
ਅੰਮਿ੍ਤਸਰ 22 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਨਮੂਨੇ ਵਜੋਂ ਸਾਫ਼ ਸੁਥਰੀ ਸਿਆਸਤ ਕਰ ਕੇ, ਨਵਾਂ ਰਾਜਸੀ ਤੇ ਯਾਦਗਰੀ ਇਤਿਹਾਸ ਰਚਣ ਲਈ ਉਤਾਵਲੇ ਹਨ ਤਾਂ ਜੋਂ ਲੋਕਤੰਤਰੀ ਨਿਘਾਰ ਨੂੰ ਮੁੜ ਸਰਜੀਤ ਕੀਤਾ ਜਾ ਸਕੇ | ਇਸ ਮਕਸਦ ਲਈ ਅੱਜ ਸਵੇਰੇ ਨਾਸ਼ਤੇ ਤੇ ਡਰਾਇੰਗ ਰੂਮ ਸਿਆਸਤ ਕਰਦਿਆਂ ਗੁਪਤ ਮਤੇ ਪਾਸ ਕਰਨ ਦੀ ਖ਼ਬਰ ਮਿਲੀ ਹੈ ਜਿਸ ਵਿਚ 40-45 ਦੇ ਕਰੀਬ ਐਮ ਐਲ ਏ ਅਤੇ ਮਾਝਾ ਐਕਸਪ੍ਰੈਸ ਨਾਲ ਸਬੰਧਤ ਚਾਰ ਕੈਬਨਿਟ ਮੰਤਰੀ ਸ਼ਾਮਲ ਹੋਏ | ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਮੌਕੇ ਮਾਝਾ ਐਕਸਪ੍ਰੈਸ ਦਾ ਵਿਸਤਾਰ ਮਾਲਵੇ, ਦੁਆਬੇ ਵਿਚ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ | ਇਸ ਮੌਕੇ 2022 ਦੀਆਂ ਚੋਣਾਂ ਜਿੱਤਣ ਲਈ ਖ਼ਾਸ ਰਣਨੀਤੀ ਵੀ ਘੜੀ ਗਈ ਤੇ ਹਲਕਾ ਦਖਣੀ ਤੋਂ ਨੌਜਵਾਨ ਵਿਧਾਇਕ ਇੰਦਰਬੀਰ ਸਿੰਘ ਨੂੰ ਅਹਿਮ ਜ਼ੰੁਮੇਵਾਰੀ ਦੇਣ ਸਬੰਧੀ ਚਰਚਾ ਕੀਤੀ ਗਈ | ਨਵਜੋਤ ਸਿੰਘ ਸਿੱਧੂ ਨੇ ਸਮੁੱਚੇ ਪੰਜਾਬ ਦੇ ਹਰ ਹਲਕੇ ਵਿਚ ਚੋਣ ਪ੍ਰਚਾਰ ਕਰਨਾ ਹੈ | ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਦਫ਼ਤਰ ਚਲਾਉਣ ਤੇ ਸਿੱਧੂ ਦੇ ਹਲਕੇ ਵਿਚ ਸਮੱੁਚਾ ਪ੍ਰਬੰਧ ਅਤੇ ਹੋਰ ਜ਼ਰੂਰੀ ਕੰਮਕਾਜ ਬੁਲਾਰੀਆ ਦੁਆਰਾ ਕੀਤਾ ਗਿਆ | ਇਸ ਮੌਕੇ ਭਵਿੱਖ ਦੇ ਮੁੱਖ-ਮੰਤਰੀ ਦੀ ਚਰਚਾ ਵੀ ਕੀਤੀ ਗਈ |
ਹੋਰ ਮਿਲੀ ਜਾਣਕਾਰੀ ਮੁਤਾਬਕ ਸਮੂਹ ਹਾਜ਼ਰ ਵਿਧਾਇਕਾਂ ਦੀ ਸਹਿਮਤੀ ਨਾਲ ਨਵਜੋਤ ਸਿੰਘ ਸਿੱਧੂ ਨੇ 23 ਜੁਲਾਈ ਨੂੰ ਹੋ ਰਹੀ ਤਾਜਪੋਸ਼ੀ ਵਿਚ ਸ਼ਮੂਲੀਅਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਪੱਤਰ ਭੇਜਿਆ ਹੈ ਤੇ ਇਹ ਉਨ੍ਹਾਂ ਨੇ ਦੋਸਤੀ ਦਾ ਹੱਥ ਵਧਾਇਆ ਹੈ | ਹੋਰ ਸੂਚਨਾ ਮੁਤਾਬਕ ਲੋਕਾਂ ਨੇ ਦਸਿਆਂ ਕਿ ਸਿੱਧੂ ਦੀ ਆਮਦ ਨਾਲ ਬਦਲਾਅ ਦੀ ਲਹਿਰ ਵੇਖੀ ਗਈ ਹੈ | ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਹਾਈ ਕਮਾਂਡ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਗਾਂਧੀ ਪ੍ਰਵਾਰ ਦੀ ਕੋਸ਼ਿਸ਼ ਹੈ ਕਿ ਸਿੱਧੂ ਨੂੰ ਸਥਾਪਤ ਕੀਤਾ ਜਾਵੇ ਤਾਂ ਜੋ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਹੋ ਸਕੇ |
ਸੂਚਨਾ ਮੁਤਾਬਕ ਕੈਪਟਨ-ਸਿੱਧੂ ਦੇ ਕਰੀਬੀ ਸਮਝੇ ਜਾਂਦੇ ਰਾਣਾ ਕੇ.ਪੀ ਸਿੰਘ ਸਮਝੌਤੇ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਤਾਜਪੋਸ਼ੀ ਤੋਂ ਪਹਿਲਾ ਦੋਹਾਂ ਆਗੂਆਂ ਦਾ ਸਮਝੌਤਾ ਹੋ ਜਾਣ ਦੀ ਵੀ ਸੰਭਾਵਨਾ ਹੈ | ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਚ ਨਵਜੋਤ ਸਿੰਘ ਸਿੱਧੂ ਨੇ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਦਾ ਕਲਿਆਣ ਮੇਰੀ ਸਫ਼ਲਤਾ ਹੈ ਭਾਵ ਇਸ ਸਰਹੱਦੀ ਸੂਬੇ ਨੂੰ ਸਮੇਂ ਦਾ ਹਾਣੀ ਬਣਾਇਆਂ ਜਾਵੇਗਾ |