ਕਿਵੇਂ ਭਜਾਈਏ ਵਾਇਰਸ…/ਕਮਲੇਸ਼ ਉੱਪਲ

ਭਲਾ ਕਦੇ ਵਾਇਰਸ ਵੀ ਮਨੁੱਖ ਦੀ ਜ਼ਿੰਦਗੀ ’ਚੋਂ ਗਾਇਬ ਹੋਏ ਹਨ? ਨਹੀਂ ਨਾ? ਜੇ ਇਹ ਸੱਚ ਹੈ ਤਾਂ ਅਸੀਂ ਇਕ ਮੌਜੂਦਾ ਵਾਇਰਸ ਦੀਆਂ ਵਧੀਕੀਆਂ, ਤਬਾਹੀਆਂ ਜਾਂ ਖਰਮਸਤੀਆਂ ਖਿ਼ਲਾਫ਼ ਇਹ ਜਹਾਦ ਇਸ ਢੰਗ ਨਾਲ ਕਿਉਂ ਛੇੜ ਰੱਖੀ ਹੈ ਕਿ ਆਪਣਾ ਜੀਣਾ ਮੁਸ਼ਕਿਲ ਕਰ ਲਿਆ? ਵਾਇਰਸ ਨਾਲ ਲੜਨਾ ਹੈ, ਇਸ ਨੂੰ ਦਵਾਈਆਂ ਤੇ ਵੈਕਸੀਨ ਦੁਆਰਾ ਖਤਮ ਕਰਨ ਦੇ ਉਪਰਾਲੇ ਕਰਨੇ ਹਨ ਪਰ ਕੀ ਇਸ ਲੜਾਈ ’ਚ ਅਮਨ-ਚੈਨ, ਪੜ੍ਹਾਈ-ਲਿਖਾਈ, ਵਣਜ-ਵਪਾਰ ਵਰਗੀਆਂ, ਜ਼ਿੰਦਗੀ ਦੀਆਂ ਹੋਰ ਬਖ਼ਸ਼ਿਸ਼ਾਂ ਦਾਅ ਤੇ ਲਗਾ ਦੇਣੀਆਂ ਜ਼ਰੂਰੀ ਹਨ? ਸਾਰੀ ਵਿਵਸਥਾ ਹੀ ਵਿਗੜੀ ਪਈ ਹੈ। ਆਰਥਿਕ ਸਰਗਰਮੀਆਂ, ਕਾਰ ਵਿਹਾਰ, ਰੁਜ਼ਗਾਰ ਆਦਿ ਹੌਲੀ ਹੌਲੀ ਠੱਪ ਹੋ ਰਹੇ ਹਨ। ਕੋਵਿਡ-19 ਦੀਆਂ ਦੋ ਲਹਿਰਾਂ ਵਿਚ ਬਹੁਤ ਕੁਝ ਉਲਟਾ ਪੁਲਟਾ ਹੋ ਚੁੱਕਾ ਹੈ। ਬਹੁਤ ਕੁਝ ਹੋਰ ਦੇ ਬਰਬਾਦ ਹੋਣ ਦੇ ਖ਼ਦਸ਼ੇ ਵਧ ਰਹੇ ਹਨ। ਗਰੀਬ ਭੁੱਖੇ ਮਰ ਰਹੇ ਹਨ। ਰੋਜ਼ ਕਮਾ ਕੇ ਰੋਟੀ ਖਾਣ ਵਾਲੇ ਦਿਹਾੜੀਏ ਬਿਨਾ ਮਹਾਮਾਰੀ ਤੋਂ ਹੀ ਮਰਨ ਕੰਢੇ ਹੋਏ ਪਏ ਹਨ। ਡਰ, ਸਹਿਮ, ਦੁਚਿਤੀ ਅਤੇ ਦੁਵਿਧਾ ਨੇ ਜ਼ਿੰਦਗੀ ਨੂੰ ਘੇਰ ਲਿਆ ਹੈ।

