
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾ ਬਣਾਉਣ ਅਤੇ ਉਹਨਾਂ ਨੂੰ ਕੁਝ ਐਪਸ ’ਤੇ ਦਿਖਾਉਣ ਦਾ ਆਰੋਪ ਲੱਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਹਨਾਂ ਨੂੰ ਮੁੱਖ ਆਰੋਪੀ ਬਣਾਇਆ ਹੈ।ਇਸ ਸਾਲ ਫਰਵਰੀ ਵਿਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਉਹਨਾਂ ਨੂੰ ਜਾਰੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਰਾਜ ਕੁੰਦਰਾ ਨੂੰ ਇਸੇ ਕੇਸ ਦੇ ਮੁੱਖ ਆਰੋਪੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਹਨ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡਾਕਟਰੀ ਜਾਂਚ ਤੋਂ ਬਾਅਦ ਰਾਜ ਕੁੰਦਰਾ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੁੰਬਈ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਰਵਰੀ 2021 ਵਿਚ ਅਪਰਾਧ ਸ਼ਾਖਾ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੱਖ-ਵੱਖ ਓਟੀਟੀ ਪਲੇਟਫਾਰਮਾਂ ’ਤੇ ਜਾਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਕੇਸ ਵਿਚ ਰਾਜ ਕੁੰਦਰਾ ਤੋਂ ਪਹਿਲਾਂ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਰਾਜ ਕੁੰਦਰਾ ਨੂੰ ਇਹਨਾਂ ਆਰੋਪੀਆਂ ਦੇ ਬਿਆਨ ਅਤੇ ਤਕਨੀਕੀ ਸਬੂਤਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜਿਹੇ ਮਾਮਲਿਆਂ ਵਿਚ ਅਕਸਰ ਆਰੋਪੀ ਖਿਲਾਫ਼ ਆਈਟੀ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਜੇਕਰ ਅਦਾਲਤ ਆਰੋਪੀ ਨੂੰ ਦੋਸ਼ੀ ਕਰਾਰ ਦਿੰਦੀ ਹੈ ਤਾਂ ਉਸ ਨੂੰ ਕਈ ਸਾਲ ਜੇਲ੍ਹ ਵਿਚ ਰਹਿਣਾ ਹੈ ਸਕਦਾ ਹੈ। ਦੇਸ਼ ਵਿਚ ਅਸ਼ਲੀਲ ਸਮੱਗਰੀ ਦੇ ਮਾਮਲਿਆਂ ਨੂੰ ਲੈ ਕੇ ਕਾਨੂੰਨ ਕਾਫੀ ਸਖ਼ਤ ਹੈ। ਇਸ ਕਾਨੂੰਨ ਦੇ ਘੇਰੇ ਵਿਚ ਅਸ਼ਲੀਲ ਵੀਡੀਓ ਤਿਆਰ ਕਰਨ ਵਾਲੇ ਜਾਂ ਐਸਐਮਐਸ ਬਣਾਉਣ ਵਾਲੇ ਲੋਕ ਆਉਂਦੇ ਹਨ।
ਇਸ ਐਕਟ ਤਹਿਤ ਆਉਣ ਵਾਲੇ ਮਾਮਲਿਆਂ ਵਿਚ ਆਈਟੀ (ਸੋਧ) ਕਾਨੂੰਨ 2008 ਦੀ ਧਾਰਾ 67(ਏ) ਅਤੇ ਆਈਪੀਸੀ ਦੀ ਧਾਰਾ 292,293, 294,500,506 ਅਤੇ 509 ਤਹਿਤ ਸਜ਼ਾ ਦਾ ਪ੍ਰਬੰਧ ਹੈ। ਅਪਰਾਧ ਦੀ ਗੰਭੀਰਤਾ ਦੇ ਲਿਹਾਜ਼ ਨਾਲ ਪਹਿਲੀ ਗਲਤੀ ’ਤੇ ਪੰਜ ਸਾਲ ਤੱਕ ਦੀ ਜੇਲ੍ਹ ਜਾਂ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ ਪਰ ਦੂਜੀ ਵਾਰ ਗਲਤੀ ਕਰਨ ’ਤੇ ਜੇਲ੍ਹ ਦੀ ਸਜ਼ਾ 7 ਸਾਲ ਵਧ ਸਕਦੀ ਹੈ।