ਟਰੰਪ ਨੂੰ ਚੌਧਰੀ ਕਿਸ ਨੇ ਬਣਾਇਆ?

ਨਵੀਂ ਦਿੱਲੀ, 13 ਮਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਕਹਿਣ ਕਿ ਉਹ ਕਸ਼ਮੀਰ ਸਮੱਸਿਆ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਜਤਨ ਕਰਨਾ ਚਾਹੁੰਦੇ ਹਨ, ਆਪੋਜ਼ੀਸ਼ਨ ਪਾਰਟੀਆਂ ਨੇ ਮੋਦੀ ਸਰਕਾਰ ਦੀ ਖਿਚਾਈ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਮਾਮਲੇ ’ਚ ਵਿਦੇਸ਼ੀ ਦਖਲ ਦੀ ਆਗਿਆ ਦੇ ਦਿੱਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਹੈ ਕਿ ਸ਼ਿਮਲਾ ਸਮਝੌਤੇ ਵਿੱਚ ਸਪੱਸ਼ਟ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮਾਮਲਿਆਂ ਵਿੱਚ ਤੀਜੀ ਧਿਰ ਦਾ ਦਖਲ ਨਹੀਂ ਹੋਵੇਗਾ। ਹੁਣ ਅਮਰੀਕੀ ਰਾਸ਼ਟਰਪਤੀ ਵਿਚੋਲਗੀ ਦੀਆਂ ਗੱਲਾਂ ਕਰ ਰਹੇ ਹਨ।

ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਡੁਪਲੀਕੇਟ ਚਾਣਕਿਆ ਹੈ, ਜਿਸ ਨੇ ਟਰੰਪ ਨੂੰ ਕਸ਼ਮੀਰ ਮਾਮਲਿਆਂ ਵਿੱਚ ਦਖਲ ਦੇਣ ਦਾ ਹੱਕ ਦਿੱਤਾ ਹੈ। ਭਾਜਪਾ ਨੂੰ ਸ਼ਿਮਲਾ ਸਮਝੌਤਾ ਪੜ੍ਹਨਾ ਚਾਹੀਦਾ ਹੈ, ਜਿਸ ਵਿੱਚ ਦਰਜ ਹੈ ਕਿ ਗੱਲਬਾਤ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਹੋਵੇਗੀ, ਟਰੰਪ ਨੂੰ ਸਰਪੰਚ ਤੇ ਚੌਧਰੀ ਕਿਸ ਨੇ ਬਣਾਇਆ? ਕੀ ਅਸੀਂ ਰਾਸ਼ਟਰਪਤੀ ਟਰੰਪ ਨੂੰ ਚੌਧਰੀ ਬਣਾਇਆ? ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਟਰੰਪ ਨੂੰ ਟੈਗ ਕਰਦਿਆਂ ‘ਐੱਕਸ’ ਉੱਤੇ ਪੋਸਟ ਪਾ ਕੇ ਪੁੱਛਿਆ ਹੈ ਕਿ ਸਾਡਾ ਬੀ ਐੱਸ ਐੱਫ ਦਾ ਜਵਾਨ ਪੂਰਣਮ ਸਾਹੂ ਨੂੰ ਪਾਕਿਸਤਾਨ ਕਦੋਂ ਛੱਡੇਗਾ, ਜਿਸ ਨੂੰ ਪਾਕਿਸਤਾਨ ਨੇ 23 ਅਪ੍ਰੈਲ ਤੋਂ ਫੜਿਆ ਹੋਇਆ ਹੈ। ਰਾਜਦ ਦੇ ਆਗੂ ਮਨੋਜ ਝਾਅ ਨੇ ਕਿਹਾ ਹੈ ਕਿ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦ ਕੇ ਅਮਰੀਕਾ ਨੂੰ ਸਪੱਸ਼ਟ ਸੁਨੇਹਾ ਘੱਲਿਆ ਜਾਵੇ ਕਿ ਕਸ਼ਮੀਰ ਮਾਮਲੇ ਵਿੱਚ ਉਸ ਦੇ ਦਖਲ ਦੀ ਲੋੜ ਨਹੀਂ। ਟਰੰਪ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਚੌਧਰਾਹਟ ਚਾਹੁੰਦੇ ਹੋ, ਇਸ ਕਰਕੇ ਖੁਦ ਨੂੰ ਖੁਦਸਾਖਤਾ ਸਾਲਸ ਐਲਾਨ ਦਿੱਤਾ ਹੈ।

ਸਾਂਝਾ ਕਰੋ

ਪੜ੍ਹੋ