
ਨਵੀਂ ਦਿੱਲੀ, 1 ਮਈ – ਕੇਂਦਰ ਸਰਕਾਰ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਬੁੱਧਵਾਰ ਕੀਤੇ ਇੱਕ ਵੱਡੇ ਅਤੇ ਸਿਆਸੀ ਤੇ ਸਮਾਜੀ ਤੌਰ ’ਤੇ ਬਹੁਤ ਹੀ ਅਹਿਮ ਫੈਸਲੇ ਵਿੱਚ ਦੇਸ਼ ਦੀ ਆਉਣ ਵਾਲੀ ਮਰਦਮਸ਼ੁਮਾਰੀ/ਜਨਗਣਨਾ ਅਭਿਆਸ ਵਿੱਚ ਜਾਤੀ ਗਣਨਾ ਨੂੰ ‘ਪਾਰਦਰਸ਼ੀ’ ਢੰਗ ਨਾਲ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਕੈਬਨਿਟ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦਾ ਐਲਾਨ ਕਰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਜਨਗਣਨਾ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਪਰ ਕੁਝ ਰਾਜਾਂ ਨੇ ਸਰਵੇਖਣਾਂ ਦੇ ਨਾਂਅ ’ਤੇ ਜਾਤੀ ਗਣਨਾ ਕੀਤੀ ਹੈ।
ਵਿਰੋਧੀ ਪਾਰਟੀਆਂ ਵੱਲੋਂ ਸ਼ਾਸਤ ਰਾਜਾਂ ਨੇ ਸਿਆਸੀ ਕਾਰਨਾਂ ਕਰਕੇ ਜਾਤੀ ਸਰਵੇਖਣ ਕੀਤੇ ਹਨ। ਮੰਤਰੀ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਸੰਕਲਪ ਹੈ ਕਿ ਪੂਰੇ ਭਾਰਤ ਦੇ ਆਗਾਮੀ ਜਨਗਣਨਾ ਅਭਿਆਸ/ਮਰਦਮਸ਼ੁਮਾਰੀ ਵਿੱਚ ਜਾਤੀ ਗਣਨਾ ਨੂੰ ਪਾਰਦਰਸ਼ੀ ਢੰਗ ਨਾਲ ਸ਼ਾਮਲ ਕੀਤਾ ਜਾਵੇ। ਜਨਗਣਨਾ ਅਭਿਆਸ ਅਪ੍ਰੈਲ 2020 ਵਿੱਚ ਸ਼ੁਰੂ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਹੋ ਗਈ ਸੀ। ਦੇਸ਼ ਵਿੱਚ 1931 ਵਿਚ ਪਹਿਲੀ ਮਰਦਮਸ਼ੁਮਾਰੀ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਮਰਦਮਸ਼ੁਮਾਰੀ ’ਚ ਜਾਤ ਆਧਾਰਤ ਗਿਣਤੀ ਕੀਤੀ ਜਾਵੇਗੀ ਤੇ ਅੰਕੜੇ ਇਕੱਤਰ ਕੀਤੇ ਜਾਣਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਰਦਮਸ਼ੁਮਾਰੀ ਵਿੱਚ ਜਾਤ ਦਾ ਖਾਨਾ ਰੱਖਿਆ ਗਿਆ ਹੈ।