ਸਿੰਧੂ ਜਲ ਸੰਧੀ ਦੀ ਮੁਅੱਤਲੀ ਤੋਂ ਬਾਅਦ ਝਨਾਂ ਦਰਿਆ ਦਾ ਪੱਧਰ ਘਟਿਆ

ਚੰਡੀਗੜ੍ਹ, 30 ਅਪ੍ਰੈੈਲ – 22 ਅਪਰੈਲ ਨੂੰ ਪਹਿਲਗਾਮ ਨੇੜੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਸੈਟੇਲਾਈਟ ਤਸਵੀਰਾਂ ’ਚ ਭਾਰਤ ਤੋਂ ਪਾਕਿਸਤਾਨ ’ਚ ਵਹਿ ਰਹੇ ਝਨਾਂ ਦਰਿਆ ਵਿੱਚ ਪਾਣੀ ਦੇ ਵਹਾਅ ’ਚ ਕਮੀ ਦਾ ਸੰਕੇਤ ਮਿਲਿਆ ਹੈ। ਹਮਲੇ ਤੋਂ ਇਕ ਦਿਨ ਪਹਿਲਾਂ 21 ਅਪਰੈਲ ਅਤੇ ਫਿਰ 26 ਅਪਰੈਲ ਨੂੰ ਲਈਆਂ ਗਈਆਂ ਸਰਹੱਦ ਪਾਰ ਸਿਆਲਕੋਟ ਖੇਤਰ ਵਿੱਚ ਮਰਾਲਾ ਹੈੱਡਵਰਕਸ ਦੀਆਂ ਸੈਟੇਲਾਈਟ ਤਸਵੀਰਾਂ ਬੈਰਾਜ ਦੇ ਅੱਗੇ ਗਾਰ ਅਤੇ ਤਲਛਟ ਦੇ ਉੱਚ ਪੱਧਰ ਨੂੰ ਦਰਸਾਉਂਦੀਆਂ ਹਨ। ਤਸਵੀਰ ਵਿਆਖਿਆ ਮਾਹਰ ਕਰਨਲ ਵਿਨਾਇਕ ਭੱਟ (ਸੇਵਾਮੁਕਤ), ਜਿਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਨੇ ਦੱਸਿਆ, “ਤੁਲਨਾਤਮਕ ਸੈਟੇਲਾਈਟ ਤਸਵੀਰਾਂ ’ਤੇ ਦੇਖੇ ਗਏ ਪਾਣੀ ਦੇ ਵਹਾਅ ਤੋਂ ਸਪੱਸ਼ਟ ਤੌਰ ’ਤੇ ਪਤਾ ਲੱਗਦਾ ਹੈ ਕਿ ਹੈੱਡਵਰਕਸ ਤੋਂ ਨਿਕਲਣ ਵਾਲੇ ਪਾਣੀ ਦੇ ਚੈਨਲਾਂ ਦੇ ਵਹਾਅ ਵਿੱਚ ਕਮੀ ਆਈ ਹੈ ਅਤੇ ਇਕ ਪੂਰੀ ਤਰ੍ਹਾਂ ਸੁੱਕ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਭਾਰਤ ਵਿੱਚ ਪਾਣੀ ਦੇ ਭੰਡਾਰ ਨੂੰ ਦਰਸਾਉਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਨੂੰ ਤਿੰਨ ਪੂਰਬੀ ਦਰਿਆਵਾਂਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਸੀ, ਜਦੋਂ ਕਿ ਤਿੰਨ ਪੱਛਮੀ ਦਰਿਆਵਾਂ ਸਿੰਧ, ਜੇਹਲਮ ਅਤੇ ਝਨਾਂ ਦੇ ਪਾਣੀ ਪਾਕਿਸਤਾਨ ਨੂੰ ਅਲਾਟ ਕੀਤੇ ਗਏ ਸਨ। ਸੰਧੀ ਦੀਆਂ ਸ਼ਰਤਾਂ ਦੇ ਅਨੁਸਾਰ ਭਾਰਤ ਪੱਛਮੀ ਦਰਿਆਵਾਂ ਦੇ 20 ਪ੍ਰਤੀਸ਼ਤ ਤੱਕ ਪਾਣੀ ਨੂੰ ਸਿੰਜਾਈ ਅਤੇ ਬਿਜਲੀ ਉਤਪਾਦਨ ਲਈ ਰਨ-ਆਫ-ਦ-ਰਿਵਰ ਪ੍ਰੋਜੈਕਟਾਂ ਰਾਹੀਂ ਵਰਤ ਸਕਦਾ ਹੈ, ਪਰ ਉਸ ਨੂੰ ਅਜਿਹਾ ਬਿਨਾਂ ਵੱਡੀਆਂ ਸਟੋਰੇਜ ਸਹੂਲਤਾਂ ਬਣਾਏ ਜਾਂ ਪਾਕਿਸਤਾਨ ਨੂੰ ਪਾਣੀ ਦੇ ਵਹਾਅ ਵਿੱਚ ਵਿਘਨ ਪਾਏ ਕਰਨਾ ਹੋਵੇਗਾ, ਕਿਉਂਕਿ ਪਾਕਿਸਤਾਨ ਦੀ ਖੇਤੀ-ਆਰਥਿਕਤਾ ਸਿੰਧ ਬੇਸਿਨ ’ਤੇ ਨਿਰਭਰ ਕਰਦੀ ਹੈ।

