
ਜੰਗਾਂ ਵਿਚ ਪਾਣੀ ਵਾਂਗ ਖੂਨ ਵਹਿੰਦੈ।ਪਰ ਕੀ ਅਗਲੀ ਭਾਰਤ-ਪਾਕਿ ਜੰਗ ਪਾਣੀਆਂ ਲਈ ਹੋਵੇਗੀ? ਜਾਂ ਹੁਣ ਪਾਣੀਆਂ ਲਈ ਖੂਨ ਵਹੇਗਾ? ਖੂਨ ਦੀਆਂ ਨਦੀਆਂ ਵਗਣਗੀਆਂ?
ਅੱਜ ਕੱਲ਼੍ਹ ਇਹ ਪ੍ਰਸ਼ਨ ਅਤੇ ਇਸ ਦਾ ਸੰਭਾਵੀ ਖਤਰਨਾਕ ਉੱਤਰ ਸਾਨੂੰ ਬਹੁਤ ਸਤਾ ਰਹੇ ਹਨ।
ਸਤੇ/ਸੋਗਵਾਰ ਤਾਂ ਅਸੀਂ 22 ਅਪ੍ਰੈਲ ਤੋਂ ਹੀ ਹਾਂ।ਮਨ ਅਸ਼ਾਂਤ ਹੈ,ਦਿਲ ਬੇਚੈਨ ਅਤੇ ਰੂਹ ਰੁੰਧੀ ਹੋਈ!26 ਮਾਸੂਮ ਤੇ ਨਿਹੱਥੇ ਭਾਰਤੀ ਨਾਗਰਿਕਾਂ,ਜਿਹਨਾਂ ਵਿਚ ਇਕ ਨਵ-ਵਿਹਾਇਆ ਹਨੀਮੂਨ ਜੋੜਾ ਵੀ ਸੀ,ਨੂੰ ਸਿਰ ਫਿਰੇ ਆਤੰਕਵਾਦੀਆਂ ਨੇ ਪਹਿਲਗਾਮ ਦੇ ਇਕ ਹਰਿਆਵਲੇ ਮੈਦਾਨ ਬੈਸਰਨ ਵਿਚ ਗੋਲੀਆਂ ਨਾਲ ਭੁੰਨ ਸੁਟਿਆ।ਧਰਮ ਪੁੱਛ ਕੇ ਅਤੇ ਕਲਮਾਂ ਪੜ੍ਹਵਾ ਕੇ,ਪੂਰੀ ਤਰ੍ਹਾਂ ਪਰਖ-ਪੜਤਾਲ ਕਰਨ ਉਪਰੰਤ ਛੁਟੀਆਂ ਮਨਾਉਣ ਗਏ ਪਰਿਵਾਰਾਂ ‘ਚੋਂ ਪੁਰਸ਼ ਸੈਲਾਨੀਆਂ ਦਾ ਉਹਨਾਂ ਦੀਆਂ ਪਤਨੀਆਂ, ਧੀਆਂ-ਪੁੱਤਰਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ।
ਸਾਨੂੰ ਤਾਂ ਕੀ,ਪੂਰੇ ਸੰਸਾਰ ਨੂੰ ਇਕ ਤਸਵੀਰ ਬਹੁਤ ਸਮੇਂ ਤਕ ‘ਹਾਂਟ’ ਕਰਦੀ ਰਹੇਗੀ।ਇਹ ਤਸਵੀਰ ਆਤੰਕਵਾਦ ਦੇ ਵਿਕਰਾਲ ਰੂਪ,ਸਜਰੇ ਜੀਵਨ ਦੀ ਸਵੇਰ ਸ਼ੁਰੂ ਕਰਨ ਦੇ ਸੁਪਨੇ ਦੀ ਸੰਘੀ ਘੁਟਣ ਅਤੇ ਇਕ ਨਵ-ਵਿਆਹੀ ਦੁਲਹਨ ਦੀ ਬੇਬਸੀ,ਬਦਹਵਾਸੀ,ਬੇ-ਭਾਵੀ ਦੀ ਦਾਸਤਾਂ ਅਤੇ ਚੌਫੇਰੇ ਪਸਰੇ ਸੁੰਨ-ਸਨਾਟੇ ਦੀ ਹਿਰਦੇ-ਵਲੂੰਧਰਵੀਂ ‘ਸਿਗਨੇਚਰ ਸਟੇਟਮੈਂਟ’ ਬਣੀ ਰਹੇਗੀ।
ਆਪਾਂ ਸਭ ਨੇ ਦੇਖੀ ਹੈ ਇਹ ਫੋਟੋ।ਦੇਖੀ ਕੀ,ਇਹ ਤਾਂ ਸਾਡੀ ਰੂਹ ਤੀਕ ਧਸੀ ਹੋਈ ਹੈ ਤੇ ਧਸੀ ਰਹੇਗੀ।ਇਸ ਵਿਚ ਇਕ 26 ਸਾਲ ਦੇ ਨੌਜਵਾਨ ਦੂਲ੍ਹੇ ਜਲ ਸੈਨਾ ਦੇ ਲੈਫਟੀਨੈਂਟ ਵਿਨੇ ਨਰਵਾਲ ਦੀ ਲਾਛ,ਇਕ ਬਿਖਰੀ ਹੋਈ ਚੂੜਿਆਂ/ਚੂੜੀਆਂ-ਮੜ੍ਹੀ ਕਲਾਈਆਂ ਵਾਲੀ ਅਧਿਆਪਕਾ ਦੁਲਹਨ ਹਿਮਾਂਸ਼ੀ ਅਤੇ ਇਕ ਉਦਾਸ ਬੈਗ ਦਿਖਾਈ ਦੇ ਰਹੇ ਹਨ।ਇਉਂ ਲਗਦੈ ਜਿਵੇਂ ਇਹ ਤਿੰਨੇ ਜਣੇ ਕੋਈ ਸੁੰਨ ਜਿਹਾ ਨਗ ਬਣੀ ਬੈਠੇ ਹੋਣ!
