
*ਕਿਹਾ! ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸੂਰਬੀਰਾਂ ਦੇ ਜੀਵਨ ਬਾਰੇ ਨੌਜਵਾਨਾਂ ਨੂੰ ਜਾਣੂੰ ਕਰਵਾਉਣ ਦੀ ਲੋੜ੍ਹ
ਮੋਗਾ, 19 ਮਈ (ਏ.ਡੀ.ਪੀ ਨਿਊਜ਼) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਕਰਮਾ ਭਵਨ ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 302 ਵੇ ਜਨਮ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਸਾਨੂੰ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਅਤੇ ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਤੇ ਕੁਰਬਾਨੀ ਬਾਰੇ ਜਾਣੂੰ ਕਰਵਾਉਣ ਲਈ ਉਨ੍ਹਾਂ ਦਾ ਜਨਮ ਦਿਨ ਮਨਾ ਕੇ ਬਹੁਤ ਵਧੀਆ ਸਲਾਘਾਯੋਗ ਕੰਮ ਕੀਤਾ। ਜੱਸਾ ਸਿੰਘ ਰਾਮਗੜ੍ਹੀਆ ਨੂੰ ਜੀਵਨ ਵਿਚ ਸਿੱਖੀ ਸਿਦਕ, ਦੇਸ਼ ਭਗਤੀ, ਸੂਰਬੀਰਤਾ ਅਤੇ ਕੁਰਬਾਨੀ ਵਿਰਸੇ ਵਿੱਚ ਮਿਲਣ ਕਾਰਣ ਉਹਨਾਂ ਨੇ ਅਠਾਰਵੀਂ ਸਦੀ ਵਿੱਚ ਸੂਰਬੀਰਤਾ, ਦਲੇਰੀ ਵਾਲੇ ਕਾਰਨਾਮੇ ਕੀਤੇ। ਉਹਨਾਂ ਜਿੱਤ ਪ੍ਰਾਪਤ ਕਰਕੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਝੁਲਾਇਆ। ਉਹਨਾਂ ਦਿੱਲੀ ਤੋੰ ਤਖਤੇ-ਏ- ਤਾਊਸ ਪੁੱਟ ਕੇ ਲਿਆਂਦਾ ਤੇ ਸ੍ਰੀ ਗੁਰੂ ਰਾਮ ਦਾਸ ਦੇ ਚਰਨਾਂ ਵਿਚ ਮੱਥਾ ਟੇਕ ਦਿੱਤਾ। ਇਹ ਇਤਿਹਾਸਕ ਸਿਲ ਰਾਮਗੜ੍ਹੀਆ ਬੂੰਗਾ ਵਿਚ ਸਥਾਪਤ ਹੈ।ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।
ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਖਮਨੀ ਸੇਵਾ ਸੁਸਾਇਟੀ ਬੀਬੀਆਂ ਦੇ ਜੱਥੇ ਤੇ ਭਾਈ ਰਵਿੰਦਰ ਸਿੰਘ ਦੇ ਜੱਥੇ ਨੇ ਮਨੋਹਰ ਕੀਰਤਨ ਕੀਤਾ।ਭਾਈ ਗੁਰਤੇਜ ਸਿੰਘ ਗਾਫਿਲ ਦੇ ਢਾਡੀ ਜੱਥੇ ਨੇ ਸਿੱਖ ਇਤਿਹਾਸ ਨਾਲ ਜੋੜਿਆ। ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਪੰਜਾਬ ਸਰਕਾਰ ਜੋਧਿਆਂ, ਸੂਰਬੀ੍ਰਾਂ ਸ਼ਹੀਦਾਂ ਦੇ ਇਤਿਹਾਸ ਨੂੰ ਸਕੂਲੀ ਸਿੱਖਿਆ ਵਿਚ ਸਾਮਲ ਕਰਨ ਦੀ ਕੋਸ਼ਿਸ਼ ਕਰੇਗੀ।ਉਹਨਾਂ ਕਿਹਾ ਕਿ ਉਹ ਮੋਗਾ ਵਿਖੇ ਜਲਦੀ ਮੀਟਿੰਗ ਕਰਨਗੇ ਤੇ ਲੋਕਲ ਵਿਧਾਇਕ ਡਾ ਅਮਨਦੀਪ ਅਰੋੜਾ ਤੇ ਸਬੰਧਿਤ ਅਧਿਕਾਰੀਆਂ ਨਾਲ ਬੈਠਕੇ ਸਮੱਸਿਆਵਾਂ ਦਾ ਹੱਲ ਕਰਨਗੇ। ਉਹਨਾੰ ਵਿਸ਼ਵਕਰਮਾ ਭਵਨ ਲਈ ਇੱਕ ਲੱਖ ਦਸ ਹਜਾਰ ਦੀ ਗਰਾਂਟ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਪੱਛੜੀਆਂ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਡਾ ਮਲਕੀਤ ਸਿੰਘ ਥਿੰਦ, ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਸਾਬਕਾ ਵਿਧਾਇਕ ਡਾ ਹਰਕੋਤ ਕਮਲ ਨੇ ਸੰਗਤਾਂ ਨੂੰ ਵਧਾਈ ਦਿੱਦਿਆਂ ਕੌਮੀ ਜਰਨੈਲ ਦੇ ਜੀਵਨ ਤੋ ਪ੍ਰੇਰਨਾ ਲੈਣ ਦੀ ਆਪੀਲ ਕੀਤੀ। ਚਰਨਜੀਤ ਸਿੰਘ ਝੰਡੇਆਣਾ ਅਤੇ ਗੁਰਪ੍ਰੀਤਮ ਸਿੰਘ ਚੀਮਾ ਨੇ ਮੰਚ ਦਾ ਸੰਚਾਲਨ ਕਰਦਿਆਂ ਸਿੱਖ ਇਤਿਹਾਸ ਤੇ ਚਾਨਣਾ ਪਾਇਆ।
