ਮੋਬਾਈਲ ਦੀ ਲਤ ਜਾਂ ਬੀਮਾਰੀ ਦੀ ਸ਼ੁਰੂਆਤ ਕਿਵੇਂ ਪਛਾਣੀਏ?/ ਡਾ. ਹਰਸ਼ਿੰਦਰ ਕੌਰ

ਮੋਬਾਈਲ ਫ਼ੋਨ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈ। ਇਸ ਦੀ ਵਰਤੋਂ ਕਰਦਿਆਂ ਕਦੋਂ ਕੋਈ ਜਣਾ ਇਸ ਦਾ ਆਦੀ ਬਣ ਜਾਂਦਾ ਤੇ ਕਦੋਂ ਮਾਨਸਿਕ ਰੋਗੀ, ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਮੋਬਾਈਲ ਦੀ ਵਰਤੋਂ ਨਾਲ ਜੁੜੇ ਅਨੇਕ ਤਰਾਂ ਦੇ ਮਾਨਸਿਕ ਰੋਗ ਲੱਭੇ ਜਾ ਚੁੱਕੇ ਹਨ।
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੋਬਾਈਲ ਦੀ ਲਤ ਤਾਂ ਨਹੀਂ ਲੱਗੀ? ਇਸ ਬਾਰੇ ਮਨੋਰੋਗ ਮਾਹਿਰਾਂ ਨੇ 11 ਨੁਕਤਿਆਂ ਬਾਰੇ ਦੱਸਿਆ ਹੈ, ਜੋ ਇਸ਼ਾਰਾ ਕਰਦੇ ਹਨ ਕਿ ਕਿਸੇ ਨੂੰ ਮੋਬਾਈਲ ਦੀ ਵਰਤੋਂ ਨਾਲ ਨੁਕਸਾਨ ਤਾਂ ਨਹੀਂ ਹੋਣਾ ਸ਼ੁਰੂ ਹੋਇਆ। ਇਹ ਹਨ :-
1. ਕੀ ਮੋਬਾਈਲ ਨੂੰ ਸਜਾਉਣ ਉੱਤੇ ਅਤੇ ਉਸ ਦੀ ਸਾਫ਼ ਸਫ਼ਾਈ ਕਰਦੇ ਰਹਿਣ ਦੇ ਨਾਲ
ਲਗਾਤਾਰ ਫ਼ੋਨ ਕਵਰ ਬਦਲਣੇ ਆਦਿ ਕਿਤੇ ਮੋਬਾਈਲ ਦੀ ਕੀਮਤ ਜਿੰਨੇ ਖ਼ਰਚੇ ਉੱਤੇ ਤਾਂ ਨਹੀਂ ਪਹੁੰਚ ਚੁੱਕੇ?
2. ਮੋਬਾਈਲ ਵਿਚ 30 ਵੱਖੋ-ਵੱਖ ਐਪ ਡਾਊਨਲੋਡ ਕੀਤੇ ਜਾ ਚੁੱਕੇ ਹਨ?
3. ਕੀ ਮੋਬਾਈਲ ਵਿਚਲੇ ਟਵਿਟਰ, ਫੇਸਬੁੱਕ, ਵਟਸਐੱਪ ਵਿਚ ਰੁੱਝੇ ਆਪਣੇ ਜ਼ਰੂਰੀ ਕੰਮ ਦਾ ਵਕਤ ਜਾਂ ਦਵਾਈ ਦਾ ਸਮਾਂ ਤਾਂ ਨਹੀਂ ਖੁੰਝ ਰਿਹਾ? ਕੀ ਅਜਿਹੇ ਜ਼ਰੂਰੀ ਕੰਮਾਂ ਲਈ  ਮੋਬਾਈਲ ਵਿਚ ਅਲਾਰਮ ਲਾਉਣਾ ਪੈਂਦਾ ਹੈ?
4. ਕੀ ਮੋਬਾਈਲ ਬਾਰੇ ਸੰਪੂਰਨ ਜਾਣਕਾਰੀ ਲੈਣ ਲਈ ਮੋਬਾਈਲ ਰਾਹੀਂ ਹੀ ਪਤਾ ਕਰਦੇ ਰਹਿੰਦੇ ਹੋ?
5. ਕੀ ਰੋਜ਼ ਦਾ ਮਿਲਿਆ ਡਾਟਾ ਪੂਰਾ ਵਰਤਿਆ ਜਾਂਦਾ ਹੈ ਤੇ ਹੋਰ ਦੀ ਲੋੜ ਮਹਿਸੂਸ ਹੁੰਦੀ  ਹੈ?