ਭਾਰਤ ਭੜਕ ਪਿਆ ਇਹ ਸਭ ਕੁਝ ਦੇਖ/ਸੁਣ ਕੇ।ਭੜਕਣਾ ਹੀ ਸੀ।ਭਾਰਤ ਕੀ,ਪੂਰਾ ਵਿਸ਼ਵ ਹੀ ਸਕਤੇ ਵਿਚ ਆ ਗਿਆ।ਸਰਹੱਦ ਪਾਰ ਵੀ ਤਾਂ ਧੀਆਂ-ਪੁੱਤਰਾਂ ਵਾਲੇ ਰਹਿੰਦੇ ਹੀ ਹੋਣਗੇ,ਕੁਝ ਕੁ ਤਾਂ ਦਿਲਾਂ ਵਾਲੇ ਵੀ ਹੋਣਗੇ,ਇਹ ਸਭ ਕੁਝ ਉਹਨਾਂ ਨੂੰ ਵੀ ਦੁਖੀ ਕਰਦਾ ਹੋਊ,ਖਾਸ ਕਰਕੇ ਉਪਰੋਕਤ ਚਰਚਿਤ ਫੋਟੋ।ਜੇ ਨਹੀਂ,ਤਾਂ ਫਿਰ ਇਨਸਾਨੀਅਤ ਦੂਸਰੇ ਪਾਰੋਂ ਕਿਧਰੇ ਹੋਰ ਹਿਜਰਤ ਕਰ ਗਈ ਹੈ!
ਪਹਿਲਗਾਮ ਕਤਲੇਆਮ ਦੀ ਗੰਭੀਰਤਾ ਦੇ ਮੱਦੇ ਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਾਊਦੀ ਅਰਬ ਦਾ ਦੌਰਾ ਅੱਧਵਿਚਾਲੇ ਛਡ ਦਿਤਾ। ਮਸਲੇ ਦੀ ‘ਅਰਜੈਂਸੀ’ ਕਾਰਨ ਦਿੱਲੀ ਹਵਾਈ ਅੱਡੇ ਉਪਰ ਅਪੜਦਿਆਂ ਹੀ ਇਕ ਉੱਚ-ਪੱਧਰੀ ਮੀਟਿੰਗ ਕੀਤੀ।ਪਰ ਬਾਅਦ ‘ਚ ਉਹ ਇਸ ਮੁੱਦੇ ਬਾਰੇ ਸਦੀ ਗਈ ਸਰਬ-ਪਾਰਟੀ ਮੀਟਿੰਗ ਵਿਚ ਹਾਜ਼ਰ ਹੋਣ ਦੀ ਬਜਾਏ ਬਿਹਾਰ ਦੇ ਮਧੂਬਨੀ ਵਿਚ ਇਕ ਜਨਤਕ(ਚੋਣ) ਰੈਲੀ ਵਿਚ ਸ਼ਾਮਿਲ ਹੋਏ ਅਤੇ ਉਥੇ ਖੁਲ੍ਹ ਕੇ ‘ਰੇਵੜੀਆਂ’ ਵੀ ਵੰਡੀਆਂ ਅਤੇ ਅੱਤਵਾਦੀਆਂ ਅਤੇ ਉਹਨਾਂ ਦੇ ਆਕਾਵਾਂ ਨੂੰ ‘ਐੇਨੀ ਸਖਤ ਸਜ਼ਾ ਦੇਣ ਦਾ ਐੇਲਾਨ ਕੀਤਾ ਜੋ ਉਹਨਾਂ ਦੀ ਕਲਪਨਾ ਤੋਂ ਵੀ ਪਰ੍ਹੇ ਹੋਵੇਗੀ’।ਉਹਨਾਂ ਨੇ ਤਾਂ ਆਪਣੀ 121ਵੀਂ ‘ਮਨ ਕੀ ਬਾਤ’ ਦਾ ਅਰੰਭ ਵੀ ਪਹਿਲਗਾਮ ਦੀ ਪੀੜਾਦਾਇਕ ਘਟਨਾ ਦੀ ਵਿਸਤ੍ਰਿਤ ਚਰਚਾ ਨਾਲ ਕਰਦਿਆਂ ਪੀੜਤਾਂ ਨੂੰ ਹਰ ਹਾਲਤ ਵਿਚ ਇਨਸਾਫ ਦਿਤੇ ਜਾਣ ਦਾ ਭਰੋਸਾ ਦਿਤਾ।
ਵੈਸੇ,ਅਸੀਂ ਜੰਗਾਂ-ਯੁੱਧਾਂ ਦੇ ਵਿਰੁਧ ਹਾਂ।ਬਿਲਕੁਲ ਸ਼ਾਤੀ-ਪਸੰਦ ਬੰਦੇ।ਬਹੁਤੇ ਲੋਕ ਅਮਨ-ਸ਼ਾਤੀ ਨਾਲ ਹੀ ਰਹਿਣਾ ਚਾਹੁੰਦੇ ਹਨ।ਪਰ ਅਜੋਕੀ ਸਥਿਤੀ ਵਿਚ ਅਮਨ ਦੀ ਗਲ ਕਰਨੀ ‘ਆ ਬੈਲ ਮੁਝੇ ਮਾਰ’ ਵਰਗੀ ਗਲ ਐ।ਹਵਾਵਾਂ ਵਿਚ ਬਰੂਦ,ਫਿਜ਼ਾਵਾਂ ਵਿਚ ਪਾਣੀ-ਬੰਬ,ਸਰਹੱਦ ਦੇ ਆਰ-ਪਾਰ ‘ਪ੍ਰਮਾਣੂ-ਬੰਬ’ ਦੀਆਂ ਗੱਲਾਂ ਹੋ ਰਹੀਆਂ ਹਨ।ਚਲੋ,ਇਸ ਵਾਰ ਕੱਟਾ-ਕੱਟੀ ਕੱਢ ਹੀ ਲਉ।ਇਕ ਹੋਰ ਜੰਗ ਕਰ ਕੇ ਦੇਖ ਲਉ।ਦੋਵੇਂ ਪਾਸਿਆਂ ਦੇ ‘ਜੰਗਬਾਜ਼’ ਲੋਕਾਂ ਦੀ ਮੰਨ ਲਉ।ਹਰ ਵਾਰ ਫੁਸਕ ਜਿਹੀ ‘ਹਵਾ’ ਛਡੀ ਜਾਣ ਦਾ ਕੀ ਫਾਇਦੈ?ਅੇੈਤਕੀਂ ਕੋਈ ਸ਼ੋਰੀਲੀ ਆਵਾਜ਼ ਹੋ ਜਾਏ।