ਜ਼ਿੰਦਗੀ ਦੇ ਕਈ ਦਹਾਕੇ ਜੀਣ ਵਾਲਿਆਂ ਦਾ ਹੁਣ ਤਕ ਜਿੰਨੇ ਵੀ ਵਾਇਰਸਾਂ ਤੇ ਬੈਕਟੀਰੀਆ ਨਾਲ ਵਾਹ ਪਿਆ ਹੈ, ਉਹ ਸਾਰੇ ਹੀ ਨਾ ਸੌ ਫ਼ੀਸਦ ਦੂਰ ਹੋਏ ਹਨ ਅਤੇ ਨਾ ਹੀ ਵੈਕਸੀਨੇਸ਼ਨਾਂ ਸੌ ਫ਼ੀਸਦ ਕਾਮਯਾਬ ਰਹੀਆਂ ਹਨ; ਸਿਵਾਇ ਚੇਚਕ ਅਤੇ ਪਲੇਗ ਦੇ ਹੋਰ ਕੋਈ ਬਿਮਾਰੀ ਕਿੱਧਰੇ ਗਈ ਨਹੀਂ। ਕੋਵਿਡ-19 ਦੀ ਪਰੇਸ਼ਾਨੀ ਤੋਂ ਅਜੇ ਸੁਖ ਦਾ ਸਾਹ ਆਇਆ ਨਹੀਂ ਕਿ ਇਕ ਹੋਰ ਸ਼ਰੀਕ ਓਮੀਕਰੋਨ ਪੈਦਾ ਹੋ ਗਿਆ ਹੈ ਜਾਂ ਕਰ ਲਿਆ ਗਿਆ ਹੈ। ਸਾਡੀ ਪੀੜ੍ਹੀ ਨੇ ਹੁਣ ਤਕ ਫਲੂ ਰੱਜ ਕੇ ਭੋਗਿਆ। ਇਸ ਫਲੂ ਨੂੰ ਹੀ ਸਾਥੋਂ ਅਗਲੀ ਪੀੜ੍ਹੀ ਵਾਇਰਲ ਕਹਿਣ ਲੱਗ ਪਈ। ਇਹ ਵੀ ਜਾਣਦੇ ਹਾਂ ਕਿ ਇਹ ਮੌਸਮੀ ਵਾਇਰਲ ਪੂਰੇ ਦੇ ਪੂਰੇ ਪਰਿਵਾਰਾਂ ਵਿਚ ਇਕੋ ਸਮੇਂ ਫੈਲਦਾ ਰਿਹਾ ਹੈ। ਇਸ ਤੋਂ ਠੀਕ ਹੋਣ ਵਿਚ ਦੋ ਜਾਂ ਤਿੰਨ ਹਫ਼ਤੇ ਲੱਗ ਹੀ ਜਾਂਦੇ ਸਨ। ਹੁਣ ਇਹੋ ਵਾਇਰਲ ਜਦੋਂ ਨਿਮੋਨੀਏ ਦੇ ਲੱਛਣਾਂ ਨਾਲ ਲੈਸ ਹੋ ਕੇ ਆ ਗਿਆ ਤਾਂ ਕਰੋਨਾ ਕਹਿਲਾਇਆ। ਆਪਣੀ ਰੋਗ-ਨਿਰੋਧਕ ਸ਼ਕਤੀ ਅਨੁਸਾਰ ਹਰ ਸ਼ਖ਼ਸ ਨੇ ਇਸ ਨਾਲ ਲੜਾਈ ਲੜੀ ਹੈ। ਜਿਨ੍ਹਾਂ ਦੀ ਰੋਗ-ਰੋਕੂ ਸਮਰੱਥਾ ਬਹੁਤ ਮਾੜੀ ਸੀ, ਉਨ੍ਹਾਂ ਨੂੰ ਆਕਸੀਜਨ ਤੇ ਨਿਰਭਰ ਹੋਣਾ ਪਿਆ। ਕਰੋਨਾ ਖ਼ਿਲਾਫ਼ ਜਦੋ-ਜਹਿਦ ਦਾ ਵੱਡਾ ਨਤੀਜਾ ਇਹੀ ਨਿਕਲਦਾ ਹੈ ਕਿ ਜਿਸ ਦੀ ਰੋਗ-ਰੋਕੂ ਤਾਕਤ ਜਾਂ ਇਮਿਊਨਿਟੀ ਜਿੰਨੀ ਸ਼ਕਤੀਸ਼ਾਲੀ ਹੈ, ਉਹ ਇਸ ਤੋਂ ਉਤਨਾ ਹੀ ਸੁਰੱਖਿਅਤ ਹੈ। ਵੈਕਸੀਨੇਸ਼ਨ ਹੀ ਇਕੋ-ਇਕ ਅਜਿਹਾ ਅੰਮ੍ਰਿਤ ਨਹੀਂ ਕਿ ਛੋਟੇ ਵੱਡੇ ਸਭ ਨੂੰ ਫੜ ਫੜ ਕੇ ਅਤੇ ਡਰਾ ਧਮਕਾ ਕੇ ਪਿਲਾ ਦਿਤਾ ਜਾਵੇ। ਆਖਿ਼ਰ ਇਹ ਵਾਇਰਸ ਹੈ ਜੋ ਵੱਖ ਵੱਖ ਵੇਸ ਧਾਰ ਕੇ, ਰੂਪ ਬਦਲ ਕੇ ਆਉਂਦਾ ਰਹੇਗਾ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਨਾਲ ਲੜਨ ਲਈ ਮਨੁੱਖੀ ਸਰੀਰ ਅੰਦਰੋਂ ਕਿਵੇਂ ਮਜ਼ਬੂਤ ਕੀਤੇ ਜਾਣ।