ਝਨਾਂ ਦਰਿਆ ਦੋ ਨਦੀਆਂ ਚੰਦਰ ਅਤੇ ਭਾਗਾ ਦੇ ਸੰਗਮ ਦੁਆਰਾ ਬਣਦਾ ਹੈ, ਜੋ ਕਿ ਮਨਾਲੀ ਕੋਲ ਸਥਿਤ ਬਾਰਾਲਾਚਾ ਲਾ-ਦੱਰੇ ਦੇ ਨੇੜੇ ਹੈ। ਇਹ ਜੰਮੂ ਅਤੇ ਕਸ਼ਮੀਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਚੰਬਾ ਰਾਹੀਂ ਉੱਤਰ-ਪੱਛਮੀ ਦਿਸ਼ਾ ਵਿੱਚ ਵਗਦਿਆਂ ਕਿਸ਼ਤਵਾੜ, ਡੋਡਾ, ਰਾਮਬਨ, ਰਿਆਸੀ ਅਤੇ ਜੰਮੂ ਜ਼ਿਲ੍ਹਿਆਂ ਨੂੰ ਪਾਰ ਕਰਦਾ ਹੈ ਅਤੇ ਅੰਤ ਵਿਚ ਪਾਕਿਸਤਾਨ ’ਚ ਲਹਿੰਦੇ ਪੰਜਾਬ ਵਿੱਚ ਬਹਾਵਲਪੁਰ ਦੇ ਨੇੜੇ ਸਤਲੁਜ ’ਚ ਮਿਲ ਜਾਂਦਾ ਹੈ। ਇਸ ਦਰਿਆ ਵਿੱਚ ਹਾਈਡਰੋ-ਬਿਜਲੀ ਉਤਪਾਦਨ ਦੀ ਉੱਚ ਸੰਭਾਵਨਾ ਹੈ, ਜਿਸ ਵਿਚ ਕਈ ਕਾਰਜਸ਼ੀਲ ਅਤੇ ਆਉਣ ਵਾਲੇ ਪ੍ਰੋਜੈਕਟ ਹਨ, ਜਿਨ੍ਹਾਂ ਦੀ ਸੰਯੁਕਤ ਸਮਰੱਥਾ ਭਾਰਤੀ ਪਾਸੇ 7,000 ਮੈਗਾਵਾਟ ਦੇ ਕਰੀਬ ਹੈ। ਪਾਕਿਸਤਾਨ ਵਿੱਚ ਦਰਿਆ ’ਤੇ ਬਣੇ ਚਾਰ ਬੈਰਾਜਾਂ ਵਿੱਚੋਂ ਪਹਿਲਾ, ਮਰਾਲਾ ਹੈੱਡਵਰਕਸ, ਅਖਨੂਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਤੋਂ ਲੱਗਭੱਗ 8 ਕਿਲੋਮੀਟਰ ਦੂਰ ਹੈ ਅਤੇ ਚਿਕਨਜ਼ ਨੈੱਕ ਖੇਤਰ ਦੇ ਕਾਫੀ ਨੇੜੇ ਹੈ, ਜੋ ਪਾਕਿਸਤਾਨ ਨਾਲ ਪਿਛਲੀਆਂ ਜੰਗਾਂ ਵਿੱਚ ਫੈਸਲਾਕੁੰਨ ਲੜਾਈਆਂ ਦਾ ਸਥਾਨ ਰਿਹਾ ਹੈ।

ਇਹ ਇਸ ਦੇ ਖੱਬੇ ਕੰਢੇ ਤੋਂ ਦੋ ਸਿੰਜਾਈ ਲਿੰਕ ਨਹਿਰਾਂ ਨੂੰ ਛੱਡਦਾ ਹੈ। 100 ਕਿਲੋਮੀਟਰ ਲੰਬੀ ਮਰਾਲਾ-ਰਾਵੀ ਲਿੰਕ (ਐੱਮ ਆਰ ਐੱਲ), ਦੀ ਸਮਰੱਥਾ 22,000 ਕਿਊਸਿਕ ਹੈ। ਬੰਬਾਂਵਾਲਾ-ਰਾਵੀ-ਬੇਦੀਆਂ-ਦੇਪਾਲਪੁਰ ਨਹਿਰ, ਜਿਸ ਨੂੰ ਇਚੋਗਿਲ ਨਹਿਰ ਵੀ ਕਿਹਾ ਜਾਂਦਾ ਹੈ, 158 ਕਿਲੋਮੀਟਰ ਲੰਬੀ ਹੈ ਅਤੇ ਇਸ ਦੀ ਸਮਰੱਥਾ 4,200 ਕਿਊਸਿਕ ਹੈ, ਜਦੋਂ ਕਿ ਹੈੱਡਵਰਕਸ ਅਤੇ ਐੱਮ ਆਰ ਐੱਲ ਪਹਿਲੀ ਵਾਰ ਅੰਗਰੇਜ਼ਾਂ ਨੇ 1906-1912 ਦੌਰਾਨ ਗੁਜਰਾਂਵਾਲਾ ਜ਼ਿਲ੍ਹਾ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀ ਸਿੰਜਾਈ ਲਈ ਬਣਾਏ ਸਨ, ਪਰ ਆਜ਼ਾਦੀ ਤੋਂ ਬਾਅਦ ਇਨ੍ਹਾਂ ਜਲ ਮਾਰਗਾਂ ਨੇ ਫੌਜੀ ਮਹੱਤਵ ਵੀ ਗ੍ਰਹਿਣ ਕਰ ਲਿਆ ਹੈ।

ਸਾਂਝਾ ਕਰੋ

ਪੜ੍ਹੋ

ਚੰਡੀਗੜ੍ਹ ਨਗਰ ਨਿਗਮ ਪਾਣੀ ਦੇ ਬਿੱਲਾਂ ‘ਤੇ

ਚੰਡੀਗੜ੍ਹ, 30 ਅਪ੍ਰੈਲ – ਚੰਡੀਗੜ੍ਹ ਵਾਸੀਆਂ ਨੂੰ ਨਗਰ ਨਿਗਮ ਵੱਲੋਂ...