ਹਾਕਮਾਂ ਦੀ ਜਿੱਤ, ਅਵਾਮ ਦੀ ਹਾਰ

ਸ਼ਨਿਚਰਵਾਰ ਸ਼ਾਮ ਵੇਲੇ ਜਦੋਂ ਇਹ ਖ਼ਬਰ ਆਈ ਕਿ ਭਾਰਤ ਅਤੇ ਪਾਕਿਸਤਾਨ ਗੋਲੀਬੰਦੀ ਕਰਨ ਅਤੇ ਇੱਕ-ਦੂਜੇ ਖ਼ਿਲਾਫ਼ ਹਮਲਾਵਰ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਏ ਹਨ ਤਾਂ ਇੱਕ ਵਾਰੀ ਸਾਰਿਆਂ ਨੂੰ ਸੁਖ ਦਾ ਸਾਹ ਆਇਆ। ਪਰ ਇਹ ਸਕੂਨ ਬਹੁਤਾ ਸਮਾਂ ਕਾਇਮ ਨਾ ਰਹਿ ਸਕਿਆ ਕਿਉਂਕਿ ਕੁਝ ਦੇਰ ਮਗਰੋਂ ਫਿਰ ਖ਼ਬਰ ਆ ਗਈ ਕਿ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਚਾਰ ਸਰਹੱਦੀ ਰਾਜਾਂ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੇ ਪੱਧਰ ’ਤੇ ਹਮਲੇ ਕੀਤੇ ਹਨ। ਭਾਰਤੀ ਫ਼ੌਜ ਨੇ ਇਹ ਹਮਲੇ ਨਾਕਾਮ ਕਰ ਦਿੱਤੇ ਅਤੇ ਇਸ ਦਾ ਕਰਾਰਾ ਜਵਾਬ ਦਿੱਤਾ। ਇਸ ਮਗਰੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਲੈਕਆਊਟ ਕਰ ਦਿੱਤਾ ਗਿਆ।

ਫਿਰ ਦੇਰ ਰਾਤ ਇਹ ਖ਼ਬਰ ਆਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ’ਤੇ ਉਨ੍ਹਾਂ ਦੇ ਵਤਨ ’ਤੇ ਜੰਗ ਥੋਪਣ ਦਾ ਦੋਸ਼ ਲਾਇਆ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਮਾਹੌਲ ’ਚ ਅਜੀਬ ਕਿਸਮ ਦਾ ਤਣਾਅ ਬਣਿਆ ਹੋਇਆ ਹੈ। ਮਾਹੌਲ ’ਚ ਚਿੰਤਾ ਤਾਂ ਉਸੇ ਦਿਨ ਘੁਲ ਗਈ ਸੀ ਜਿਸ ਦਿਨ ਜੰਮੂ-ਕਸ਼ਮੀਰ ਦੀ ਬੈਸਰਨ ਵਾਦੀ ’ਚ ਦਹਿਸ਼ਤਗਰਦਾਂ ਨੇ ਜ਼ਿੰਦਗੀ ਦੀਆਂ ਖ਼ੁਸ਼ੀਆਂ ਮਾਣਨ ਗਏ 26 ਸੈਲਾਨੀਆਂ ਦੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਭਾਰਤੀ ਫ਼ੌਜ ਨੇ ਇਨ੍ਹਾਂ 26 ਨਾਗਰਿਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਦਹਿਸ਼ਤਗਰਦਾਂ ਦੇ ਮਕਬੂਜ਼ਾ ਕਸ਼ਮੀਰ ਵਿਚਲੇ ਪੰਜ ਅਤੇ ਲਹਿੰਦੇ ਪੰਜਾਬ ਵਿਚਲੇ ਚਾਰ ਟਿਕਾਣੇ 6-7 ਮਈ ਦੀ ਦਰਮਿਆਨੀ ਰਾਤ ਨੂੰ ਤਬਾਹ ਕਰ ਦਿੱਤੇ ਸਨ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਬਣ ਗਈ। ਭਾਰਤ ਵੱਲੋਂ ਕੀਤੀ ਕਾਰਵਾਈ ’ਚ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਦੇ ਕਈ ਵੱਡੇ ਦਹਿਸ਼ਤਗਰਦ ਮਾਰੇ ਗਏ ਸਨ। ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਵਜੋਂ ਸਰਹੱਦ ’ਤੇ ਜ਼ੋਰਦਾਰ ਗੋਲੀਬਾਰੀ ਅਤੇ ਡਰੋਨਾਂ ਨਾਲ ਹਮਲੇ ਕੀਤੇ ਜਿਸ ਵਿੱਚ ਕਈ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਟਕਰਾਅ ਦੀ ਆਹਟ ਹੌਲੀ-ਹੌਲੀ ਅੱਗੇ ਵੱਲ ਹੋ ਤੁਰੀ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਸੂਬੇ ਦੀ ਰਾਜਧਾਨੀ ਚੰਡੀਗੜ੍ਹ ’ਚ ਵੀ ਬਲੈਕਆਊਟ ਐਲਾਨ ਦਿੱਤਾ ਗਿਆ। ਸਾਇਰਨ ਵੱਜਦਿਆਂ ਹੀ ਸਮੁੱਚੇ ਸ਼ਹਿਰ ’ਚ ਹਨੇਰਾ ਪਸਰ ਗਿਆ। ‘ਟ੍ਰਿਬਿਊਨ’ ਦਾ ਦਫ਼ਤਰ ਵੀ ਇਸ ਤੋਂ ਅਭਿੱਜ ਨਾ ਰਿਹਾ। ਕੰਪਿਊਟਰ ਸਕਰੀਨ ਦੀ ਮੱਧਮ ਰੋਸ਼ਨੀ ਵਿੱਚ ਸਾਰੇ ਕੰਮ ਕਰ ਰਹੇ ਸਨ। ਚਾਰੋਂ ਪਾਸੇ ਘੁੱਪ ਹਨੇਰਾ। ਜਿਨ੍ਹਾਂ ਦੀ ਡਿਊਟੀ ਖ਼ਤਮ ਹੋ ਗਈ ਸੀ, ਉਹ ਘਰਾਂ ਨੂੰ ਨਹੀਂ ਜਾ ਸਕਦੇ ਸਨ ਕਿਉਂਕਿ ਸੜਕ ’ਤੇ ਵਾਹਨ ਦੀ ਕਿਸੇ ਵੀ ਤਰ੍ਹਾਂ ਦੀ ਲਾਈਟ ਜਗਾਉਣ ਦੀ ਮਨਾਹੀ ਸੀ। ਜਦੋਂ ਚਾਰੋਂ ਪਾਸੇ ਹਨੇਰੇ ਦੀ ਚਾਦਰ ਫੈਲੀ ਹੋਵੇ ਤਾਂ ਹੌਲੀ-ਹੌਲੀ ਉਹ ਹਨੇਰਾ ਤੁਹਾਡੇ ਮਨ ਦੇ ਅੰਦਰ ਪੱਸਰਨ ਲੱਗਦਾ ਹੈ। ਆਪਣੀ ਜਗ੍ਹਾ ਤੋਂ ਉੱਠ ਕੇ ਕੁਝ ਦੂਰ ਵੀ ਜਾਣਾ ਮੁਹਾਲ ਹੋਇਆ ਪਿਆ ਸੀ। ਅਚਾਨਕ ਜ਼ਿੰਦਗੀ ’ਤੇ ਪੱਸਰੇ ਇਸ ਹਨੇਰੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਰੇ ਚਾਨਣੇ ਰਿਸ਼ਤਿਆਂ ਦੀ ਫ਼ਿਕਰ ਹੋਣ ਲੱਗਦੀ ਹੈ।