ਨਰਿੰਦਰਪਾਲ ਸਿੰਘ ਸਹਾਰਨ ਨੇ ਵੀ ਕੁਝ ਮਸਲੇ ਰੱਖੇ। ਇਸ ਮੌਕੇ ਉਘੀਆਂ ਸ਼ਖਸ਼ੀਅਤਾਂ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕਿਟ ਕਮੇਟੀ, ਮਾਲਵਿਕਾ ਸੂਦ ਹਲਕਾ ਇੰਨਚਾਰਜ ਕਾਂਗਰਸ , ਸੰਜੀਤ ਸਿੰਘ ਸੰਨੀ ਹਲਕਾ ਇੰਨਚਾਰਜ ਆਕਾਲੀ ਦਲ, ਕੁਲਵੰਤ ਸਿੰਘ ਰਾਮਗੜ੍ਹੀਆ,ਰਾਜਾ ਸਿੰਘ ਭਾਰਤਵਾਲੇ, ਚੰਮਕੌਰ ਸਿੰਘ ਝੰਡੇਆਣਾ, ਮਾਸਟਰ ਇੰਦਰਜੀਤ ਸਿੱਘ ਤੋ ਇਲਾਵਾ ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਪੀਕਰ ਅਤੇ ਹਾਜ਼ਰ ਹੋਈਆਂ ਸ਼ਖਸ਼ੀਅਤਾਂ ਦਾ ਸਾਲ ਤੇ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਤੋ ਪਹਿਲਾਂ ਸੰਧਵਾਂ ਤੇ ਪ੍ਰਮੁੱਖ ਸਕਸੀਅਤਾਂ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਦੱਸਿਆ ਕਿ ਖੇਤੀਬਾੜੀ ਨੂੰ ਸਾਨੂੰ ਬਿਜ਼ਨਸ ਵਿੱਚ ਬਦਲਣਾ ਪੈਣਾ ਹੈ ਜਿਹੜਾ ਕੰਮ ਪੰਜਾਬ ਵਿੱਚ ਅੰਬਾਨੀ ਜਾਂ ਅੰਡਾਨੀ ਕਰਨਾ ਚਾਹੁੰਦੇ ਹਨ ਉਹ ਸਾਨੂੰ ਖ਼ੁਦ ਹੀ ਕਰਨਾ ਪੈਣਾ ਹੈ ਭਾਵ ਫੂਡ ਪ੍ਰੋਸੈਸਿੰਗ ਨੂੰ ਅਪਨਾਉਣਾ ਪੈਣਾ ਹੈ ਇਸ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੀਆਂ ਅਨੇਕਾਂ ਸਕੀਮਾਂ ਚੱਲ ਰਹੀਆਂ ਹਨ। ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉੱਦਮੀਆਂ ਨੂੰ ਵੀ ਉਤਸ਼ਹਿਤ ਕਰ ਰਹੀ ਹੈ।
ਪਾਣੀਆਂ ਦੇ ਮਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋਂ ਪੰਜਾਬ ਨਾਲ ਧੋਖਾ ਹੁੰਦਾ ਆ ਰਿਹਾ ਹੈ, ਬੀ. ਬੀ. ਐਮ. ਬੀ. ਦਾ ਖਰਚਾ ਪੰਜਾਬ ਭਰਦਾ ਰਿਹਾ ਪ੍ਰੰਤੂ ਪਾਣੀ ਆਪਣੇ ਹਿੱਸੇ ਦਾ 110 ਗੁਣਾ ਤੋਂ ਵੱਧ ਹਰਿਆਣਾ ਤੇ ਰਾਜਸਥਾਨ ਲਿਜਾਂਦੇ ਰਹੇ। ਪੰਜਾਬ ਸਿਰਫ 60 ਫੀਸਦੀ ਪਾਣੀ ਦੀ ਵਰਤੋਂ ਕਰਦਾ ਸੀ, ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨਾਲ ਹੁੰਦਾ ਰਿਹਾ।ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਸਰਕਾਰ ਨੇ 4000 ਕਰੋੜ ਰੁਪਏ ਖਰਚ ਕਰਕੇ ਬੰਦ ਪਈਆਂ ਪੰਜਾਬ ਦੀਆਂ ਨਹਿਰਾਂ, ਕੱਸੀਆਂ, ਨਾਲਿਆਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਦਰਿਆਈ ਪਾਣੀ ਜਿਆਦਾ ਵਰਤੋ ਕਰ ਸਕੀਏ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਹੁਣ ਅਸੀਂ 13 ਫੀਸਦੀ ਦਰਿਆਈ ਪਾਣੀ ਵੱਧ ਵਰਤ ਰਹੇ ਹਾਂ ਜਿਸ ਨਾਲ ਪੰਜਾਬ ਦੀ ਉਮਰ ਲੰਬੀ ਹੋਵੇਗੀ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।