6. ਕੀ ਟੈਕਸਟ ਮੈੱਸੇਜ ਤੁਹਾਡੇ ਦਿਨ ਦਾ ਇੱਕ ਚੌਥਾਈ ਸਮਾਂ ਖਾ ਰਹੇ ਹਨ?
7. ਕੀ ਤੁਹਾਡੇ ਫ਼ੋਨ ਦੀ ਬੈਟਰੀ ਪੂਰਾ ਦਿਨ ਚਲ ਜਾਂਦੀ ਹੈ? ਕਿਤੇ ਦੂਜੀ ਵਾਰ ਚਾਰਜ ਤਾਂ ਨਹੀਂ ਕਰਨਾ ਪੈਂਦਾ? ਕੀ ਕਿਸੇ ਥਾਂ ਪਹੁੰਚ ਕੇ ਸਭ ਤੋਂ ਪਹਿਲਾਂ ਚਾਰਜਰ ਲਾਉਣ ਲਈ ਥਾਂ  ਤਾਂ ਨਹੀਂ ਲੱਭਣੀ ਪੈਂਦੀ?
8. ਕੀ ਫ਼ੋਨ ਹੱਥੋਂ ਡਿੱਗ ਜਾਣ ਉੱਤੇ ਦਿਲ ਦੀ ਧੜਕਨ ਇਕਦਮ ਰੁੱਕ ਗਈ ਜਾਪਦੀ ਹੈ? ਕੀ  ਸਕਰੀਨ ਟੁੱਟ ਜਾਣ ਉੱਤੇ ਰਿਪੇਅਰ ਲਈ ਮੋਬਾਈਲ ਦੇਣ ਨਾਲ ਰਾਤ ਦੀ ਨੀਂਦਰ ਉੱਤੇ  ਫ਼ਰਕ ਪੈਂਦਾ ਹੈ ਜਾਂ ਇੰਜ ਜਾਪਦਾ ਹੈ ਕਿ ਕੋਈ ਜ਼ਰੂਰੀ ਅੰਗ ਟੁੱਟ ਗਿਆ ਹੈ?
9. ਕੀ ਦੋਸਤਾਂ ਨਾਲ ਬੈਠਿਆਂ ਮੋਬਾਈਲ ਫ਼ੋਨ ਦੀਆਂ ਕਿਸਮਾਂ ਬਾਰੇ ਗੱਲਬਾਤ ਜਾਂ ਇੱਕ ਦੂਜੇ ਦੇ ਫ਼ੋਨ ਦੀ ਬਣਤਰ ਜਾਂ ਕਿਸਮ ਬਾਰੇ ਜ਼ਿਕਰ ਕੀਤਾ ਜਾਂਦਾ ਹੈ? ਨਵੇਂ ਐਪ ਬਾਰੇ ਵੀ ਜ਼ਿਕਰ ਚਲਦਾ ਹੈ?
10. ਜੇ ਕੰਮ ਉੱਤੇ ਜਾਂ ਘਰੋਂ ਬਾਹਰ ਖਾਣਾ ਖਾਣ ਜਾਣ ਲੱਗਿਆਂ ਫ਼ੋਨ ਘਰ ਰਹਿ ਜਾਵੇ ਤਾਂ ਉਸੇ ਵੇਲੇ ਕੰਮ ਛੱਡ ਕੇ ਵਾਪਸ ਫ਼ੋਨ ਲੈਣ ਜਾਣਾ ਪੈਂਦਾ ਹੈ? ਕੀ ਉਸ ਸਮੇਂ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕੋਈ ਜ਼ਰੂਰੀ ਫ਼ੋਨ ਜਾਂ ਮੈੱਸੇਜ ਪੜਨਾ ਰਹਿ ਨਾ ਜਾਏ?
11. ਕੀ ਗੁਸਲਖਾਨੇ ਵਿਚ ਵੀ ਮੋਬਾਈਲ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ? ਕੀ ਸੁੱਤੇ ਉੱਠੇ ਸਭ ਤੋਂ ਪਹਿਲਾਂ ਮੋਬਾਈਲ ਫ਼ੋਨ ਚੁੱਕਣ ਨੂੰ ਮਨ ਉਕਸਾਉਂਦਾ ਹੈ?
ਜੇ ਉੱਪਰ ਦੱਸੇ 11 ਸਵਾਲਾਂ ਵਿੱਚੋਂ 8 ਦੇ ਜਵਾਬ ਹਾਂ ਵਿਚ ਹਨ ਤਾਂ ਇਸ ਦਾ ਮਤਲਬ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਹੈ। ਇਸ ਤਰਾਂ ਦੀ ਲਤ ਹੌਲੀ-ਹੌਲੀ ਕਈ ਕਿਸਮਾਂ ਦੇ ਮਾਨਸਿਕ ਰੋਗਾਂ ਦੇ ਬੀਜ ਬੋ ਦਿੰਦੀ ਹੈ।
ਇਹ ਮਾਨਸਿਕ ਰੋਗਾਂ ਦੇ ਬੀਜ ਹਨ :-
1. ਵਧਦੀ ਚਿੰਤਾ
2. ਛੇਤੀ ਘਬਰਾਹਟ ਮਹਿਸੂਸ ਕਰਨੀ
3. ਤਣਾਓ ਮਹਿਸੂਸ ਹੋਣਾ
4. ਸਿਰ ਪੀੜ ਰਹਿਣ ਲੱਗ ਪੈਣੀ
5. ਇਕਦਮ ਭੜਕ ਜਾਣਾ
6. ਛੇਤੀ ਗੁੱਸਾ ਆਉਣਾ
7. ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣੀ
8. ਦੂਜੇ ਨੂੰ ਭੰਡ ਕੇ ਮਨ ਅੰਦਰ ਤਸੱਲੀ ਮਹਿਸੂਸ ਹੋਣੀ
9. ਪੱਠਿਆਂ ਵਿਚ ਪੀੜ ਰਹਿਣੀ
10. ਨਜ਼ਰ ਘਟਣੀ
11. ਅਜੀਬ ਆਵਾਜ਼ਾਂ ਸੁਣਾਈ ਦੇਣੀਆਂ
12. ਖ਼ੁਰਕ ਹੁੰਦੀ ਜਾਪਣੀ
13. ਨੀਂਦਰ ਪੂਰੀ ਨਾ ਆਉਣੀ
14. ਸ਼ਰਾਬ ਪੀਣੀ ਸ਼ੁਰੂ ਕਰ ਦੇਣੀ, ਸਿਗਰਟਨੋਸ਼ੀ
ਆਮ ਧਾਰਨਾ ਹੈ ਕਿ ਜੇ ਮੋਬਾਈਲ ਫ਼ੋਨ ਉੱਤੇ ਖੇਡਾਂ ਨਹੀਂ ਖੇਡੀਆਂ ਜਾ ਰਹੀਆਂ ਅਤੇ ਸਿਰਫ਼ ਕੰਮ ਲਈ ਵਰਤੇ ਜਾ ਰਹੇ ਹਨ ਤਾਂ ਇਹ ਬੀਮਾਰੀ ਨਹੀਂ ਮੰਨਣੀ ਚਾਹੀਦੀ। ਇਸ ਦੇ ਉਲਟ ਮਨੋਵਿਗਿਆਨੀਆਂ ਨੇ ਲਤ ਲੱਗੀ ਮੰਨੀ ਹੈ- ਇੰਟਰਨੈੱਟ ਵਰਤੋਂ, ਕੈਮਰਾ, ਜੀ.ਪੀ.ਐੱਸ. ਰਾਹੀਂ ਰਸਤਾ ਲੱਭਣਾ, ਓਨਲਾਈਨ ਖ਼ਰੀਦੋ-ਫਰੋਖ਼ਤ, ਵੀਡੀਓ-ਕਾਲ, ਕੈਮ ਸਕੈਨਰ ਤੋਂ ਲੈ ਕੇ ਵੱਖੋ-ਵੱਖ ਖੇਡਾਂ ਸਮੇਤ ਜੇ ਲਗਾਤਾਰ ਮੋਬਾਈਲ ਦੀ ਵਰਤੋਂ ਹੋ ਰਹੀ ਹੈ ਤਾਂ ਇਹ ਲਤ ਹੀ ਮੰਨੀ ਜਾਵੇਗੀ ਕਿਉਂਕਿ ਪਰਿਵਾਰ ਲਈ ਸਮਾਂ, ਲਿਖਣ ਪੜਨ, ਘਰ ਦਾ ਕੰਮ, ਚਿੱਤਰਕਾਰੀ, ਦੋਸਤਾਂ ਨਾਲ ਘੁੰਮਣਾ ਆਦਿ ਸਭ ਕੁੱਝ ਮਨਫ਼ੀ ਹੋ ਜਾਂਦਾ ਹੈ।