ਮੈਂ ਦੇਖ ਰਹੀ ਸੀ ਕਿ ਮੇਰੇ ਆਲੇ-ਦੁਆਲੇ ਕੰਮ ਕਰ ਰਹੇ ਸਹਿਯੋਗੀ ਆਪਣੇ ਭੈਣਾਂ-ਭਰਾਵਾਂ ਅਤੇ ਘਰਦਿਆਂ ਨੂੰ ਫੋਨ ਕਰ ਕੇ ਇੱਕ-ਦੂਜੇ ਦੀ ਸੁੱਖ-ਸਾਂਦ ਪੁੱਛ ਰਹੇ ਸਨ। ਮੇਰੇ ਆਪਣੇ ਪੁੱਤਰ ਨੇ ਦੋ-ਤਿੰਨ ਵਾਰੀ ਮੈਨੂੰ ਫੋਨ ਕੀਤਾ। ਉਹ ਮੈਨੂੰ ਵਾਰ-ਵਾਰ ਆਪਣੇ ਇੱਕ ਮਿੱਤਰ ਦੇ ਸਰਹੱਦੀ ਪਿੰਡ ਦਾ ਨਾਂ ਲੈ ਕੇ ਉੱਥੋਂ ਦੇ ਹਾਲਾਤ ਬਾਰੇ ਪੁੱਛ ਰਿਹਾ ਸੀ। ਉਸ ਦੇ ਮਿੱਤਰ ਦੇ ਮਾਪੇ ਉਸ ਸਰਹੱਦੀ ਪਿੰਡ ਵਿੱਚ ਇਕੱਲੇ ਰਹਿੰਦੇ ਹਨ। ਨਿਊਜ਼ ਰੂਮ ਦੀ ਇੱਕ ਹੋਰ ਸਹਿਯੋਗੀ ਜਦੋਂ ਆਪਣੇ ਪੇਜ ਚੈੱਕ ਕਰਵਾਉਣ ਆਈ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਅੱਜ ਪਹਿਲਾਂ ਦੇ ਮੁਕਾਬਲੇ ਕੁਝ ਚੁੱਪ-ਚੁੱਪ ਸੀ ਪਰ ਕੰਮ ਵਿੱਚ ਰੁੱਝੀ ਹੋਣ ਕਰਕੇ ਮੈਂ ਬਹੁਤਾ ਧਿਆਨ ਨਾ ਦਿੱਤਾ। ਉਸ ਦੇ ਜਾਣ ਤੋਂ ਬਾਅਦ ਮੇਰੀ ਦੂਜੀ ਸਹਿਯੋਗੀ ਨੇ ਦੱਸਿਆ ਕਿ ਉਸ ਦਾ ਫ਼ੌਜੀ ਭਰਾ ਪੁਣਛ ’ਚ ਤਾਇਨਾਤ ਹੈ। ਪਾਕਿਸਤਾਨ ਵੱਲੋਂ ਉੱਥੇ ਫਾਇਰਿੰਗ ਜਾਰੀ ਹੈ। ਉੱਥੇ ਹੀ ਦੇਸ਼ ਦੀ ਰਾਖੀ ਲਈ ਡਟੇ ਉਸ ਦੇ ਭਰਾ ਦਾ ਇੱਕ ਫ਼ੌਜੀ ਮਿੱਤਰ ਇਸ ਕਾਰਵਾਈ ਦੌਰਾਨ ਸ਼ਹੀਦ ਹੋ ਗਿਆ ਹੈ। ਉਸ ਸਹਿਯੋਗੀ ਦੇ ਚਿਹਰੇ ’ਤੇ ਜ਼ਿੰਦਗੀ ਦੇ ਸਿਆਹ ਪੱਖ ਦਾ ਖ਼ੌਫ਼ ਮੈਨੂੰ ਸਮਝ ਆ ਗਿਆ। ਇਸ ਮਗਰੋਂ ਦਿਨ ਵਿੱਚ ਕਈ ਵਾਰ ਮੈਨੂੰ ਉਸ ਦਾ ਉਦਾਸੀ ਭਰਿਆ ਚਿਹਰਾ ਯਾਦ ਆਇਆ ਪਰ ਮੇਰਾ ਹੌਸਲਾ ਨਹੀਂ ਪਿਆ ਕਿ ਮੈਂ ਉਸ ਨੂੰ ਉਸ ਦੇ ਭਰਾ ਦੀ ਰਾਜ਼ੀ-ਖ਼ੁਸ਼ੀ ਬਾਰੇ ਪੁੱਛ ਸਕਾਂ। ਮੈਨੂੰ ਗੁਨਾਹ ਦਾ ਅਹਿਸਾਸ ਤਾਂ ਸੀ ਪਰ ਨਾਲ ਹੀ ਇਹ ਵੀ ਲੱਗਦਾ ਸੀ ਕਿ ਕਿਤੇ ਮੈਂ ਉਸ ਦੇ ਮਨ ਵਿਚਲੇ ਦੁੱਖ ਦੀਆਂ ਤਰਬਾਂ ਫਿਰ ਨਾ ਛੇੜ ਦਿਆਂ।