ਪਰ ਕੀ ਜੰਗ-ਯੁੱਧ ਕਰਨੇ ਐੇਨੇ ਸੌਖੇ ਹਨ?ਆਪਾਂ ਸਿੰਧੂ ਪਾਣੀਆਂ ਦਾ ਸਮਝੌਤਾ ਮੁਅੱਤਲ ਕਰ ਦਿਤਾ ਹੈ,ਉਹਨਾਂ ਸ਼ਿਮਲਾ ਸਮਝੌਤਾ ਰੱਦ ਕਰਤਾ ਤੇ ਆਪਣਾ ਹਵਾਈ ਸਪੇਸ ਸਾਡੇ ਲਈ ਬੰਦ ਕਰਤਾ।ਬਾਕੀ ਕਦਮ ਵੀ ਵਾਰੋ ਵਾਰੀ ਬਰਾਬਰ ਦੇ ਚੁਕੇ ਜਾ ਰਹੇ ਹਨ।ਅਟਾਰੀ-ਵਾਘਾਹ ਬਾਰਡਰ ਬੰਦ ਕਰਨਾਂ,ਨਾਗਰਿਕਾਂ ਨੂੰ ਤੁਰੰਤ ਇਕ ਦੂਜੇ ਦੇ ਦੇਸ਼ ਛਡਣ ਲਈ ਕਹਿਣਾ,ਵੀਜ਼ੇ ਰੱਦ ਕਰਨਾ,ਹਾਈ ਕਮਿਸ਼ਨਾਂ ਦਾ ਦਰਜਾ ਘਟਾਉਣਾ ਆਦਿ।
ਭਾਂਵੇਂ ਦੂਸਰੇ ਬੰਨਿਉਂ ਚੁਕੇ ਗਏ ਕਦਮ ‘ਨਾਲੇ ਚੋਰ ਨਾਲੇ ਚਤਰ’ ਵਰਗੇ ਹਨ,ਪਰ ਇਹਨਾਂ ‘ਚੋਂ ਇਕ ਤਾਂ ਫੌਰੀ ਪ੍ਰਭਾਵ ਪਾਉਣ ਵਾਲਾ ਹੈ,ਭਾਵ ਪਾਕਿਸਤਾਨ ਵਲੋਂ ਸਾਡੀਆਂ ਕੌਮਾਂਤਰੀ ਉਡਾਨਾਂ ਲਈ ਆਪਣਾ ਹਵਾਈ ਸਪੇਸ ਬੰਦ ਕਰਨਾਂ।ਇਸ ਨਾਲ ਪੱਛਮ ਵਾਲੇ ਪਾਸੇ ਨੂੰ ਜਾਣ ਵਾਲੀਆਂ ਉਡਾਨਾਂ,ਸਮੇਤ ਸੰਯੁਕਤ ਅਰਬ ਅਮੀਰਾਤ ਤੇ ਹੋਰ ਦੇਸ਼ਾਂ ਦੇ,ਤੁਰੰਤ ਪ੍ਰਭਾਵਤ ਹੋ ਗਈਆਂ ਹਨ।
ਦੋਵਾਂ ਪਾਸਿਆਂ ਤੋਂ ਬਿਆਨ ਤੇ ਬਿਆਨ ਦਾਗੇ ਜਾ ਰਹੇ ਹਨ।ਸ਼ਬਦੀ ਬੰਬਾਰੀ ਹੋ ਰਹੀ ਹੈ। ਪਾਕਿਸਤਾਨ ਨੂੰ ਇਕ ਬੂੰਦ ਵੀ ਪਾਣੀ ਨਹੀਂ ਦਿਤਾ ਜਾਵੇਗਾ।ਦੁਸ਼ਮਣ ਨੂੰ ਤ੍ਰਿਹਾਇਆ-ਪਿਆਸਾ ਤੜਪਾ ਤੜਪਾ ਕੇ ਮਾਰਿਆ ਜਾਵੇਗਾ,ਉਸ ਦੀ ਖੇਤੀ,ਆਰਥਿਕਤਾ,ਉਦਯੋਗ,ਜੀਵਨ,ਜਾਣੀ ਹਰ ਪੱਖ ਨੂੰ ਸੇਕ ਲਗੇਗਾ।ਉਹ ਰੇਗਿਸਤਾਨ ਬਣ ਜਾਵੇਗਾ।ਓਧਰੋਂ ਪ੍ਰਮਾਣੂ ਬੰਬ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ,ਪਹਿਲਗਾਮ ਦੇ ਕਾਤਲਾਂ ਨੂੰ ਆਜ਼ਾਦੀ ਘੁਲਾਟੀਏ ਕਹਿ ਕੇ ਵਡਿਆਇਆ ਜਾ ਰਿਹੈ।ਓਧਰ ਵੱਖ ਵੱਖ ਨੇਤਾ ‘ਤਾਲੋਂ ਘੁੱਥੀ ਡੂਮਣੀ ਬੋਲੇ ਆਲ ਪਾਤਾਲ’ ਵਾਂਗ ਆਪੋ ਆਪਣੀ ਡਫਲੀ ਵਜਾ ਰਹੇ ਹਨ।ਰਾਜ ਤਾਂ ਫੌਜ ਦਾ ਹੈ ਤੇ ਫੌਜ ਦੀ ਕਠਪੁਤਲੀ ਸਰਕਾਰ ਜੋ ਵੀ ‘ਸਕ੍ਰਿਪਟ’ ਮਿਲਦੀ ਹੈ,ਉਹ ਪੜ੍ਹੀ ਜਾ ਰਹੀ ਹੈ।
ਉਥੋਂ ਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇਕ ਪਾਸੇ ਤਾਂ ਪਹਿਲਗਾਮ ਮਾਮਲੇ ‘ਚ ‘ਨਿਰਪੱਖ,ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿਚ ਹਿਸਾ ਲੈਣ’ ਦੀ ਪੇਸ਼ਕਸ਼ ਕਰਦੈ ਪਰ ਨਾਲ ਹੀ ‘ਪਾਕਿਸਤਾਨ ਦੇ ਪਾਣੀ ਦੇ ਪ੍ਰਵਾਹ ਨੂੰ ਰੋਕਣ,ਘਟ ਕਰਨ ਜਾਂ ਮੋੜਨ ਦੀ ਕਿਸੇ ਵੀ ਕੋਸ਼ਿਸ਼ ਦਾ ਪੂਰੀ ਤਾਕਤ ਨਾਲ ਜਵਾਬ ਦੇਣ’ ਦੀ ਚਿਤਾਵਨੀ ਵੀ ਦਿੰਦੈ।ਉਥੋਂ ਦਾ ਸਾਬਕਾ ਬਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦਾ ਪ੍ਰਧਾਨ ਬਿਲਾਵਲ ਭੁੱਟੋ ਤਾਂ ਸਿੰਧੂ ਦਰਿਆ ਉੱਪਰ ਆਪਣਾ ਹੱਕ ਜਤਾਉਂਦਿਆਂ ‘ਜਾਂ ਤਾਂ ਸਾਡਾ ਪਾਣੀ ਇਸ ਵਿਚ ਵਹੇਗਾ ਜਾਂ ਉਹਨਾਂ ਦਾ ਖੂਨ’ ਦੀ ਧਮਕੀ ਦਿੰਦਾ ਹੈ।
