ਪਹਿਲੀ ਵਾਰ ਪੰਜਾਬੀ ਮੁੰਡਿਆਂ ਨਿਊਜ਼ੀਲੈਂਡ ’ਚ ਕਰਵਾਈ ‘ਇਨਡੋਰ ਪ੍ਰੀਮੀਅਰ ਕ੍ਰਿਕਟ ਲੀਗ’

ਸ਼ਾਬਾਸ਼ ਮੁੰਡਿਓ! ਜ਼ਬਰਦਸਤ ਪ੍ਰਬੰਧ
-16 ਟੀਮਾਂ ਲਿਆਂ ਭਾਗ-ਇਨਾਮਾਂ ਦੀ ਵੰਡ ਵੀ ਕਾਬਲੇਤਾਰੀਫ
– ਪੀਜ਼ਿਆਂ ਅਤੇ ਸੈਂਡਵਿਚਾਂ ਨਾਲ ਕੀਤੀ ਗਈ ਸੇਵਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 24 ਜੁਲਾਈ, 2021: ਅੱਜ ਪਹਿਲੀ ਵਾਰ ਇਥੇ ਪੰਜਾਬੀ ਮੁੰਡਿਆਂ ਵੱਲੋਂ ‘ਇਨਡੋਰ ਪ੍ਰੀਮੀਅਰ ਕਿ੍ਰਕਟ ਲੀਗ’ ਕਰਵਾਈ ਗਈ। ਪਿਛਲੇ ਸ਼ੁੱਕਰਵਾਰ ਇਹ ਲੀਗ ਮੈਚ ਦਾ ਆਰੰਭ ਹੋਇਆ ਸੀ ਅਤੇ ਦੂਜਾ ਦਿਨ ਸੀ ਤੇ ਇਸ ਵਿਚ ਸੈਮੀਫਾਈਨਲ ਅਤੇ ਫਾਈਨਲ ਦੇ ਮੈਚ ਕਰਵਾਏ ਗਏ। ਐਕਸ਼ਨ ਸੈਂਟਰ 911, ਡੋਮੀਨੀਅਨ ਰੋਡ, ਮਾਊਂਟ ਰੌਸਕਿਲ ਜਿੱਥੇ ਇਹ ਮੈਚ ਹੋ ਰਹੇ ਸਨ ਖਚਾ-ਖਚ ਭਰ ਗਿਆ ਸੀ। ਚਾਰ ਵੱਖ-ਵੱਖ ਕੋਰਟਾਂ ਦੇ ਵਿਚ ਕੁੱਲ 27 ਮੈਚ ਹੋਏ। ਅੱਜ ਹੋਏ ਅੰਤਿਮ ਮੁਕਾਬਲੇ ਵਿਚ ਚੀਆ ਬ੍ਰਾਡਜ਼ ਦੀ ਟੀਮ ਨੇ ਆਪਣੀ ਜਿੱਤ ਦਰਜ ਕਰਦਿਆਂ 1500 ਡਾਲਰ ਦਾ ਇਨਾਮ ਤੇ ਟ੍ਰਾਫੀ (ਇਨਡੋਰ ਪ੍ਰੀਮੀਅਰ ਲੀਗ ਵੱਲੋਂ) ਹਾਸਿਲ ਕੀਤਾ। ਉਪ ਜੇਤੂ ਰਹੀ ‘ਮਾਰਸ ਬਾਰਸ’ ਟੀਮ ਨੂੰ 700 ਡਾਲਰ (ਨਿਊਜ਼ੀਲੈਂਡ ਸਿੱਖ ਗੇਮਜ਼) ਇਨਾਮ ਦਿੱਤਾ ਗਿਆ। ਪਲੇਟ ਜੇਤੂ ਅਲੀਟ ਟੀਮ ਨੂੰ 350 (ਡ੍ਰੀਮੀ ਮਿਕਸ ਵੱਲੋਂ) ਦਿੱਤੇ ਗਏ, ‘ਆਂਟੀ ਸਿੰਡੀ’ ਟੀਮ ਨੂੰ ਬਾਉਲ ਜੇਤੂ ਨੂੰ 100 ਡਾਲਰ ਦਾ ਕੂਪਨ ਦਿੱਤਾ ਗਿਆ, ਮੋਸਟ ਵੈਲੂਏਬਲ ਪਲੇਅਰ ਰੀਕੇਸ਼ ਪਟੇਲ ਨੂੰ 300 ਡਾਲਰ ਵਾਲਾ ਬੈਟ, ਬੈਸਟ ਬੈਟਸਮੈਨ ਸਾਇ ਰਿਹਾ ਤੇ ਬੈਸਟ ਬਾਉਲਰ ਜੌਰਡਨ ਡੈਸ਼ਫੀਲਡ ਨੂੰ ਪ੍ਰਤੀ 150 ਡਾਲਰ ਗਿਫਟ ਵਾਊਚਰ ਅਤੇ ਫਾਈਨਲ ਮੁਕਾਬਲੇ ਦੇ ਵਿਚ ਮੈਨ ਆਫ ਮੈਚ ‘ਲੂਕ’ ਨੂੰ 100 ਡਾਲਰ ਦਿੱਤੇ ਗਏ। ਰਜਿਸਟਰਡ ਪਲੇਅਰਾਂ ਦੇ ਲਈ ਏਅਰ ਪੌਡ ਪਰੋਅ ਰੈਫਲ ਟਿਕਟਾਂ ਰਾਹੀਂ ਕੱਢੇ ਗਏ। ਵਾਇਲੀਮਾ ਕੰਪਨੀ ਵੱਲੋਂ ਹਰ ਟੀਮ ਦੇ ਟਾਪ ਪਲੇਅਰ ਨੂੰ ਇਕ ਚਿੱਲੀ ਬਿਨ ਵੀ ਦਿੱਤਾ ਗਿਆ। ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਟੀਮ ਨੇ ਇਸ ਮੌਕੇ ਪਹੁੰਚ ਕੇ ਜਿੱਥੇ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋਹ ਵਿਚ ਇਨਾਮ ਵੰਡੇ ਉਥੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਪ੍ਰੋਫੈਸ਼ਨਲ ਅੰਪਾਇਰ ਅਤੇ ਹੋਰ ਸਟਾਫ ਇਨ੍ਹਾਂ ਮੈਚਾਂ ਦੇ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਿਚ ਕਾਮਯਾਬ ਰਹੇ। ਬਹੁਤ ਸਾਰੇ ਭਾਰਤੀ ਅਦਾਰਿਆਂ ਨੇ ਇਨ੍ਹਾਂ ਮੁੰਡਿਆਂ ਦੀ ਹੌਂਸਲਾ ਅਫਜ਼ਾਈ ਲਈ ਸਪਾਂਸਰ ਵੀ ਕੀਤਾ ਹੈ। ਪੰਜਾਬੀ ਮੀਡੀਆ ਤੋਂ ਪੰਜਾਬੀ ਹੈਰਲਡ, ਰੇਡੀਓ ਸਪਾਈਸ ਅਤੇ ਡੇਲੀ ਖਬਰ ਇਨ੍ਹਾਂ ਮੈਚਾਂ ਨੂੰ ਕਵਰ ਕਰਨ ਪਹੁੰਚੇ ਦਰਸ਼ਕਾਂ ਦੇ ਲਈ ਫ੍ਰੀ ਐਂਟਰੀ ਸੀ ਅਤੇ ਪਾਰਕਿੰਗ ਦਾ ਵੀ ਪ੍ਰਬੰਧ ਵਧੀਆ ਸੀ। ਦਰਸ਼ਕਾਂ ਵਾਸਤੇ ਪੀਜ਼ੇ ਅਤੇ ਸੈਂਡਵਿਚ ਰੱਖੇ ਗਏ ਸਨ।

ਸਾਂਝਾ ਕਰੋ

ਪੜ੍ਹੋ