ਇਹ ਹਨੇਰੇ ਦੀ ਚਾਦਰ ਮੈਂ ਕੋਈ ਪਹਿਲੀ ਵਾਰ ਨਹੀਂ ਸੀ ਦੇਖੀ। 1971 ਦੀ ਜੰਗ ਵੇਲੇ ਵੀ ਬਲੈਕਆਊਟ ਦੇਖਿਆ ਸੀ। ਉਦੋਂ ਵੀ ਘੁੱਪ ਹਨੇਰੇ ’ਚ ਜਦੋਂ ਆਸਮਾਨ ਵਿੱਚ ਗੜਗੜਾਉਂਦੇ ਜਹਾਜ਼ ਰੋਸ਼ਨੀ ਛੱਡਦੇ ਜਾਂਦੇ ਤਾਂ ਡਰ ਦੀ ਇੱਕ ਲਹਿਰ ਤੁਹਾਡੇ ਧੁਰ ਅੰਦਰ ਤੱਕ ਲਹਿ ਜਾਂਦੀ। ਉਦੋਂ ਦਸੰਬਰ ਦਾ ਮਹੀਨਾ ਸੀ। ਸੂਰਜ ਡੁੱਬਣ ਤੱਕ ਸਾਰੇ ਰੋਟੀ-ਟੁੱਕ ਮੁਕਾ ਕੇ ਆਪੋ-ਆਪਣੇ ਬਿਸਤਰਿਆਂ ’ਚ ਦੁਬਕ ਜਾਂਦੇ। ਘਰਾਂ ਦੀਆਂ ਖਿੜਕੀਆਂ ਅਤੇ ਰੋਸ਼ਨਦਾਨਾਂ ’ਤੇ ਮੋਟੇ ਪਰਦੇ ਅਤੇ ਕੰਬਲ ਪਾਏ ਹੁੰਦੇ ਤਾਂ ਜੋ ਜੇਕਰ ਕਿਸੇ ਨੇ ਅੰਦਰ ਕੋਈ ਦੀਵਾ ਜਾਂ ਮੋਮਬੱਤੀ ਜਗਾਈ ਹੈ ਤਾਂ ਉਸ ਦੀ ਰੋਸ਼ਨੀ ਬਾਹਰ ਨਾ ਜਾਵੇ। ਉਹ ਜਾਣਦੇ ਸਨ ਕਿ ਜੰਗ ਦਾ ਖਮਿਆਜ਼ਾ ਹਮੇਸ਼ਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ, ਇਸ ਲਈ ਉਹ ਕੋਈ ਲਾਪਰਵਾਹੀ ਨਹੀਂ ਸੀ ਵਰਤਣਾ ਚਾਹੁੰਦੇ।

ਉਦੋਂ ਜੰਗ ਦੇ ਦਿਨਾਂ ਦੌਰਾਨ ਸਕੂਲ ਵਿੱਚ ਸਵੇਰ ਦੀ ਸਭਾ ’ਚ ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਸਨ। ਇੱਕ ਦਿਨ ਸਵੇਰ ਦੀ ਸਭਾ ਅਜੇ ਚੱਲ ਹੀ ਰਹੀ ਸੀ ਕਿ ਇਉਂ ਜਾਪਿਆ ਜਿਵੇਂ ਅਚਾਨਕ ਕੁਝ ਹੋਇਆ ਹੈ। ਅਧਿਆਪਕਾਂ ਵੱਲੋਂ ਇੱਕ-ਦੂਜੇ ਨਾਲ ਦੱਬਵੇਂ ਸੁਰ ’ਚ ਕੋਈ ਗੱਲ ਕੀਤੀ ਜਾ ਰਹੀ ਸੀ। ਫਿਰ ਅਸੀਂ ਦੇਖਿਆ ਕਿ ਸਾਡੀ ਕਲਾਸ ਦੀ ਇੰਚਾਰਜ ਅਧਿਆਪਕਾ ਨੂੰ ਪ੍ਰਿੰਸੀਪਲ ਦੇ ਕਮਰੇ ’ਚ ਸੱਦਿਆ ਗਿਆ। ਸਾਡੀ ਕਲਾਸ ਦੀ ਇੱਕ ਕੁੜੀ ਨੂੰ ਉਨ੍ਹਾਂ ਕਤਾਰ ਵਿੱਚੋਂ ਆਪਣੇ ਕੋਲ ਸੱਦ ਲਿਆ ਅਤੇ ਉਸ ਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਬਿਠਾ ਦਿੱਤਾ। ਉਸ ਦਾ ਭਰਾ ਫ਼ੌਜ ’ਚ ਕੈਪਟਨ ਸੀ ਅਤੇ ਜੰਗ ਵਿੱਚ ਮੋਰਚੇ ’ਤੇ ਤਾਇਨਾਤ ਸੀ। ਉਹ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜੋ ਜੰਗ ’ਚ ਸ਼ਹੀਦ ਹੋ ਗਿਆ ਸੀ। ਅਧਿਆਪਕਾਂ ਨੇ ਫੌਰੀ ਸਵੇਰ ਦੀ ਸਭਾ ਖ਼ਤਮ ਕੀਤੀ ਅਤੇ ਜੰਗ ’ਚ ਸ਼ਹੀਦ ਹੋਏ ਕੈਪਟਨ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਸਮੁੱਚੇ ਸਕੂਲ ਵੱਲੋਂ ਸ਼ਰਧਾਂਜਲੀ ਭੇਟ ਕੀਤੀ।

ਫੌਰੀ ਸਕੂਲ ’ਚ ਛੁੱਟੀ ਕਰਕੇ ਸਾਰੇ ਅਧਿਆਪਕ ਅਤੇ ਬੱਚੇ ਉਨ੍ਹਾਂ ਦੇ ਘਰ ਵੱਲ ਤੁਰ ਪਏ। ਉਨ੍ਹਾਂ ਦਾ ਘਰ ਸਕੂਲ ਦੇ ਨੇੜੇ ਹੀ ਸੀ। ਜਦੋਂ ਅਸੀਂ ਉਨ੍ਹਾਂ ਦੇ ਘਰ ਪੁੱਜੇ ਤਾਂ ਉਸ ਦੇ ਭਰਾ ਦੀ ਮ੍ਰਿਤਕ ਦੇਹ ਪੂਰੇ ਸਨਮਾਨਾਂ ਨਾਲ ਫ਼ੌਜੀ ਗੱਡੀ ’ਚ ਲਿਆਂਦੀ ਗਈ ਸੀ। ਮਾਪਿਆਂ, ਤਿੰਨੋਂ ਭੈਣਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸਾਰੇ ਅਧਿਆਪਕਾਂ ਦੀਆਂ ਅੱਖਾਂ ਨਮ ਸਨ ਅਤੇ ਸਭ ਬੱਚੇ ਹੁਬਕੀਂ ਰੋ ਰਹੇ ਸਨ। ਉਹ ਵੈਣ, ਉਹ ਸੋਗਵਾਰ ਮਾਹੌਲ, ਉਹ ਸੱਥਰ ਮੇਰੇ ਅੰਦਰਲੀ ਇੱਕ ਨਿੱਕੀ ਜਿਹੀ ਕੁੜੀ ਦੇ ਦਿਲ ਅੰਦਰ ਅੱਜ ਵੀ ਵਿਛਿਆ ਹੋਇਆ ਹੈ। ਜਦੋਂ ਕਿਸੇ ਫ਼ੌਜੀ ਜਵਾਨ ਜਾਂ ਅਫਸਰ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦੀ ਹਾਂ ਤਾਂ ਮੇਰਾ ਮਨ ਫਿਰ ਉਸੇ ਸੋਗਵਾਰ ਮਾਹੌਲ ਨੂੰ ਮਹਿਸੂਸ ਕਰਦਾ ਹੈ। ਜੇਕਰ ਬਚਪਨ ਦੀ ਇਸ ਘਟਨਾ ਨੇ ਮੇਰੇ ਮਨ ’ਤੇ ਏਨਾ ਗਹਿਰਾ ਅਸਰ ਪਾਇਆ ਹੈ ਤਾਂ ਕੀ ਜੰਗਾਂ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਫ਼ੌਜੀ ਅਤੇ ਆਮ ਪਰਿਵਾਰਾਂ ਦੇ ਦੁੱਖਾਂ ਦਾ ਪਹਾੜ ਕਦੇ ਹੌਲਾ ਹੁੰਦਾ ਹੋਵੇਗਾ? ਭਾਰਤ ਪਾਕਿ ਦਰਮਿਆਨ ਮੌਜੂਦਾ ਤਣਾਅ ਦੌਰਾਨ ਪਲ ਪਲ ਬਦਲ ਰਹੀਆਂ ਖ਼ਬਰਾਂ ਦੇ ਨਾਲ ਮਨ ਅੰਦਰਲਾ ਮੌਸਮ ਵੀ ਪਲ ਪਲ ਬਦਲ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...