ਸਾਡੇ ਇਧਰ ਵੀ ‘ਰਾਜਾ ਦਾ ਧਰਮ ਪਰਜਾ ਦੀ ਰੱਖਿਆ ਕਰਨਾਂ ਹੈ,ਰਾਜੇ ਨੂੰ ਆਪਣਾ ਧਰਮ(ਫਰਜ਼) ਨਿਭਾਉਣਾ ਚਾਹੀਦਾ ਹੈ’ ਦਾ ਪਾਠ ਪੜ੍ਹਾਇਆ ਜਾ ਰਿਹੈ ਤੇ ਪੜ੍ਹਾਉਣ ਵਾਲਾ ਵੀ ਭਾਜਪਾ ਸਮੇਤ ਆਰ.ਐੇਸ.ਅੇੈਸ ਨਾਲ ਸਬੰਧਤ 36 ਸੰਗਠਨਾਂ/ਸ਼ਾਖਾਵਾਂ ਦਾ ਮੁਖੀ,ਭਾਵ ਇਹਨਾਂ ਸੰਗਠਨਾਂ ਦਾ ਮਾਈ-ਬਾਪ,ਮੋਹਨ ਭਾਗਵਤ ਹੈ।ਜੰਗ ਦਾ ਰਾਹ ਤਾਂ ਆਪੇ ਪੱਧਰਾ ਹੋਣੈ।
ਪਰ ਸਿੰਧੂ ਪਾਣੀਆਂ ਦਾ ਸਮਝੌਤਾ/ਸੰਧੀ ਕੋਈ ਟਿਯੂਬਵੈਲ ਬੰਦ ਕਰਨ ਬਰਾਬਰ ਤਾਂ ਹੈ ਨਈਂ ਕਿ ਬਟਨ ਦਬਾਇਆ ਤਾਂ ਬੰਦ ਹੋ ਗਿਆ,ਫਿਰ ਦਬਾਇਆ ਤਾਂ ਚਲ ਪਿਆ।1960 ਵਿਚ ਕੀਤਾ ਗਈ ਇਹ ਸੰਧੀ ਅਣਵੰਡੇ ਭਾਰਤ ਦੇ 6 ਦਰਿਆਵਾਂ ਨਾਲ ਸਬੰਧਤ ਹੈ।ਇਹਨਾਂ ਚੋਂ 3 ਪੂਰਬੀ ਦਰਿਆ ਹਨ-ਸਤਲੁਜ,ਰਾਵੀ ,ਬਿਆਸ ਅਤੇ 3 ਪੱਛਮੀ ਦਰਿਆ ਹਨ-ਜੇਹਲਮ,ਝਨਾਅ(ਚਨਾਬ) ਅਤੇ ਸਿੰਧ।ਹੈ ਤਾਂ ਇਹ ਉਲਾਰ ਜਿਹਾ,ਕਿਉਂਕਿ ਕਰੀਬ 80% ਪਾਣੀ ਦਾ ਹਿਸਾ ਪਾਕਿਸਤਾਨ ਨੂੰ ਦਿਤਾ ਗਿਐ ਤੇ ਸਾਨੂੰ ਸਿਰਫ 20%।
ਪਰ ਦਰਿਆਵਾਂ ਦੇ ਵਹਿਣ ਤੁਰੰਤ ਤਾਂ ਰੋਕੇ ਨਹੀਂ ਜਾ ਸਕਦੇ।ਅਰਬਾਂ ਕਰੋੜਾਂ ਰੁਪਿਆ ਚਾਹੀਦੈ ਵਹਿਣ ਮੋੜਨ ਲਈ,ਪਹਾੜਾਂ ਵਰਗੇ ਬੰਨ੍ਹ ਬੰਨਣ ਤੇ ਪਾਣੀ ਸਾਂਭਣ ਲਈ।ਚਲੋ,ਭਾਰਤ ਦੀ ਅਰਥ-ਵਿਵਸਥਾ ਸਿਹਤਮੰਦ ਹੈ,ਪੈਸਾ ਖਰਚ ਲਿਆ ਜਾਵੇਗਾ,ਵੈਸੇ ਵੀ ਜਿਥੇ ਸਵਾਲ ਸਵੈਮਾਣ,ਸੁਰੱਖਿਆ ਅਤੇ ਪ੍ਰਭੂਸੱਤਾ ਦਾ ਹੋਵੇ,ਓਥੇ ਪੈਸੇ ਨਹੀਂ ਦੇਖੀਦਾ।।ਪਰ ਬੰਨ੍ਹ ਬੰਨ੍ਹ ਕੇ ਪਾਣੀ ਸੰਭਾਲਣਾ ਕਿਵੇਂ ਹੈ?ਇਹ ਸਟੋਰ ਕੀਤੇ ਜਾਣ ਵਾਲੀ ਵਸਤ ਤਾਂ ਹੈ ਨਹੀਂ।ਬਰਸਾਤਾਂ ਵਿਚ ਸਾਡੇ ਇਧਰਲੇ ਦਰਿਆਵਾਂ ਵਿਚ ਜਦ ਪਾਣੀ ਚੜ੍ਹਦੈ ਜਾਂ ਹੜ੍ਹ ਆਉਂਦੇ ਹਨ ਤਾਂ ਸਾਨੂੰ ਪੁੱਛ ਕੇ ਤਾਂ ਪਾਣੀ ਸਰਹੱਦੋਂ ਪਾਰ ਨਹੀਂ ਜਾਂਦਾ।ਭਲਾ ਹੜ੍ਹਾਂ ਨੂੰ ਜਾਂ ਪਾਣੀ ਨੂੰ ਕਿਹੜਾ ਕਿਸੇ ਵੀਜ਼ੇ ਦੀ ਲੋੜ ਹੁੰਦੀ ਹੈ!ਜਾਂ ਕਿਸੇ ਸਰਹੱਦ ਦਾ ਸਹਿਮ ਹੁੰਦੈ!ਬਰਸਾਤ ਆਉਣ ਵਾਲੀ ਹੈ,ਕੀ ਅਸੀਂ ਉਦੋਂ ਤੀਕ ਇਹਨਾਂ ਦਰਿਆਵਾਂ ਦੇ ਪਾਣੀਆਂ ਨੂੰ ਬੰਨ੍ਹ ਮਾਰ ਲਵਾਂਗੇ?ਵੈਸੇ ਜੇ ਮੁਹਾਣ ਮੋੜੇ ਜਾ ਸਕਣ ਤਾਂ ਪੰਜਾਬ,ਹਰਿਆਣਾ,ਰਾਜਸਥਾਨ ਦੀ ਚੁਰਾਸੀ ਕਟੀ ਜਾਵੇਗੀ।