ਮੋਬਾਈਲ ਤੋਂ ਬਗ਼ੈਰ ਮਹਿਸੂਸ ਹੁੰਦੀ ਘਬਰਾਹਟ, ਬਦੋਬਦੀ ਫ਼ੋਨ ਵਿੱਚੋਂ ਕੁੱਝ ਨਾ ਕੁੱਝ ਲੱਭਣਾ ਆਦਿ ਸਾਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਦਾ ਰਹਿੰਦਾ ਹੈ।
ਇਹ ਲਤ ਕਈ ਵਾਰ ਏਨੀ ਖ਼ਤਰਨਾਕ ਹੋ ਜਾਂਦੀ ਹੈ ਕਿ ਜਾਨ ਤੱਕ ਚਲੀ ਜਾਂਦੀ ਹੈ। ਮਿਸਾਲ ਵਜੋਂ, ਗੱਡੀ ਚਲਾਉਂਦਿਆਂ ਮੈੱਸੇਜ ਕਰਨੇ, ਲਟਕ ਕੇ ਫੋਟੋ ਖਿੱਚਣੀ ਆਦਿ। ਹੁਣ ‘‘ਓਨਲਾਈਨ ਸੈਕਸ’’ ਅਧੀਨ ਬਹੁਤ ਵੱਡੀ ਗਿਣਤੀ ਨੌਜਵਾਨ ਬੱਚੇ ਤੇ ਵਡੇਰੀ ਉਮਰ ਵਾਲੇ ਵੀ ਬਦੋਬਦੀ ਮੋਬਾਈਲ ਨਾਲ ਚਿਪਕਦੇ ਜਾ ਰਹੇ ਹਨ। ਬਿਲਕੁਲ ਇੰਜ ਹੀ ਮੋਬਾਈਲ ਉੱਤੇ ਖੇਡੀ ਜਾ ਰਹੀ ਜੂਏ ਦੀ ਖੇਡ ਨੇ ਵੀ ਲੱਖਾਂ ਲੋਕਾਂ ਨੂੰ ਲਗਾਤਾਰ ਫ਼ੋਨ ਨਾਲ ਚਿਪਕਾ ਛੱਡਿਆ ਹੈ। ਅਣਗਿਣਤ ਔਰਤਾਂ ਫ਼ੋਨ ਉੱਤੇ ਵਕਤੀ ਤੌਰ ਉੱਤੇ ਇਕਦਮ ਦਿਸਦੀ ‘ਸੇਲ’ ਸਦਕਾ ਲਗਾਤਾਰ ਫ਼ੋਨ ਚੈੱਕ ਕਰਦੀਆਂ ਰਹਿੰਦੀਆਂ ਹਨ।
ਅਨੇਕ ਸੈਲਫ਼ੀਆਂ ਖਿੱਚ-ਖਿੱਚ ਕੇ ਲਗਾਤਾਰ ਇੰਟਰਨੈੱਟ ਉੱਤੇ ਚੜਾਉਣ ਦਾ ਮਾਨਸਿਕ ਰੋਗ ਪਾਲ ਲੈਂਦੇ ਹਨ।
ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਇੰਟਰਨੈੱਟ ਦੇ ਆਦੀ ਬੰਦੇ ਦੋਸਤਾਂ ਮਿੱਤਰਾਂ ਤੋਂ ਟੁੱਟ ਜਾਂਦੇ ਹਨ ਤੇ ਇਕੱਲੇਪਨ ਦਾ ਸ਼ਿਕਾਰ ਹੋਣ ਲੱਗ ਪੈਂਦੇ ਹਨ। ਇਸੇ ਲਈ ਇਨਾਂ ਵਿਚ ਢਹਿੰਦੀ ਕਲਾ ਅਤੇ ਖ਼ੁਦਕੁਸ਼ੀ ਦਾ ਰੁਝਾਨ ਕਾਫ਼ੀ ਵਧ ਜਾਂਦਾ ਹੈ।
ਮਨੋਵਿਗਿਆਨੀਆਂ ਨੇ ਹੁਣ ‘‘ਮੋਬਾਈਲ ਫ਼ੋਨ ਅਡਿਕਸ਼ਨ ਕਰੇਵਿੰਗ ਸਕੇਲ’’ ਤਿਆਰ ਕੀਤੀ ਹੈ ਜਿਸ ਅਧੀਨ ਆਪਣੇ ਆਪ ਨੂੰ ਸਵਾਲ ਕਰ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਜਾਂ ਨਹੀਂ :-
* ਕੀ ਮੈਂ ਮੋਬਾਈਲ ਤੋਂ ਬਗ਼ੈਰ ਇੱਕ ਦਿਨ ਲੰਘਾ ਸਕਦਾ ਹਾਂ?
