
ਨਵੀਂ ਦਿੱਲੀ : ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਨਵਾਂ ਖੁਲਾਸਾ ਕਰਦਿਆਂ ਨਿਊਜ਼ ਪੋਰਟਲ ‘ਦੀ ਵਾਇਰ’ ਨੇ ਕਿਹਾ ਹੈ ਕਿ 2019 ਵਿਚ ਕਰਨਾਟਕ ਦੀ ਜਨਤਾ ਦਲ (ਐੱਸ) ਤੇ ਕਾਂਗਰਸ ਸਰਕਾਰ ਦੇ ਲੋਕਾਂ ਦੇ ਫੋਨ ਨੰਬਰ ਸੰਭਾਵਤ ਨਿਸ਼ਾਨਾ ਸਨ | ਜੁਲਾਈ 2019 ਵਿਚ ਇਸ ਸਰਕਾਰ ਦੇ ਡਿਗਣ ‘ਤੇ ਯੇਦੀਯੁਰੱਪਾ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਨ ਦਾ ਇਸ ਕਥਿਤ ਜਾਸੂਸੀ ਨਾਲ ਸੰਬੰਧ ਜੁੜਦਾ ਹੈ, ਹਾਲਾਂਕਿ ਇਹ ਸਾਬਤ ਕਰਨ ਦੇ ਸਬੂਤ ਨਹੀਂ ਹਨ ਕਿ ਫੋਨ ਹੈਕ ਹੋਏ ਸਨ ਕਿ ਨਹੀਂ | ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਮੁੱਖ ਮੰਤਰੀ ਐੱਚ ਡੀ ਕੁਮਾਰਾਸਵਾਮੀ ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਿੱਧਾਰਮਈਆ ਦੇ ਨਿੱਜੀ ਸਕੱਤਰਾਂ ਦੇ ਫੋਨ ਨੰਬਰਾਂ ਨੂੰ ਸੰਭਾਵਤ ਨਿਸ਼ਾਨੇ ਦੇ ਰੂਪ ਵਿਚ ਚੁਣਿਆ ਗਿਆ ਸੀ |
ਪੈਗਾਸਸ ਸਪਾਈਵੇਅਰ ਮਾਮਲੇ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਇਸਰਾਈਲੀ ਕੰਪਨੀ ਪੈਗਾਸਸ ਸਪਾਈਵੇਅਰ ਦੀ ਕੰਪਨੀ ਐੱਨ ਐੱਸ ਓ ਇਕ ਕਮਰਸ਼ੀਅਲ ਕੰਪਨੀ ਹੈ, ਜਿਹੜੀ ਪੇਡ ਕਾਨਟ੍ਰੈਕਟਸ ‘ਤੇ ਕੰਮ ਕਰਦੀ ਹੈ | ਅਜਿਹੇ ਵਿਚ ‘ਭਾਰਤੀ ਅਪ੍ਰੇਸ਼ਨ’ ਨੂੰ ਅੰਜਾਮ ਦੇਣ ਲਈ ਉਸ ਨੂੰ ਜੇ ਕੇਂਦਰ ਨੇ ਪੈਸੇ ਨਹੀਂ ਦਿੱਤੇ ਤਾਂ ਕਿਸ ਨੇ ਦਿੱਤੇ?
ਸਵਾਮੀ ਨੇ ਮੰਗਲਵਾਰ ਟਵੀਟ ਕੀਤਾ ਕਿ ਇਹ ਬਿਲਕੁਲ ਸਪੱਸ਼ਟ ਹੈ ਐੱਨ ਐੱਸ ਓ ਇਕ ਕਮਰਸ਼ੀਅਲ ਕੰਪਨੀ ਹੈ, ਜਿਹੜੀ ਪੇਡ ਕਾਨਟ੍ਰੈਕਟਸ ‘ਤੇ ਕੰਮ ਕਰਦੀ ਹੈ | ਇਸ ਲਈ ਸੁਆਲ ਉਠਦਾ ਹੈ ਕਿ ਭਾਰਤੀ ਅਪ੍ਰੇਸ਼ਨ ਲਈ ਉਸ ਨੂੰ ਕੀਹਨੇ ਭੁਗਤਾਨ ਕੀਤਾ | ਭਾਰਤ ਸਰਕਾਰ ਨੇ ਨਹੀਂ ਕੀਤਾ ਤਾਂ ਕੀਹਨੇ ਕੀਤਾ? ਭਾਰਤ ਦੇ ਲੋਕਾਂ ਨੂੰ ਦੱਸਣਾ ਮੋਦੀ ਸਰਕਾਰ ਦਾ ਫਰਜ਼ ਹੈ |
ਇਸ ਤੋਂ ਪਹਿਲਾਂ ਸਵਾਮੀ ਨੇ ਟਵੀਟ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਵਿਚ ਦੱਸਣਾ ਚਾਹੀਦਾ ਹੈ ਕਿ ਸਰਕਾਰ ਦਾ ਇਸ ਇਸਰਾਈਲੀ ਕੰਪਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਨੇ ਸਾਡੇ ਟੈਲੀਫੋਨ ਟੈਪ ਕੀਤੇ ਹਨ | ਨਹੀਂ ਤਾਂ ਵਾਟਰਗੇਟ ਦੀ ਤਰ੍ਹਾਂ ਸੱਚਾਈ ਸਾਹਮਣੇ ਆਏਗੀ ਤੇ ਭਾਜਪਾ ਨੂੰ ਨੁਕਸਾਨ ਪਹੁੰਚਾਏਗੀ |
ਇਸੇ ਦੌਰਾਨ ਫਰਾਂਸ ਸਰਕਾਰ ਨੇ ਪੱਤਰਕਾਰਾਂ ਦੀ ਜਾਸੂਸੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਫਰਾਂਸੀਸੀ ਜਾਂਚਕਰਤਾ 10 ਵੱਖ-ਵੱਖ ਦੋਸ਼ਾਂ ਦੀ ਜਾਂਚ ਕਰਨਗੇ | ਦੋਸ਼ ਹੈ ਕਿ ਮੋਰਾਕੋ ਦੀ ਖੁਫੀਆ ਏਜੰਸੀ ਨੇ ਫਰਾਂਸੀਸੀ ਪੱਤਰਕਾਰਾਂ ਦੀ ਪੈਗਾਸਸ ਰਾਹੀਂ ਜਾਸੂਸੀ ਕੀਤੀ ਸੀ | ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੰਗਲਵਾਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਜਾਂਚਕਰਤਾ ਪਤਾ ਲਾਉਣਗੇ ਕਿ ਕੀ ਲੋਕਾਂ ਦੀ ਨਿੱਜਤਾ ਵਿਚ ਸੰਨ੍ਹ ਲਾਈ ਗਈ, ਧੋਖਾਦੇਹੀ ਨਾਲ ਨਿੱਜੀ ਇਲੈਕਟ੍ਰਾਨਿਕ ਉਪਕਰਨਾਂ ਤੱਕ ਪਹੁੰਚ ਬਣਾਈ ਗਈ ਅਤੇ ਕੀ ਇਸ ਦੇ ਪਿੱਛੇ ਕੋਈ ਅਪਰਾਧਕ ਗਠਜੋੜ ਹੈ | ਖੁਫੀਆ ਵੈੱਬਸਾਈਟ ਮੀਡੀਆਪਾਰਟ ਨੇ ਇਸ ਨੂੰ ਲੈ ਕੇ ਸੋਮਵਾਰ ਕੇਸ ਦਰਜ ਕਰਾਇਆ ਸੀ | ਖੋਜੀ ਅਖਬਾਰ ‘ਲੇ ਕੈਨਾਰਡ ‘ਵੀ ਇਸ ਤਰ੍ਹਾਂ ਦਾ ਕੇਸ ਕਰਨ ਵਾਲੀ ਹੈ |
