ਪੰਜਾਬ ‘ਚ ਅਦਿੱਤਿਆ ਬਿਰਲਾ ਗਰੁੱਪ ਵੱਲੋਂ ਪੇਂਟ ਅਤੇ ਸੀਮਿੰਟ ਯੂਨਿਟ ਵਿੱਚ 1500 ਦਾ ਵਿਆਪਕ ਨਿਵੇਸ਼, ਮੁੱਖ ਮੰਤਰੀ ਵਲੋਂ ਸਵਾਗਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਦਿੱਤਿਆ ਬਿਰਲਾ ਗਰੁੱਪ ਵੱਲੋਂ ਪੇਂਟ ਇੰਡਸਟਰੀ ਵਿਚ ਪੈਰ ਰੱਖਦਿਆਂ ਸੂਬੇ ਵਿਚ ਪੇਂਟ ਯੂਨਿਟ ਦੀ ਸਥਾਪਨਾ ਲਈ 1000 ਕਰੋੜ ਰੁਪਏ ਦਾ ਵਿਆਪਕ ਨਿਵੇਸ਼ ਕਰਨ ਅਤੇ ਰਾਜਪੁਰਾ ਵਿਖੇ 500 ਕਰੋੜ ਰੁਪਏ ਦੀ ਲਾਗਤ ਨਾਲ ਸੀਮੈਂਟ ਦਾ ਯੂਨਿਟ ਸਥਾਪਤ ਕਰਨ ਲਈ ਗਰੁੱਪ ਦਾ ਸਵਾਗਤ ਕੀਤਾ ਹੈ। ਲੁਧਿਆਣਾ ਵਿਖੇ ਹਾਲ ਹੀ ਵਿਚ ਵਿਕਸਤ ਕੀਤੀ ਹਾਈ-ਟੈੱਕ ਵੈਲੀ ਵਿਚ 147 ਕਰੋੜ ਦੀ ਕੀਮਤ ਵਾਲੇ 61 ਏਕੜ ਜ਼ਮੀਨ ਲਈ ਅਲਾਟਮੈਂਟ ਪੱਤਰ ਸੌਂਪਣ ਮੌਕੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਿਵੇਸ਼ ਨਾਲ ਸੂਬੇ ਵਿਚ ਉਦਯੋਗਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸੰਭਾਵਿਤ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਸੁਖਾਵਾਂ ਮਾਹੌਲ ਦੇਣ ਦੀ ਪੇਸ਼ਕਸ਼ ਕੀਤੀ ਹੈ ਕਿਉਂ ਜੋ ਸੂਬੇ ਵਿਚ ਸ਼ਾਂਤਮਈ ਕਾਮੇ, ਬਿਹਤਰ ਸੜਕਾਂ, ਰੇਲ ਅਤੇ ਹਵਾਈ ਸੰਪਰਕ ਦੇ ਰੂਪ ਵਿਚ ਠੋਸ ਬੁਨਿਆਦੀ ਢਾਂਚਾ ਮੌਜੂਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਮੁਲਕ ਵਿਚ ਲੌਜਿਸਟਿਕ ਨੂੰ ਸੁਖਾਲਾ ਬਣਾਉਣ ਵਿਚ ਦੂਜਾ ਰੈਂਕ ਹਾਸਲ ਕੀਤਾ ਹੈ ਅਤੇ ਸੂਬਾ ਪੂਰਬੀ ਤੇ ਪੱਛਮੀ ਮਾਲ ਲਾਂਘੇ ਨਾਲ ਜੁੜ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ ਪੱਖੀ ਸਨਅਤੀ ਨੀਤੀ ਅਤੇ ਆਕਰਸ਼ਿਤ ਰਿਆਇਤਾਂ ਸਦਕਾ ਪੰਜਾਬ ਮੁਲਕ ਵਿਚ ਨਿਵੇਸ਼ ਲਈ ਸਭ ਤੋਂ ਤਰਜੀਹੀ ਸੂਬਾ ਬਣ ਕੇ ਉਭਰਿਆ ਹੈ ਕਿਉਂ ਜੋ ‘ਨਿਵੇਸ਼ ਪੰਜਾਬ’ ਵਜੋਂ ਵੰਨ ਸਟਾਪ ਸ਼ਾਪ ਨਾਲ ਬੀਤੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਏ 2900 ਤੋਂ ਵੱਧ ਪ੍ਰਾਜੈਕਟਾਂ ਦੇ ਪ੍ਰਸਤਾਵਾਂ ਰਾਹੀਂ 91,000 ਕਰੋੜ ਰੁਪਏ ਦਾ ਵਿਆਪਕ ਨਿਵੇਸ਼ ਵਿਚ ਬੇਰੋਕ ਸਹੂਲਤ ਮੁਹੱਈਆ ਕਰਵਾਈ ਹੈ। ਇਨ੍ਹਾਂ ਵਿਆਪਕ ਨਿਵੇਸ਼ ਵਿੱਚੋਂ 50 ਫੀਸਦੀ ਪ੍ਰਾਜੈਕਟ ਵਪਾਰਕ ਉਤਪਾਦਨ ਸ਼ੁਰੂ ਕਰ ਚੁੱਕੇ ਹਨ ਅਤੇ ਕੋਵਿਡ-19 ਮਹਾਂਮਾਰੀ ਦੀ ਸਿਖਰ ਦੌਰਾਨ ਵੀ ਸੂਬਾ ਅਜਿਹਾ ਨਿਵੇਸ਼ ਲਿਆਉਣ ਦੇ ਸਮਰੱਥ ਹੋਇਆ। ਉਨ੍ਹਾਂ ਨੇ ਰੋਜ਼ਗਾਰ ਉਤਪਤੀ ਦੀ ਵਿਆਪਕ ਯੋਜਨਾ ਦਾ ਵੀ ਜ਼ਿਕਰ ਕੀਤਾ ਜਿਸ ਰਾਹੀਂ 17.63 ਲੱਖ ਨੌਜਵਾਨਾਂ ਨੂੰ ਸਰਕਾਰੀ, ਨਿੱਜੀ ਅਤੇ ਸਵੈ-ਰੋਜ਼ਗਾਰ ਲਈ ਮੌਕੇ ਪ੍ਰਦਾਨ ਕਰਨ ਵਿਚ ਸਹੂਲਤ ਮੁਹੱਈਆ ਕਰਵਾਈ।

ਸਾਂਝਾ ਕਰੋ

ਪੜ੍ਹੋ