ਖਾਕਸਾਰ ਇਹ ਗੱਲਾਂ ਕਿਸੇ ਮੈਡੀਕਲ ਨਜ਼ਰੀਏ ਤੋਂ ਨਹੀਂ ਕਰ ਰਹੀ। ਸਿਰਫ਼ ਜਿ਼ੰਮੇਵਾਰ ਸੀਨੀਅਰ ਸਿਟੀਜ਼ਨ ਵਜੋਂ ਆਪਣੇ ਹੰਢਾਏ ਤਜਰਬਿਆਂ ਨੂੰ ਸਾਂਝਾ ਕਰਨਾ ਚਾਹੁੰਦੀ ਹੈ। ਮੈਨੂੰ ਯਾਦ ਹੈ, ਛੇ-ਸੱਤ ਦਹਾਕੇ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਨਿਮਨ-ਮੱਧਵਰਗ ਘਰਾਂ ਵਿਚ ਮਾਵਾਂ ਸੀਤ ਲਹਿਰ ਦੇ ਸਮੇਂ ਰੋਜ਼ ਰਾਤ ਬੱਚਿਆਂ ਨੂੰ ਸੌਣ ਤੋਂ ਪਹਿਲਾ ਇਕ ਖ਼ਾਸ ਖੁਰਾਕ ਪਿਲਾਉਂਦੀਆਂ ਰਹੀਆਂ ਹਨ। ਇਹ ਖੁਰਾਕ ਖਸਖਸ, ਬਦਾਮ, ਥੋੜ੍ਹਾ ਦੇਸੀ ਘਿਉ ਅਤੇ ਦੁੱਧ ਤੋਂ ਰੋਜ਼ ਤਿਆਰ ਕੀਤੀ ਜਾਂਦੀ ਸੀ। ਇਸ ਨੂੰ ਸੁੜ੍ਹਕਾ ਕਿਹਾ ਜਾਂਦਾ ਸੀ। ਕਹਿਣ ਦਾ ਭਾਵ ਇਹ ਹੈ ਕਿ ਉਸ ਸਮੇਂ ਦੇ ਵਾਇਰਲ ਨੂੰ ਖਸਖਸ ਨਾਲ ਹੀ ਦੂਰ ਰੱਖਣ ਵਿਚ ਸਫਲ ਰਹੀਦਾ ਸੀ। ਅੱਜ ਦੇਰ ਪਾ ਕੇ ਇਸ ਨੇ ਰੂਪ ਬਦਲ ਲਏ ਹਨ ਤੇ ਬੰਦੇ ਦੀ ਖੁਰਾਕ ਨੇ ਵੀ ਰੂਪ ਬਦਲ ਲਏ ਹਨ। ਨਤੀਜਾ ਇਹ ਕਿ ‘ਵੈਕਸੀਨੇਸ਼ਨ ਠੋਕੋ’ ਹੀ ਕਾਰਗਰ ਇਲਾਜ ਸਮਝਿਆ ਜਾਂਦਾ ਹੈ।