* ਕੀ ਮੈਂ ਗੁਸਲਖ਼ਾਨੇ ਅੰਦਰ ਮੋਬਾਈਲ ਲਿਜਾਉਣਾ ਬੰਦ ਕਰ ਸਕਦਾ ਹਾਂ?
* ਕੀ ਮੈਂ ਰਾਤ ਸੌਣ ਵੇਲੇ ਵੀ ਮੋਬਾਈਲ ਕਮਰੇ ਅੰਦਰ ਹੀ ਰੱਖਦਾ ਹਾਂ?
* ਕੀ ਮੈਂ ਮੋਬਾਈਲ ਨਾਲੋਂ ਹੱਥ ਵਿਚ ਕਿਤਾਬ ਫੜ ਕੇ ਪੜਾਈ ਕਰ ਸਕਦਾ ਹਾਂ?
* ਕੀ ਮੈਂ ਹਫ਼ਤੇ ਲਈ ਟਵਿਟਰ, ਫੇਸਬੁੱਕ, ਵਟਸਐਪ ਬੰਦ ਕਰ ਸਕਦਾ ਹਾਂ?
* ਕੀ ਮੈਂ ਮੋਬਾਈਲ ਵਿਚ ਅਲਾਰਮ ਲਾਉਣ ਦੀ ਥਾਂ ਆਪ ਕੰਮ ਕਰਨ ਦਾ ਸਮਾਂ ਯਾਦ ਰੱਖ
ਸਕਦਾ ਹਾਂ?
* ਕੀ ਮੈਂ ਘਰ ਦੇ ਕੰਮ ਕਰਦਿਆਂ, ਕਸਰਤ ਕਰਦਿਆਂ ਜਾਂ ਰੋਟੀ ਖਾਂਦਿਆਂ ਫ਼ੋਨ ਬੰਦ ਕਰ ਦਿੰਦਾ ਹਾਂ?
* ਕੀ ਮੈਂ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਜਾਂ ਦੋਸਤਾਂ ਨਾਲ ਹਾਸਾ ਠੱਠਾ ਕਰਦਿਆਂ ਵੀ ਫ਼ੋਨ
ਬੰਦ ਨਹੀਂ ਕਰ ਸਕਦਾ? ਸਿਰਫ਼ ਆਵਾਜ਼ ਹੌਲੀ ਕਰ ਕੇ ਫ਼ੋਨ ਜ਼ਰੂਰ ਨਾਲ ਰੱਖਣਾ ਪੈਂਦਾ ਹੈ?
ਜੇ ਹੁਣ ਇਨਾਂ ਸਵਾਲਾਂ ਨੂੰ ਪੜ ਕੇ ਜਾਪਦਾ ਹੈ ਕਿ ਮੋਬਾਈਲ ਸਾਡੀ ਜ਼ਿੰਦਗੀ ਨੂੰ ਚੱਬਣ ਲੱਗ ਪਿਆ ਹੈ ਤੇ ਸਾਡੇ ਕੋਲੋਂ ਇਕ ਪਲ ਵੀ ਇਸ ਤੋਂ ਪਰਾਂ ਨਹੀਂ ਰਿਹਾ ਜਾਂਦਾ, ਤਾਂ ਹੁਣ ਸਮਾਂ ਹੈ ਮੋਬਾਈਲ ਵਰਤੋਂ ਸੀਮਤ ਕਰਨ ਦਾ। ਜੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਵੀ ਮੋਬਾਈਲ ਹਮੇਸ਼ਾ ਚਾਲੂਰਖ ਕੇ ਨਾਲ ਹੀ ਰੱਖਣਾ ਪੈਂਦਾ ਹੈ ਤਾਂ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਕੇ ਘੱਟੋ-ਘੱਟ ਕੁੱਝ ਘੰਟੇ ਰੋਜ਼ ਹਰ ਹਾਲ ਮੋਬਾਈਲ ਬੰਦ ਕਰਨਾ ਹੀ ਚਾਹੀਦਾ ਹੈ।
ਸਾਰ :- ਮੋਬਾਈਲ ਫ਼ੋਨ ਤਣਾਓ ਦੇਣ ਦੇ ਨਾਲ-ਨਾਲ ਮਾਨਸਿਕ ਰੋਗੀ ਵੀ ਪੈਦਾ ਕਰਨ ਲੱਗ ਪਿਆ ਹੈ। ਵੇਲੇ ਸਿਰ ਇਸ ਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...