ਇਹਨਾਂ ਪ੍ਰਾਂਤਾਂ,ਖਾਸ ਕਰਕੇ ਦੂਜੇ ਦੋ ਪ੍ਰਾਂਤਾਂ,ਦਾ ਪਾਣੀ ਦੇ ਸੰਕਟ ਦਾ ਹਲ ਹੋ ਜਾਵੇਗਾ।ਸੋਨੇ ਤੇ ਸੁਹਾਗੇ ਵਾਂਗ,ਪੰਜਾਬ ਨਾਲ ਹਰਿਆਣੇ ਦੀ ਪਾਣੀ ਬਾਰੇ ਸਤਲੁਜ-ਯਮੁਨਾ ਲਿੰਕ ਨਹਿਰ ਨਾਲ ਸਬੰਧਤ ਘਿਚ ਘਿਚ ਵੀ ਮੁਕ ਜਾਵੇਗੀ(ਉਂਝ ਇਹ ਘਿਚ ਘਿਚ ਸਾਡੇ ਦੇਸ਼ ‘ਚ ਕਾਵੇਰੀ ਨਦੀ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਦੱਖਣ ਦੇ ਰਾਜਾਂ ਕਰਨਾਟਕਾ ਅਤੇ ਤਾਮਿਲ ਨਾਡੂ ਵਿਚ ਵੀ ਹੁੰਦੀ ਹੀ ਰਹਿੰਦੀ ਹੈ)।
ਓਧਰੋਂ ਪਹਿਲਾਂ ਹੀ ਕਿਹਾ ਜਾ ਚੁਕੈ ਕਿ ਸਿੰਧੂ ਪਾਣੀਆਂ ਦੀ ਸੰਧੀ ਰੱਦ ਕਰਨ ਨੂੰ ਜੰਗ ਸਮਝਿਆ ਜਾਵੇਗਾ।ਜਿਸ ਦਾ ਮਤਲਬ ਸਾਫ ਹੈ ਕਿ ਇਸ ਮੁਅੱਤਲੀ ਨੂੰ ਕੌਮਾਂਤਰੀ ਅਦਾਲਤ ਵਿਚ ਜਾਂ ਇਸ ਸਮਝੌਤੇ ਦੀ ਸਾਲਸ ਵਿਸ਼ਵ ਬੈਂਕ ਵਿਚ ਉਠਾਇਆ ਜਾਵੇਗਾ ਤੇ ਜੇ ਗੱਲ ਨਾਂ ਬਣੀ ਤਾਂ ਜੰਗ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ।
ਪਰ ਅਸੀਂ ਆਪਣਾ ਸਵਾਲ ਦੁਹਰਾਉਂਦੇ ਹਾਂ-ਕੀ ਜੰਗ ਕਰਨੀ ਅੇੈਨੀ ਸੌਖੀ ਹੈ?ਚੀਨ ਪ੍ਰਤੱਖ ਤੌਰ ਤੇ ਪਾਕਿਸਤਾਨ ਨਾਲ ਖੜੈ।ਚੀਨ ਦੇ ਰਾਸ਼ਟਰਪਤੀ ਜ਼ੀ.ਜਿੰਨਪਿੰਗ ਨੇ ਤਾਂ ਪਹਿਲਗਾਮ ਦੇ ਕਤਲੇਆਮ ਦੀ ਨਿੰਦਾ ਤਕ ਨਹੀਂ ਕੀਤੀ,ਫਿਰ ਉਹ ਆਪਣੇ ਮਿੱਤਰ ਦੇਸ਼ ਦੀ ਸਹਾਇਤਾ ਕਿਉਂ ਨਹੀਂ ਕਰੇਗਾ।ਬ੍ਰਹਮਪੁਤਰ ਅਤੇ ਸਤਲੁਜ ਦਰਿਆਵਾਂ ਸਣੇ ਸਾਡੇ ਵੀ ਕਈ ਦਰਿਆ ਚੀਨ/ਨੇਪਾਲ ਵਾਲੇ ਪਾਸਿਉਂ ਆਉਂਦੇ ਹਨ।ਜੇ ਅਸੀਂ ਇਧਰ ਜਲ-ਬੰਬ ਚਲਾਂਵਾਂਗੇ ਤਾਂ ਓਧਰ ਵੀ ਕੁਝ ਹੋ ਸਕਦੈ/ਜਾਂ ਚੀਨ ਕੁਝ ਕਰ ਸਕਦੈ(ਹੁਣ ਤਾਂ ਨੇਪਾਲ ਵੀ ਵਧੇਰੇ ਚੀਨ-ਪੱਖੀ ਹੈ)।
ਪਾਣੀ ਦਾ ਹਥਿਆਰ ਪਾਣੀ ਸੰਭਾਲ ਕੇ ਅਤੇ ਫਿਰ ਛਡ ਕੇ ਵੀ ਕੀਤਾ ਜਾ ਸਕਦੈ,ਜਿਸ ਦੇ ਸਿਟੇ ਵਜੋਂ ਸਰਹੱਦ ਦੇ ਪਾਰ ‘ਡੋਬੂ ਡੋਬੂ’ ਦੀ ਸਥਿਤੀ ਪੈਦਾ ਹੋ ਸਕਦੀ ਹੈ।ਪਰ ਓਹੀ ‘ਢਾਕ ਕੇ ਤੀਨ ਪਾਤ’ ਵਾਂਗ ਅਜਿਹਾ ਹੀ ਪੰਗਾ ਤਾਂ ਚੀਨ ਵਲੋਂ ਪਾਏ ਜਾਣ ਦਾ ਖਦਸ਼ਾ ਹੈ।
ਅਸੀਂ ਆਪਣੇ ਦੇਸ਼ ਦੀ ਫੌਜੀ ਸ਼ਕਤੀ ਘਟ ਨਹੀਂ ਆਂਕ ਰਹੇ।ਸਾਡੀ ਫੌਜ ਪੂਰੀ ਸਮਰੱਥ ਹੈ।ਪਰ ਅਸੀਂ ਧਰਤ-ਹਕੀਕੀ ਦੇਖ ਰਹੇ ਹਾਂ।ਯੁੂਕਰੇਨ-ਰੂਸ ਜੰਗ ਵਿਚ ਛੋਟਾ ਜਿਹਾ ਦੇਸ਼ ਯੁੂਕਰੇਨ ਹੋਰਨਾਂ ਦੇਸ਼ਾਂ,ਸਮੇਤ ਅਮਰੀਕਾ,ਦੀ ਸਹਾਇਤਾ ਨਾਲ ਇਸ ਜੰਗ ਨੂੰ 3 ਸਾਲ ਤੋਂ ਵਧ ਸਮੇਂ ਤੋਂ ਲੜਦਾ ਆ ਰਿਹੈ ਤੇ ਰੂਸ ਵਰਗੀ ਮਹਾਂ-ਸ਼ਕਤੀ ਦਾ ਮੁਕਾਬਲਾ ਕਰਦਾ ਆ ਰਿਹੈ।
ਜੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚ ਯੁੱਧ ਛਿੜਦੈ(ਰੱਬ ਖੈਰ ਕਰੇ!) ਤਾਂ ਚੀਨ ਤਾਂ ਪਾਕਿਸਤਾਨ ਨਾਲ ਖੜ੍ਹੇਗਾ ਹੀ,ਸਾਡੀ ਸਹਾਇਤਾ ਨਾਲ ਬਣਿਆਂ ਬੰਗਲਾਦੇਸ਼ ਵੀ ਹੁਣ ਉਸ ਦੀ ਹਮਾਇਤ ਕਰੇਗਾ।ਨੇਪਾਲ ਹੁਣ ਹੈ ਤਾਂ ਚੀਨ-ਪੱਖੀ ਪਰ ਸ਼ਾਇਦ ਉਹ ਭਾਰਤ ਵਿਰੋਧੀ ਖੁਲ੍ਹਾ ਸਟੈਂਡ ਨਾਂ ਲਵੇ।ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਬੇਸ਼ਕ ਮੋਦੀ ਜੀ ਦਾ ‘ਦੋਸਤ’ ਹੈ ਪਰ ਉਸ ਬਾਰੇ ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਸ ਦਾ ਪੈਂਤੜਾ ਕੀ ਹੋਵੇਗਾ।ਉਸ ਦਾ ਤਾਜ਼ਾ ਬਿਆਨ ਇਸ ਨੂੰ ਸਪਸ਼ਟ ਕਰ ਦਿੰਦੈ-“ਜਿਵੇਂ ਕਿ ਤੁਸੀਂ ਜਾਣਦੇ ਹੋ,ਮੈਂ ਭਾਰਤ ਦੇ ਕਾਫੀ ਨੇੜੇ ਹਾਂ ਤੇ ਮੈਂ ਪਾਕਿਸਤਾਨ ਦੇ ਵੀ ਕਾਫੀ ਨੇੜੇ ਹਾਂ।ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹਮੇਸ਼ਾਂ ਰਿਹਾ ਹੈ ਅਤੇ ਦੋਵੇਂ ਦੇਸ਼ ਆਪਸ ਵਿਚ ਇਸ ਨੂੰ ਕਿਸੇ ਨਾ ਕਿਸੇ ਤਰਾਂ ਸੁਲਝਾ ਲੈਣਗੇ”।
ਜਾਣੀ ‘ਤਇਆ ਤੇਲੂ ਵੀ ਠੀਕ ਅਤੇ ਚਾਚੀ ਚਿੰਤੀ ਵੀ ਗਲਤ ਨਹੀਂ’!
ਰੂਸ ਸਾਡੇ ਨਾਲ ਤਾਂ ਹੋਵੇਗਾ ਪਰ ਉਸ ਦਾ ਯੂੁਕਰੇਨ ਨਾਲ ਆਪਣਾ ਪੇਚਾ ਪਿਆ ਹੋਇਆ ਹੈ।
ਐੇਸ ਵੇਲੇ ਦੋਵੇਂ ਪਾਸੇ ਪ੍ਰਚੰਡ ‘ਪੋਸਚਰਿੰਗ’(ਪੈਂਤੜੇਬਾਜ਼ੀ) ਚਲ ਰਹੀ ਹੈ।ਭਾਰਤ ਨੂੰ 26 ਨਾਗਰਿਕਾਂ ਦੇ ਬੇਰਹਿਮ ਕਤਲ ਅਤੇ ਲੋਕਾਂ ਵਿਚਲੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੁਝ ਨਾ ਕੁਝ ਤਾਂ ਜ਼ਰੂਰ ਕਰਨਾਂ ਪਵੇਗਾ।‘ਸਰਜੀਕਲ ਸਟਰਾਈਕ’ ਤੋਂ ਵੀ ਵਧੇਰੇ ਵਧ ਕਦਮ ਚੁਕਣੇ ਪੈਣਗੇ।
ਸਾਨੂੰ ਇਕ ਗੱਲ ਸਮਝ ਨਹੀਂ ਆਈ ਕਿ ਪਾਕਿਸਤਾਨ ਕਸ਼ਮੀਰ ਨੂੰ ਆਪਣੀ ‘ਸ਼ਾਹਰਗ’ ਕਹਿੰਦੈ(ਭਾਂਵੇਂ ਇਹ ਸੌ ਫੀਸਦੀ ਗਲਤ ਹੈ)।ਅਜੇ ਕੁਝ ਦਿਨ ਪਹਿਲਾਂ ਹੀ ਉਥੋਂ ਦਾ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਹਿੰਦੂ-ਮੁਸਲਿਮ ਦੋ-ਕੌਮੀ ਥਿਊਰੀ ਨੂੰ ਮੁੜ ਚੇਤੇ ਕਰਵਾਉਂਦਾ ਹੋਇਆ, ਪਾਕਿਸਤਾਨ ਦੇ ਬਹੁਤ ਹੀ ਬੇਹਤਰ ਦੇਸ਼ ਹੋਣ ਦੇ ਦਾਅਵੇ ਨਾਲ ਸਾਡੇ ਦੇਸ਼ ਵਿਰੁਧ ਜ਼ਹਿਰ ਉਗਲ ਕੇ ਹਟਿਆ ਹੈ।