਹੁੰਦੀਆਂ ਹਨ।
12. ਪ੍ਰੋਟੀਨ-ਬਾਰ :-
ਇਹ ਨਾਂ ਹੀ ਏਨੀ ਖਿੱਚ ਪਾਉਂਦਾ ਹੈ ਕਿ ਕੋਈ ਵਿਰਲਾ ਹੀ ਇਨਾਂ ਨੂੰ ਖਾਧੇ ਬਗ਼ੈਰ ਰਹਿ ਸਕਿਆ ਹੋਵੇਗਾ। ਇਨਾਂ ਵਿਚ ਕੈਲਰੀਆਂ ਅਤੇ ਮਿੱਠਾ ਜ਼ਰੂਰ ਵੱਧ ਹੁੰਦਾ ਹੈ ਪਰ ਬਹੁਤੀਆਂ ਪ੍ਰੋਟੀਨ-ਬਾਰ ਵਿਚ ਪ੍ਰੋਟੀਨ ਨਾ ਬਰਾਬਰ ਹੀ ਹੰੁਦੀ ਹੈ।
13. ਆਰਗੈਨਿਕ-ਖਾਣੇ :- ਭਾਵੇਂ ਹਾਣੀਕਾਰਕ ਸਪਰੇਅ ਰਹਿਤ ਹੋਣ ਪਰ ਅਜਿਹੇ ਖਾਣੇ ਵੀ ਖਾਣ ਤੋਂ ਪਹਿਲਾਂ ਡੱਬੇ ਬਾਹਰ ਲਿਖੀਆਂ ਕੈਲਰੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
14. ਸਮੂਦੀ :- ਘਰ ਅੰਦਰ ਤਾਜ਼ੇ ਫਲ, ਸਬਜ਼ੀਆਂ, ਫਲੈਕਸ ਬੀਜ, ਪੇਠੇ ਦੇ ਬੀਜ ਆਦਿ ਰਲਾ ਕੇ ਵਧੀਆ ਸਮੂਦੀ ਬਣਾ ਕੇ ਪੀਤੀ ਜਾ ਸਕਦੀ ਹੈ। ਬਜ਼ਾਰੀ ਸਮੂਦੀ ਵਿਚ ਕਈ ਪਾਊਡਰ ਅਤੇ ਵਾਧੂ ਖੰਡ ਦੇ ਨਾਲ ਆਈਸਕ੍ਰੀਮ ਵੀ ਪਾ ਦਿੱਤੀ ਜਾਂਦੀ ਹੈ ਜੋ ਸਿਹਤਮੰਦ ਨਹੀਂ ਗਿਣੀ ਜਾ ਸਕਦੀ।
15. ਸੋਇਆ ਦੁੱਧ :- ਖੁਸ਼ਬੂਦਾਰ ਅਤੇ ਮਿੱਠੇ ਸੋਇਆ ਦੁੱਧ ਦੇ ਪੈਕਟ ਬਜ਼ਾਰ ਵਿਚ ਪਏ ਮਿਲਦੇ ਹਨ ਜਿਨਾਂ ਵਿਚ ਪੋਟਾਸ਼ੀਅਮ, ਪ੍ਰੋਟੀਨ ਅਤੇ ਘੱਟ ਕੋਲੈਸਟਰੋਲ ਹੁੰਦਾ ਹੈ। ਜਿਹੜੇ ਚਾਕਲੇਟ, ਅੰਬ ਜਾਂ ਹੋਰ ਖੁਸ਼ਬੂ ਨਾਲ ਭਰਪੂਰ ਹੋਣ, ਉਨਾਂ ਵਿਚ ਵਾਧੂ ਖੰਡ ਅਤੇ ਕੈਲਰੀਆਂ ਹੁੰਦੀਆਂ ਹਨ।
16. ਕੌਫ਼ੀ :- ਗਰਮ ਬਜ਼ਾਰੀ ਕੌਫੀ, ਜਿਸ ਵਿਚ ਖੰਡ ਨਾ ਹੋਵੇ ਅਤੇ ਦੁੱਧ ਵੀ ਘੱਟ ਥਿੰਦੇ ਵਾਲਾ ਹੋਵੇ, ਤਾਂ ਠੀਕ ਰਹਿੰਦੀ ਹੈ। ਠੰਡੀ ਕੌਫ਼ੀ ਸਿਰਫ਼ ਕੈਲਰੀਆਂ ਤੇ ਖੰਡ ਨਾਲ ਭਰੀ ਹੁੰਦੀ ਹੈ।
ਸਾਰ :-
ਪ੍ਰੋਸੈੱਸਡ ਖਾਣੇ, ਕੈਲਰੀਆਂ ਅਤੇ ਖੰਡ ਸਰੀਰ ਦਾ ਨਾਸ ਤਾਂ ਮਾਰਦੇ ਹੀ ਹਨ ਪਰ ਨਾਲੋ-ਨਾਲ ਉਮਰ ਛੋਟੀ ਕਰ ਦਿੰਦੇ ਹਨ। ਜੇ ਬੀਮਾਰੀਆਂ ਤੋਂ ਬਚਣਾ ਹੈ ਤਾਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਰੈਗੂਲਰ ਕਸਰਤ ਕਰਨ ਦੇ ਨਾਲ-ਨਾਲ ਤਣਾਓ ਨੂੰ ਵੀ ਜ਼ਰੂਰ ਛੰਡਣਾ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...