ਕਵਿਤਾ/ਇਤਿਹਾਸ ਰੇਖਾ/ਗੁਰਭਜਨ ਗਿੱਲ

ਸਾਡੇ ਕੋਲ ਹਾਥੀ ਸੀ।
ਆਲਸ ਸਾਡਾ ਸਾਥੀ ਸੀ।
ਸਿਕੰਦਰ ਕੋਲ ਘੋੜੇ ਸੀ।
ਸਾਥੀ ਭਾਵੇਂ ਥੋੜੇ ਸੀ।
ਏਸੇ ਲਈ ਉਹ ਜਿੱਤਿਆ।

ਬਾਬਰ ਕੋਲ ਬੰਦੂਕ ਸੀ।
ਭਰਾਵਾਂ ਨਾਲ ਸਲੂਕ ਸੀ।
ਸਾਡੇ ਕੋਲ ਤੀਰ ਸੀ।
ਰੁੱਸੇ ਫਿਰਦੇ ਵੀਰ ਸੀ।
ਏਸੇ ਲਈ ਉਹ ਜਿੱਤਿਆ।

ਫਰੰਗੀ ਕੋਲ ਲਿਆਕਤ ਸੀ।
ਢਿੱਡ ਦੇ ਵਿਚ ਸ਼ਰਾਰਤ ਸੀ।
ਸਾਡੇ ਕੋਲ ਵੀ ਲਿਆਕਤ ਸੀ।
ਪੱਲੇ ਸਿਰਫ਼ ਹਮਾਕਤ ਸੀ।
ਏਸੇ ਲਈ ਉਹ ਜਿੱਤਿਆ।

ਹਾਕਮ ਕੋਲ ਅੱਜ ਤਾਂ
ਹਾਥੀ ਅਤੇ ਘੋੜੇ ਨੇ।
ਬੰਬ ਤੇ ਬੰਦੂਕ ਨੇ।
ਤੀਰ ਤੇ ਤਲਵਾਰ ਨੇ।
ਦੂਰ ਦੂਰ ਮਾਰ ਕਰਦੇ।
ਖ਼ਤਰਨਾਕ ਹਥਿਆਰ ਨੇ।
ਉਸ ਕੋਲ ਭਾੜੇ ਬੱਧੀ
ਪਾਲਤੂ ਲਿਆਕਤ ਹੈ।
ਸ਼ਰਾਰਤ ਹੈ, ਗੁੱਝੀ ਸਿਆਸਤ ਹੈ
ਮਣਾਂ ਮੂੰਹੀਂ ਹਮਾਕਤ ਹੈ।

ਸਾਡੇ ਕੋਲ ਟਾਕਰੇ ਲਈ
ਕਵਚ ਹੈ ਨਾ ਢਾਲ ਹੈ।
ਵੱਖ-ਵੱਖ ਬੰਦਿਆਂ ਦੀ,
ਅੱਡੋ ਅੱਡ ਚਾਲ ਹੈ।
ਏਸੇ ਲਈ ਤਾਂ ਵੇਖੋ ਸਾਡਾ,
ਹੋਇਆ ਮੰਦਾ ਹਾਲ ਹੈ।
ਕੁਝ ਲੋਕ ਰੱਜ ਗਏ,
ਬਾਕੀ ਮੁਲਕ ਕੰਗਾਲ ਹੈ।
ਸੋਨੇ ਵਾਲੀ ਚਿੜੀ ਅੱਗੇ,
ਦਾਣੇ ਦਾ ਸੁਆਲ ਹੈ।
ਬੱਧੇ ਹੋਏ ਖੰਭਾਂ ਨਾਲ,
ਉੱਡਣਾ ਮੁਹਾਲ ਹੈ।
ਗੁਰਭਜਨ ਗਿੱਲ

ਸਾਂਝਾ ਕਰੋ

ਪੜ੍ਹੋ