26 ਅਪ੍ਰੈਲ ਨੂੰ ਉਸ ਨੇ ਫਿਰ ਇਹ ਸਿਧਾਂਤ ਦੁਹਰਾਇਆ।ਵਈ ਜੇ ਮੰਨ ਲਉ ਕਿ ਕਸ਼ਮੀਰ ਤੁਹਾਡੀ ‘ਸ਼ਾਹਰਗ’ ਹੈ ਤਾਂ ਫਿਰ ਕਸ਼ਮੀਰੀਆਂ ਦੀ ਰੋਟੀ ਰੋਜ਼ੀ ਖੋਹ ਕੇ ਇਸ ਸ਼ਾਹਰਗ ਨੂੰ ਕਟਦੇ ਕਿਉਂ ਹੋ? ਉਹਨਾਂ ਦੇ ਪੇਟ ਤੇ ਲੱਤ ਕਿਉਂ ਮਾਰਦੇ ਹੋ? ਕਸ਼ਮੀਰੀ ਲੋਕਾਂ ਦਾ ਜੀਵਨ-ਨਿਰਵਾਹ ਟੂਰਿਜ਼ਮ ਉਪਰ ਟਿਕਿਐ ਪਰ ਕਸ਼ਮੀਰੀਆਂ ਦੀ ਇਸ ‘ਲਾਈਫਲਾਈਨ’ ਨੂੰ ਸੈਲਾਨੀਆਂ ਦੀ ਭਰਪੂਰ ਭੀੜ ਵਾਲੇ ਸੀਜ਼ਨ ਵਿਚ ਖਲਲ ਪਾ ਕੇ ਕਿਸ ਦਾ ਭਲਾ ਕਰ ਰਹੇ ਹੋ?ਸੱਚੀ ਗੱਲ ਤਾਂ ਇਹ ਹੈ ਕਿ ਨਾਂ ਪਾਕਿਸਤਾਨ,ਨਾਂ ਆਤੰਕਵਾਦੀ ਕਸ਼ਮੀਰੀਆਂ ਦੇ ਹਮਦਰਦ ਹਨ;ਭਾਰਤ,ਜਿਸ ਦਾ ਕਸ਼ਮੀਰ ਅਨਿੱਖੜਵਾਂ ਅੰਗ ਹੈ,ਹੀ ਆਪਣੇ ਇਸ ਅੰਗ ਦੇ ਦਰਦ ਦਾ ਦਰਦੀ ਹੈ!
ਇਕ ਗੱਲ ਸਾਨੂੰ ਹੋਰ ਨਹੀਂ ਸਮਝ ਆਉਂਦੀ।ਜਦੋਂ ਵੀ ਕੋਈ ਅਮਰੀਕੀ ਆਗੂ ਸਾਡੇ ਦੇਸ਼ ਵਿਚ ਆਉਂਦੈ,ਉਦੋਂ ਹੀ ਆਤੰਕਵਾਦੀ ਕੋਈ ਵਡਾ ਕਾਂਡ ਕਰ ਦਿੰਦੇ ਹਨ।ਚਾਹੇ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੌਰੇ ਸਮੇਂ ਚਿਟੀ ਛੱਤੀਸਿੰਗਪੁਰਾ ਵਿਚ 20 ਮਾਰਚ,2000 ਨੂੰ 35 ਸਿੱਖ ਨਾਗਰਿਕਾਂ ਦਾ ਕਤਲੇਆਮ ਹੋਵੇ ਜਾਂ ਹੁਣ ਉੱਪ- ਰਾਸ਼ਟਰਪਤੀ ਜੇ.ਡੀ.ਵੇਂਸ ਦੇ ਦੌਰੇ ਸਮੇਂ 22 ਅਪ੍ਰੈਲ,2025 ਨੂੰ 26 ਹਿੰਦੂ ਨਾਗਰਿਕਾਂ ਦਾ ਕਤਲੇਆਮ ਹੋਵੇ।
ਸ਼ਾਇਦ ਸਰਹੱਦੋਂ ਪਾਰ ਦੀ ਪੁਸ਼ਤਪਨਾਹੀ ‘ਚ ਪਨਪਦੇ ਆਤੰਕਵਾਦੀ ਜਾਂ ਉਹਨਾਂ ਦੇ ਸਿਆਸੀ/ਫੌਜੀ ਆਕਾ ਅਮਰੀਕਾ ਨੂੰ ਇਹ ਦਰਸਾਉਣਾ ਚਾਹੁੰਦੇ ਹੋਣ ਕਿ ਕਸ਼ਮੀਰ ਵਿਚ ਹਾਲਾਤ ‘ਕਾਬੂ’ ‘ਚ ਨਹੀਂ ਹਨ।ਜਾਂ ਫਿਰ ਇਸ ਮੁਦੇ ਦਾ ਕੌਮਾਂਤਰੀਕਰਨ ਕਰਨਾਂ ਚਾਹੁੰਦੇ ਹੋਣ।ਜਾਂ ਗੜੇ ਮੁਰਦੇ ਉਖਾੜ ਕੇ ‘ਨੌਰਮੈਲਿਸੀ’ ਵਲ ਪਰਤ ਰਹੇ ਕਸ਼ਮੀਰ ਨੂੰ ਫਿਰ ਲੀਹੋਂ ਲਾਹੁਣਾ ਲੋੜਦੇ ਹੋਣ।
ਇਕ ਗੱਲ ਹੋਰ ਕਰਨੀ ਹੈ।ਉਹ ਹੈ ਦਿਹਾੜੀਦਾਰ ਘੋੜੇਵਾਲੇ ਮੁਸਲਮਾਨ ਆਦਿਲ ਹੁਸੈਨ ਸ਼ਾਹ ਦੀ ਬਹਾਦਰੀ ਦੀ।ਬੁੱਢੇ ਮਾਂ-ਬਾਪ ਸਮੇਤ 9 ਜੀਆਂ ਦੇ ਗਰੀਬ ਪਰਿਵਾਰ ਦੇ ਇਕਲੌਤੇ ਕਮਾਉੂ ਪੁੱਤਰ ਆਦਿਲ ਨੇ ਸੈਲਾਨੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿਤੀ।
ਬੈਸਰਨ ਵਾਦੀ ਦਾ ਟੂਰ ਕਰਵਾਉਣ ਵਾਲੇ ਇੱਕ ਹੋਰ ‘ਮੁਸਲਮਾਨ’ ਨਜ਼ਾਕਤ ਅਲੀ ਨੇ ਵੀ 11 ਸੈਲਾਨੀਆਂ ਦੀ ਜਾਨ ਬਚਾਈ ਅਤੇ ਉਹ ਸਭ ‘ਹਿੰਦੂ’ ਸਨ!
