
ਚੰਡੀਗੜ੍ਹ, 23 ਅਪ੍ਰੈਲ – (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅਮਰੀਕਾ ਸਮੇਤ ਵੱਖ ਵੱਖ ਦੇਸ਼ਾਂ ਤੋਂ ਅਣ ਅਧਿਕਾਰਤ ਤੌਰ ’ਤੇ ਗਏ ਪੰਜਾਬ ਦੇ ਨੋਜਵਾਨ ਲੜਕੇ-ਲੜਕੀਆਂ ਨੂੰ ਵਾਪਸ ਭੇਜਣ ਅਤੇ ਸਰਕਾਰ ਵਲੋਂ ਅਣ ਅਧਿਕਾਰਤ ਏਜੰਟਾਂ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਕਰਨ ਦੇ ਬਾਵਜੂਦ ਵੀ ਭੋਲੇ-ਭਾਲੇ ਬੇਰੁਜਗਾਰ ਲੜਕੇ-ਲੜਕੀਆਂ ਨੂੰ ਵਿਦੇਸ਼ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇੜਲੇ ਪਿੰਡ ਪੰਜਗਰਾਈਂ ਕਲਾਂ ਦੀ ਨੌਜਵਾਨ ਲੜਕੀ ਕਰਮਜੀਤ ਕੌਰ ਨੇ ਆਪਣੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਿਆਂ ਭਾਵੁਕਤਾ ਵਾਲੇ ਮਾਹੌਲ ਵਿੱਚ ਦੱਸਿਆ ਕਿ ਜੇਕਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਸ ਲਈ ਮਸੀਹਾ ਬਣ ਕੇ ਨਾ ਆਉਂਦੇ ਤਾਂ ਮੈਂ ਆਪਣੀ ਜਿੰਦਗੀ ਤੋਂ ਹੱਥ ਧੋ ਬੈਠਦੀ ਅਰਥਾਤ ਆਤਮ ਹੱਤਿਆ ਕਰਨ ਲਈ ਮਜਬੂਰ ਸੀ।
ਕਰਮਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਗਾ ਜਿਲੇ ਦੇ ਪਿੰਡ ਜਲਾਲਾਬਾਦ ਦੀ ਵਸਨੀਕ ਏਜੰਟ ਔਰਤ ਅਮਰਜੀਤ ਕੌਰ ਨੇ 15 ਹਜਾਰ ਰੁਪਏ ਵਸੂਲ ਕੇ ਉਸਨੂੰ ‘ਮਸਕਟ’ ਵਿਖੇ ਟੂਰਿਸਟ ਵੀਜੇ ’ਤੇ ਇਸ ਸ਼ਰਤ ਨਾਲ ਭੇਜਿਆ ਕਿ ਜੇਕਰ ਉੱਥੇ ਕੰਮ ਪਸੰਦ ਨਾ ਆਵੇ ਤਾਂ ਉਹ ਵਾਪਸ ਆ ਸਕਦੀ ਹੈ। ਉੱਥੇ ਉਸ ਦਾ ਪਾਸਪੋਰਟ ਅਤੇ ਮੋਬਾਇਲ ਫੋਨ ਕਬਜੇ ਵਿੱਚ ਲੈ ਲਿਆ ਗਿਆ, ਠੱਗੀ ਦੇ ਇਸ ਰੈਕਟ ਉਪਰੋਂ ਪਰਦਾ ਉਦੋਂ ਉਠਿਆ ਜਦੋਂ ਖੁਦ ਦੇਖਿਆ ਕਿ ਇਕ ਇਕ ਕਮਰੇ ਵਿੱਚ 30-30 ਲੜਕੀਆਂ ਰਾਤ ਕੱਟਣ ਲਈ ਮਜਬੂਰ ਹਨ, ਜੋ ਬੇਵੱਸੀ ਕਾਰਨ ਕਈ ਵਾਰ ਭੁੱਖੇ ਪਿਆਸੇ ਰਾਤ ਕੱਟਦੀਆਂ ਹਨ, ਉਥੇ ਨੌਕਰੀ ਜਾਂ ਦਿਹਾੜੀ ਮਜਦੂਰੀ ਲਈ ਖੁਦ ਨੂੰ ਮੁਸਲਮਾਨ ਜਾਂ ਈਸਾਈ ਅਖਵਾਉਣਾ ਪੈਂਦਾ ਹੈ ਅਤੇ ਮਾਪਿਆਂ ਨਾਲ ਫੋਨ ਰਾਹੀਂ ਗੱਲਬਾਤ ਕਰਵਾਉਣ ਮੌਕੇ ਉਪਰ ਖੜਦੀ ਪੂਰੀ ਟੀਮ ਵਲੋਂ ਨਿਗਰਾਨੀ ਰੱਖੀ ਜਾਂਦੀ ਹੈ, ‘ਸਿਰਫ ਅਸੀਂ ਇੱਥੇ ਸੋਖੇ ਹਾਂ ਅਤੇ ਵਧੀਆ ਨੌਕਰੀ ਕਰ ਰਹੇ ਹਾਂ’, ਆਦਿ ਹੀ ਆਖਣ ਦੀ ਇਜਾਜਤ ਸੀ।
ਕਰਮਜੀਤ ਕੌਰ ਨੇ ਅੱਖਾਂ ਵਿੱਚੋਂ ਅੱਥਰੂ ਕੇਰਦਿਆਂ ਆਖਿਆ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਕਈ ਰਾਜਾਂ ਦੀਆਂ ਲੜਕੀਆਂ ਨੂੰ ਗੁੰਮਰਾਹ ਕਰਕੇ ‘ਮਸਕਟ’ ਵਰਗੇ ਮੁਲਕਾਂ ਵਿੱਚ ਭੇਜਿਆ ਜਾਂਦਾ ਹੈ ਤੇ ਫਿਰ ਉਹਨਾ ਨੂੰ ਗੁਲਾਮ ਬਣਾ ਕੇ ਮਰਜੀ ਦਾ ਕੰਮ ਕਰਵਾਉਣ ਦੇ ਨਾਲ-ਨਾਲ ਕਈ ਲੜਕੀਆਂ ਨੂੰ ਵੇਚ ਵੀ ਦਿੱਤਾ ਜਾਂਦਾ ਹੈ ਤੇ ਮਗਰ ਮਾਪਿਆਂ ਨੂੰ ਆਪਣੀਆਂ ਧੀਆਂ ਦੀ ਕੋਈ ਉੱਘ ਸੁੱਘ ਨਹੀਂ ਲੱਗਦੀ। ਕਰਮਜੀਤ ਕੌਰ ਨੇ ਦੱਸਿਆ ਕਿ ਏਜੰਟ ਵੱਲੋਂ ਹੋਲੀ-ਹੋਲੀ ਇੱਕ ਲੱਖ ਰੁਪਿਆ ਉਸ ਕੋਲੋਂ ਵਸੂਲਿਆ ਗਿਆ, ਸਾਰੀ ਰਕਮ ਪੰਜਾਬ ਦੇ ਹੀ ਬੈਂਕ ਖਾਤਿਆਂ ਵਿੱਚ ਪਵਾਈ ਗਈ। ਕਰਮਜੀਤ ਕੌਰ ਨੇ ਖਦਸ਼ਾ ਪ੍ਰਗਟਾਇਆ ਕਿ ਉਸ ਦੇ ਦਸਤਖਤਾਂ ਵਾਲੇ ਖਾਲੀ ਚੈੱਕ ਅਜੇ ਵੀ ਟ੍ਰੈਵਲ ਏਜੰਟ ਕੋਲ ਹਨ, ਜਿਸਦੀ ਟ੍ਰੈਵਲ ਏਜੰਟ ਵੱਲੋਂ ਦੁਰਵਰਤੋਂ ਕੀਤੀ ਜਾ ਸਕਦੀ ਹੈ। ਕਰਮਜੀਤ ਕੌਰ ਮੁਤਾਬਿਕ ਉਸ ਨੇ ਟੀਮ ਤੋਂ ਚੋਰੀ ਸਪੀਕਰ ਸੰਧਵਾਂ ਜੀ ਨੂੰ ਫੋਨ ਕੀਤਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਮੋਗਾ ਦੇ ਡੀ.ਐਸ.ਪੀ. ਨੂੰ ਫੋਨ ਕੀਤਾ, ਜਿਸ ਕਰਕੇ ਉਸ ਦੇ ਵਾਪਸ ਪਰਤਣ ਦੀ ਆਸ ਬੱਝੀ, ਟਿਕਟ ਸਮੇਤ ਸਾਰਾ ਖਰਚਾ ਸਪੀਕਰ ਸੰਧਵਾਂ ਜੀ ਵਲੋਂ ਕੀਤਾ ਗਿਆ, ਜਿਸ ਬਦਲੇ ਉਸ ਦਾ ਸਾਰਾ ਪਰਿਵਾਰ ਸਪੀਕਰ ਸੰਧਵਾਂ ਜੀ ਦਾ ਹਮੇਸ਼ਾ ਰਿਣੀ ਰਹੇਗਾ।