ਆਸਟ੍ਰੇਲੀਆ ਨੇ ਭਾਰਤੀਆਂ ਨੂੰ ਦਿਤਾ ਵੱਡਾ ਝਟਕਾ, Student Visa ‘ਤੇ ਲਾਈ ਪਾਬੰਦੀ

ਚੰਡੀਗੜ੍ਹ, 24 ਅਪ੍ਰੈਲ – ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀਆਂ ’ਤੇ ਪਾਬੰਦੀ ਲਾ ਦਿਤੀ ਹੈ। ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੀ ਫ਼ੈਡਰੇਸ਼ਨ ਯੂਨੀਵਰਸਿਟੀ, ਵੈਸਟਰਨ ਸਿਡਨੀ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਅਤੇ ਸਾਊਥਰਨ ਕ੍ਰਾਸ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਨੇ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ’ਤੇ ਰੋਕ ਦਿਤਾ ਹੈ। ਇਨ੍ਹਾਂ ਯੂਨੀਵਰਸਿਟੀਆਂ ’ਚ ਸੱਭ ਤੋਂ ਵੱਧ ਜਾਅਲੀ ਅਰਜ਼ੀਆਂ ਆਈਆਂ ਸਨ। ਹੁਣ ਇਨ੍ਹਾਂ ਯੂਨੀਵਰਸਿਟੀਆਂ ਨੇ ਜਾਂ ਤਾਂ 6 ਸੂਬਿਆਂ ਤੋਂ ਆਉਣ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿਤਾ ਹੈ ਜਾਂ ਫਿਰ ਉਨ੍ਹਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੰਤਰਰਾਸ਼ਟਰੀ ਸਿਖਿਆ ਪ੍ਰਣਾਲੀ ਖ਼ਤਰੇ ’ਚ ਹੈ।

ਦਸਿਆ ਜਾ ਰਿਹਾ ਹੈ ਕਿ ਇਹ ਕਦਮ ਆਸਟ੍ਰੇਲੀਆਈ ਸਰਕਾਰ ਵਲੋਂ ਸਟੂਡੈਂਟ ਵੀਜ਼ਾ ਰੂਟ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਆਸਟ੍ਰੇਲੀਆਈ ਵਿਦਿਅਕ ਸੰਸਥਾਵਾਂ ਵਲੋਂ ਸਟੂਡੈਂਟ ਵੀਜ਼ਿਆਂ ’ਤੇ ਅਸਥਾਈ ਰੋਕ ਲਾਉਣ ਨਾਲ ਸੱਭ ਤੋਂ ਵੱਧ ਅਸਰ ਗੁਜਰਾਤ ਦੇ ਵਿਦਿਆਰਥੀਆਂ ’ਤੇ ਪਵੇਗਾ। ਗੁਜਰਾਤੀ ਵਿਦਿਆਰਥੀਆਂ ਲਈ ਉਚ ਸਿਖਿਆ ਲਈ ਆਸਟ੍ਰੇਲੀਆ ਚੋਟੀ ਦੇ 3 ਸਥਾਨਾਂ ’ਚੋਂ ਇਕ ਹੈ। ਇੱਥੋਂ ਵਿਦੇਸ਼ ਜਾਣ ਵਾਲੇ ਲੱਗਭਗ 20 ਫ਼ੀ ਸਦੀ ਵਿਦਿਆਰਥੀ ਆਸਟ੍ਰੇਲੀਆ ਨੂੰ ਚੁਣਦੇ ਹਨ। ਨਵੀਆਂ ਪਾਬੰਦੀਆਂ ਨਾਲ ਇਹ ਅੰਕੜਾ ਘਟਣ ਦੀ ਸੰਭਾਵਨਾ ਹੈ।

ਰਿਪੋਰਟ ਅਨੁਸਾਰ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡਰ ਹੈ ਕਿ ਕੁੱਝ ਵਿਦਿਆਰਥੀ ਸਟੂਡੈਂਟ ਵੀਜ਼ੇ ਦੀ ਗ਼ਲਤ ਵਰਤੋਂ ਕਰ ਰਹੇ ਹਨ। ਇਨ੍ਹਾਂ ਸੂਬਿਆਂ ਤੋਂ ਆਉਣ ਵਾਲੀਆਂ ਵੀਜ਼ਾ ਅਰਜ਼ੀਆਂ ’ਚ ਅਧਿਕਾਰੀਆਂ ਨੇ ਕੁੱਝ ਬੇਨਿਯਮੀਆਂ ਪਾਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜ਼ੀਆਂ ’ਚ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਕੁੱਝ ਲੋਕ ਸਿਰਫ਼ ਪੜ੍ਹਾਈ ਦੇ ਨਾਂ ’ਤੇ ਵੀਜ਼ਾ ਲੈ ਰਹੇ ਹਨ ਪਰ ਉਨ੍ਹਾਂ ਦਾ ਇਰਾਦਾ ਇੱਥੇ ਸੈਟਲ ਹੋਣਾ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਨੌਕਰੀ ਕਰਨਾ ਹੈ। ਆਸਟ੍ਰੇਲੀਆ ਅਪਣੀ ਸਿਖਿਆ ਪ੍ਰਣਾਲੀ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਆਸਟ੍ਰੇਲੀਆ ’ਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਹਰ ਸਾਲ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇੱਥੇ ਬਹੁਤ ਸਾਰੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਹਨ, ਜੋ ਦੇਸ਼ ਭਰ ਦੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਆਕਰਸ਼ਤ ਕਰਦੀਆਂ ਹਨ।

ਸਾਂਝਾ ਕਰੋ

ਪੜ੍ਹੋ