ਪਹਿਲਗਾਮ ਕਤਲੇਆਮ ਵਿਰੁਧ ਪੂਰਾ ਕਸ਼ਮੀਰ ਖੜਾ ਹੋਇਆ।ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਸਮੇਤ ਉਹ ਲੋਕ ਵੀ ਜੰਮੂ ਕਸ਼ਮੀਰ ਦੇ ਬੰਧ ਵਿਚ ਸ਼ਾਮਿਲ ਹੋੲੋ ਜੋ ਪਹਿਲਾਂ ਕਦੀ ਨਹੀਂ ਸਨ ਹੁੰਦੇ।ਅਜਿਹਾ ਸਰਬ-ਵਿਆਪੀ ਬੰਧ ਪਿਛਲੇ 4 ਦਹਾਕਿਆਂ ਵਿਚ ਪਹਿਲੀ ਵਾਰ ਹੋਇਐ।ਇਹ ਵਰਤਾਰਾ ਭਾਰਤ ਦੇ ਦੁਖ-ਦਰਦ ਵੇਲੇ ਬੱਦਲਾਂ ਉਹਲਿਉਂ ਸੂਰਜ ਦੀ ਚਮਕਦੀ ਕਿਰਨ ਵਾਂਗ ਹੈ।ਆਪਾਂ ਪਹਿਲਾਂ ਭਾਰਤੀ ਹਾਂ,ਬਾਅਦ ਵਿਚ ਹਿੰਦੂ,ਮੁਸਲਮਾਨ,ਸਿੱਖ,ਈਸਾਈ,ਬੋਧੀ,ਪਾਰਸੀ,ਜੈਨੀ,ਅਨੁਸੂਚਿਤ/ਜਨਜਾਤੀਆਂ ਜਾਂ ਹੋਰ ਫਿਰਕਿਆਂ/ਖਿੱਤਿਆਂ ਨਾਲ ਸਭੰਧਤ ਲੋਕ।
ਐੇਸ ਵੇਲੇ ਦੋਵਾਂ ਦੇਸ਼ਾਂ ਉਪਰ ਜੰਗ ਦੇ ਬੱਦਲ ਮੰਡਰਾ ਰਹੇ ਹਨ।ਅੰਤਰ-ਰਾਸ਼ਟਰੀ ਪਧਰ ਤੇ ਇਸ ਜੰਗ ਦੀ ਸੰਭਾਵਨਾਂ ਬਣਨ ਤੋਂ ਰੋਕਣ ਦੇ ਉਪਰਾਲੇ ਹੋਣੇ ਚਾਹੀਦੇ ਹਨ।ਗਾਜ਼ਾ ਪੱਟੀ,ਭਾਵ ਇਸਰਾਈਲ-ਹਮਾਸ-ਫਲਸਤੀਨ ਜੰਗ,ਯੂਕਰੇਨ-ਰੂਸ ਯੁੱਧ ਪਹਿਲਾਂ ਹੀ ਹੋ ਰਹੇ ਐ ਅਤੇ ਕਈ ਹੋਰ ਦੇਸ਼ਾਂ ਦਰਮਿਆਨ ਵੀ ਬੜੀ ਖਟਾਸ ਹੈ।ਭਾਰਤ-ਪਾਕਿਸਤਾਨ ਦੇ ਰਿਸ਼ਤੇ ਬੜੀ ਦੇਰ ਤੋਂ ਕੁੜੱਤਣ ਭਰੇ ਹਨ,ਪਰ ਅੇਸੈ ਵੇਲੇ ਇਹ ਕੁੜੱਤਣ ਚਰਮਸੀਮਾ ਤੇ ਹੈ।ਈਰਾਨ ਨੇ ਸਾਲਸੀ ਦੀ ਪੇਸ਼ਕਸ਼ ਕੀਤੀ ਹੈ।ਯੂ.ਐਨ. ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਵੀ ਦੋਵਾਂ ਦੇਸ਼ਾਂ ਨੂੰ ਸੰਜਮ ਤੋਂ ਕੰਮ ਲੈਣ ਲਈ ਕਿਹਾ ਹੈ।ਹੋਰ ਦੇਸ਼ਾਂ ਨੂੰ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ।
ਮੌਜੂਦਾ ਸਥਿੱਤੀ ਬਹੁਤ ‘ਫਲੂਇਡ’ ਹੈ,ਅਨਿਸਚਿਤਤਾ ਵਾਲੀ।ਇਹ ਲੇਖ ਛਪਣ ਤਕ ਕੁਝ ਵੀ ਹੋ ਸਕਦੈ। ਮੌਲਾ ਮਿਹਰ ਕਰੇ!
ਉਰਦੂ ਦੇ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਜੰਗ ਵਿਰੁਧ ਬਹੁਤ ਹੀ ਖੁਬਸੂਰਤ ਰਚਨਾਂ ਹੈ। ਇਸ ਦੇ ਕੁਝ ਅੰਸ਼ ਪੇਸ਼ ਕਰਕੇ ਗੱਲ ਮੁਕਾਉਂਦੇ ਹਾਂ-
“ਖੂਨ ਅਪਨਾ ਹੋ ਯਾ ਪਰਾਇਆ ਹੋ
ਨਸਲ-ਏ-ਆਦਮ ਕਾ ਖੂਨ ਹੈ ਆਖਿਰ
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇਂ
ਅਮਨ-ਏ-ਆਲਮ ਕਾ ਖੂਨ ਹੈ ਆਖਿਰ…
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਯਾ ਮਸਲੋਂ ਕਾ ਹਲ ਦੇਗੀ
ਆਗ ਅੋਰ ਖੂਨ ਆਜ ਬਖਸ਼ੇਗੀ
ਭੂਕ ਅੋਰ ਇਹਤਿਯਾਜ ਕਲ ਦੇਗੀ
ਇਸ ਲੀਏ ਐ ਸ਼ਰੀਫ ਇਨਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਅੋਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ”।
-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055