ਸਾਡੀ ਸਿਹਤ ਪ੍ਰਣਾਲੀ ਕਈ ਦਹਾਕਿਆਂ ਤੋਂ ਡਾਵਾਂਡੋਲ ਹੋਈ ਪਈ ਹੈ। ਫਿਰ ਵੀ ਮੌਜੂਦਾ ਖਤਰਨਾਕ ਦੌਰ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕੋਵਿਡ ਦੀਆਂ ਲਹਿਰਾਂ ਨਾਲ ਨਜਿੱਠਿਆ ਹੈ। ਸਰਦੀ ਦੀ ਆਮਦ ਕਾਰਨ ਮਾਮਲੇ ਵਧਣੇ ਹੀ ਹੋਏ। ਸਾਡੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿਚ ਅਜਿਹਾ ਤਾਲਮੇਲ ਜ਼ਰੂਰੀ ਹੈ ਕਿ ਪ੍ਰਾਇਮਰੀ ਤੋਂ ਹਾਈ ਕਲਾਸਾਂ ਤਕ ਦੀ ਪੜ੍ਹਾਈ ਵਿਚ ਸਰੀਰ ਦੇ ਜ਼ਰੂਰੀ ਸਜਿੰਦ ਅੰਗਾਂ ਬਾਰੇ ਸਟੀਕ ਜਾਣਕਾਰੀ ਦੇਣੀ ਜ਼ਰੂਰੀ ਬਣਾਈ ਜਾਵੇ। ਸਿਹਤ ਸਹੂਲਤ ਅਤੇ ਸਿਹਤਯਾਬੀ ਬੰਦੇ ਦੀ ਜੀਵਨ ਜਾਚ ਦਾ ਅਹਿਮ ਹਿੱਸਾ ਬਣ ਜਾਣੀ ਚਾਹੀਦੀ ਹੈ। ਸਰੀਰ ਬਾਰੇ ਬੁਨਿਆਦੀ ਗਿਆਨ ਹਾਸਲ ਕਰਾਉਣਾ ਸਾਡੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਗਿਆਨ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਹਰ ਸ਼ਖ਼ਸ ਨੂੰ ਘੱਟੋ-ਘੱਟ ਇੰਨੀ ਸੋਝੀ ਕਰਾ ਦੇਵੇ ਕਿ ਸਰੀਰ ਉਸ ਦੀ ਉਹ ਮਲਕੀਅਤ ਹੈ ਕਿ ਜਿਸ ਨੂੰ ਠੀਕ ਅਤੇ ਸਿਹਤਮੰਦ ਰਖਣਾ ਜੀਵਨ ਦਾ ਪਰਮ ਉਦੇਸ਼ ਹੈ। ਆਪਣੀ ਕਾਇਆ ਨਾਲ ਇਕ ਸੁਰ ਹੋ ਕੇ ਜਿਊਣ ਨਾਲ ਬੰਦਾ ਆਪਣੇ ਲਈ ਅੱਧਾ ਡਾਕਟਰ ਬਣ ਸਕਦਾ ਹੈ ਪਰ ਇਸ ਕਾਰਜ ਲਈ ਜਿਸ ਪ੍ਰਬੰਧ ਦੀ ਲੋੜ ਹੈ, ਉਹ ਹਰ ਆਮ ਖਾਸ ਦੀ ਨਿਰੋਗਤਾ ਨੂੰ ਆਪਣਾ ਮੁੱਖ ਉਦੇਸ਼ ਬਣਾਏ। ਸਾਡੇ ਸਿਹਤ ਮੰਤਰਾਲੇ ਅਤੇ ਉਨ੍ਹਾਂ ਦੇ ਸੂਤਰਧਾਰ ਜੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਅਜਿਹਾ ਪੈਰਾ-ਮੈਡੀਕਲ ਅਮਲਾ ਤਾਇਨਾਤ ਕਰਨ ਜੋ ਲੋਕਾਂ ਨੂੰ ਦਵਾਈ ਵੰਡਣ ਦੇ ਨਾਲ ਨਾਲ ਸਰੀਰ ਬਾਰੇ ਗਿਆਨ ਵੀ ਮੁਹੱਈਆ ਕਰਾਵੇ ਤਾਂ ਜਨਤਾ ਦਾ ਭਲਾ ਹੋ ਸਕਦਾ ਹੈ।

ਬਦਕਿਸਮਤੀ ਨਾਲ ਸਾਡੇ ਪ੍ਰਬੰਧਕਾਂ ਅਤੇ ਸਮੁੱਚੀ ਵਿਵਸਥਾ ਦਾ ਵਾਹ ਜਿਹੜੀ ਸਿਆਸੀ ਸੱਤਾ ਨਾਲ ਹੈ, ਉਸ ਦੀਆਂ ਨੀਤੀਆਂ ਅਤੇ ਪੈਂਤੜੇ ਜਨਹਿਤ ਆਧਾਰਿਤ ਨਹੀਂ ਹਨ। ਸਾਡੇ ਸੱਤਾਧਾਰੀ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਹਰ ਖੇਤਰ ਵਿਚਲੀ ਸਹੂਲਤ ਨੂੰ ਪਹਿਲਾਂ ਆਪਣੇ ਜਾਂ ਆਪਣੇ ਵਰਗਿਆਂ ਲਈ ਵਰਤਣ ਦਾ ਵਿਸ਼ੇਸ਼ ਅਧਿਕਾਰ ਵਰਤਦੇ ਹਨ। ਸਾਰੇ ਹਾਲਾਤ ਨੂੰ ਮੁੱਖ ਰੱਖ ਕੇ ਸਾਡੀ ਸਿਹਤ ਪ੍ਰਣਾਲੀ ਵਿਚ ਵੱਡੇ ਰੱਦੋ-ਬਦਲ ਅਤੇ ਸੁਧਾਰ ਦੀ ਲੋੜ ਹੈ। ਵੱਧ ਹਸਪਤਾਲ ਜਾਂ ਵੱਧ ਡਾਕਟਰ ਮੁਹੱਈਆ ਕਰਾ ਦੇਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ। ਲੋਕਾਂ, ਖਾਸਕਰ ਸਾਧਾਰਨ ਤਬਕੇ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਦਵਾਈਆਂ ਜਾਂ ਸਹੂਲਤਾਂ ਦੇਣ ਤੋਂ ਵੱਧ ਜ਼ਰੂਰੀ ਹੈ।
ਸੰਪਰਕ: 98149-02564

ਸਾਂਝਾ ਕਰੋ

ਪੜ੍ਹੋ