ਇਜ਼ਰਾਈਲ ਦੇ ਐੱਨ ਐੱਸ ਓ ਗਰੁੱਪ ਦੇ ਸਹਿ-ਬਾਨੀ ਸ਼ੈਲੇਵ ਹੁਲੀਓ ਨੇ ਪੈਗਾਸਸ ਦੀ ਵਰਤੋਂ ਨਾਲ ਜੁੜੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ | ਵਾਸ਼ਿੰਗਟਨ ਪੋਸਟ ਅਖਬਾਰ ਨਾਲ ਗੱਲਬਾਤ ਵਿਚ ਹੁਲੀਓ ਨੇ ਹਜ਼ਾਰਾਂ ਟੈਲੀਫੋਨ ਨੰਬਰਾਂ ਦੀ ਲਿਸਟ, ਜਿਸ ਦਾ ਵਿਸ਼ਲੇਸ਼ਣ ਪੈਗਾਸਸ ਪ੍ਰੋਜੈਕਟ ਨੇ ਕੀਤਾ, ਨੂੰ ਇਹ ਕਹਿ ਕੇ ਖਾਰਜ ਕਰਨਾ ਜਾਰੀ ਰੱਖਿਆ ਕਿ ਇਸ ਦਾ ਐੱਨ ਐੱਸ ਏ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਇਸ ਦੇ ਨਾਲ ਉਨ੍ਹਾ ਇਹ ਵੀ ਕਿਹਾ ਕਿ ਕੁਝ ਕਥਿਤ ਦੋਸ਼ ਪ੍ਰੇਸ਼ਾਨ ਕਰਨ ਵਾਲੇ ਹਨ, ਜਿਨ੍ਹਾਂ ਵਿਚ ਪੱਤਰਕਾਰਾਂ ਦੀ ਜਾਸੂਸੀ ਕਰਨਾ ਵੀ ਸ਼ਾਮਲ ਹੈ | ਉਨ੍ਹਾ ਕਿਹਾ—ਵਿਵਸਥਾ ਦੀ ਦੁਰਵਰਤੋਂ ਦੇ ਹਰ ਦੋਸ਼ ਲਈ ਮੈਂ ਚਿੰਤਤ ਹਾਂ | ਇਹ ਗਾਹਕਾਂ ਨੂੰ ਦਿੱਤੇ ਭਰੋਸੇ ਦੀ ਉਲੰਘਣਾ ਹੈ | ਅਸੀਂ ਹਰ ਦੋਸ਼ ਦੀ ਜਾਂਚ ਕਰ ਰਹੇ ਹਾਂ ਤੇ ਜੇ ਸੱਚ ਨਿਕਲੇ ਤਾਂ ਸਖਤ ਕਾਰਵਾਈ ਕਰਾਂਗੇ | ਇਸੇ ਦੌਰਾਨ ਪ੍ਰੈੱਸ ਕਲੱਬ ਆਫ ਇੰਡੀਆ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਚਾਰ ਥੰਮ੍ਹਾਂ ਦੀ ਜਾਸੂਸੀ ਕੀਤੀ ਗਈ ਹੈ | ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਇਕ ਵਿਦੇਸ਼ੀ ਏਜੰਸੀ, ਜਿਸ ਦਾ ਦੇਸ਼ ਦੇ ਕੌਮੀ ਹਿੱਤ ਨਾਲ ਕੋਈ ਲੈਣਾ-ਦੇਣਾ ਨਹੀਂ, ਨਾਗਰਿਕਾਂ ਦੀ ਜਾਸੂਸੀ ਕਰਨ ਵਿਚ ਲੱਗੀ ਹੈ | ਇਹ ਅਵਿਸ਼ਵਾਸ ਪੈਦਾ ਕਰਨ ਵਾਲੀ ਗੱਲ ਹੈ ਤੇ ਅਰਾਜਕਤਾ ਨੂੰ ਸੱਦਾ ਦੇਵੇਗੀ | ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ | ਮੁੰਬਈ ਪ੍ਰੈੱਸ ਕਲੱਬ ਨੇ ਕਿਹਾ ਕਿ ਮਾਮਲੇ ਦੀ ਅਜ਼ਾਦਾਨਾ ਜਾਂਚ ਹੋਣੀ ਚਾਹੀਦੀ ਹੈ