
ਨਵੀਂ ਦਿੱਲੀ, 21 ਅਪ੍ਰੈਲ – ਮੁਲਾਜ਼ਮ ਚੋਣ ਕਮਿਸ਼ਨ ਨੇ ਆਪਣੀਆਂ ਆਉਣ ਵਾਲੀਆਂ ਪ੍ਰੀਖਿਆਵਾਂ ‘ਚ ਆਧਾਰ-ਆਧਾਰਿਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਵਾਂ ਨਿਯਮ ਅਗਲੇ ਮਹੀਨੇ ਤੋਂ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਲਈ ਲਾਗੂ ਹੋਵੇਗਾ। ਭਰਤੀ ਸੰਸਥਾ ਵੱਲੋਂ ਹਾਲ ਹੀ ‘ਚ ਜਾਰੀ ਕੀਤੇ ਗਏ ਇਕ ਜਨਤਕ ਨੋਟਿਸ ‘ਚ ਕਿਹਾ ਗਿਆ ਹੈ, “ਪ੍ਰੀਖਿਆਰਥੀ ਮਈ 2025 ਤੋਂ ਆਨਲਾਈਨ ਰਜਿਸਟ੍ਰੇਸ਼ਨ ਦੇ ਸਮੇਂ, ਪ੍ਰੀਖਿਆਵਾਂ ਲਈ ਆਨਲਾਈਨ ਅਰਜ਼ੀ ਭਰਦੇ ਸਮੇਂ ਅਤੇ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ ‘ਚ ਬੈਠਣ ਲਈ ਪ੍ਰੀਖਿਆ ਕੇਂਦਰ ‘ਤੇ ਮੌਜੂਦਗੀ ਸਮੇਂ ਆਧਾਰ ਦੀ ਵਰਤੋਂ ਕਰ ਕੇ ਖੁ਼ਦ ਨੂੰ ਪ੍ਰਮਾਣਿਤ ਕਰ ਸਕਣਗੇ।
ਕਿਵੇਂ ਹੋਵੇਗੀ ਆਧਾਰ ਨਾਲ ਪਛਾਣ ?
ਐੱਸਐੱਸਸੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਆਧਾਰ ਪ੍ਰਮਾਣੀਕਰਨ ਸਵੈ-ਇੱਛੁਕ ਹੈ ਅਤੇ ਇਸ ਦਾ ਟੀਚਾ ਪ੍ਰੀਖਿਆ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣਾ ਹੈ। ਆਧਾਰ ਇਕ 12 ਅੰਕਾਂ ਦੀ ਸੰਖਿਆ ਹੈ ਜੋ ਭਾਰਤੀ ਵਿਸ਼ੇਸ਼ ਪਛਾਣ ਪ੍ਰਾਧਿਕਾਰ ਵੱਲੋਂ ਸਾਰੇ ਯੋਗ ਨਾਗਰਿਕਾਂ ਨੂੰ ਬਾਇਓਮੈਟ੍ਰਿਕ ਤੇ ਸਟੈਟੇਸਟਿਕਸ ਡੇਟਾ ਦੇ ਆਧਾਰ ‘ਤੇ ਜਾਰੀ ਕੀਤੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਆਧਾਰ-ਆਧਾਰਿਤ ਪ੍ਰਮਾਣੀਕਰਨ ਨਾਲ ਇਹ ਯਕੀਨੀ ਬਣਾਉਣ ‘ਚ ਵੀ ਮਦਦ ਮਿਲੇਗੀ ਕਿ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣੀ ਪਛਾਣ ਨੂੰ ਗਲਤ ਨਾ ਦੱਸਣ ਜਾਂ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਭਰਤੀ ਪ੍ਰੀਖਿਆ ‘ਚ ਬੈਠਣ ਲਈ ਹੋਰ ਧੋਖਾਧੜੀ ਦੇ ਸਾਧਨਾਂ ਦੀ ਵਰਤੋਂ ਨਾ ਕਰਨ।
ਪਿਛਲੇ ਸਾਲ ਜਾਰੀ ਹੋਇਆ ਸੀ ਨੋਟੀਫਿਕੇਸ਼ਨ
ਪਿਛਲੇ ਸਾਲ 12 ਸਤੰਬਰ ਨੂੰ ਜਾਰੀ ਕੀਤੀ ਗਈ ਇਕ ਨੋਟੀਫਿਕੇਸ਼ਨ ‘ਚ ਕੇਂਦਰੀ ਅਮਲਾ ਮੰਤਰਾਲੇ ਨੇ ਕਿਹਾ ਸੀ ਕਿ ਐੱਸਐੱਸਸੀ ਨੂੰ ਸਵੈ-ਇੱਛਾ ਆਧਾਰ ਪ੍ਰਮਾਣੀਕਰਨ ਕਰਨ ਦੀ ਇਜਾਜ਼ਤ ਹੈ। ਇਹ ਵੀ ਜਾਣਨ ਯੋਗ ਹੈ ਕਿ ਅਮਲਾ ਮੰਤਰਾਲੇ ਨੇ ਪਿਛਲੇ ਸਾਲ 28 ਅਗਸਤ ਨੂੰ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਆਧਾਰ-ਆਧਾਰਿਤ ਪ੍ਰਮਾਣੀਕਰਨ ਨੂੰ ਮਨਜ਼ੂਰੀ ਦੇਣ ਲਈ ਇਕ ਸਮਾਨ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜੋ ਕਿਸੇ ਵੀ ਭਰਤੀ ਏਜੰਸੀ ਲਈ ਪਹਿਲੀ ਵਾਰ ਸੀ। ਐੱਸਐੱਸਸੀ ਤੇ ਯੂਪੀਐਸਸੀ ਵੱਲੋਂ ਦੇਸ਼ ਭਰ ਵਿਚ ਕਰਵਾਈਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰੀਖਿਆਵਾਂ ‘ਚ ਲੱਖਾਂ ਉਮੀਦਵਾਰ ਸ਼ਾਮਲ ਹੁੰਦੇ ਹਨ।
UPSC ਕਿੰਨੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ ?
ਯੂਪੀਐਸਸੀ ਨੇ ਪਿਛਲੇ ਸਾਲ ਵੀ ਆਪਣੇ ਵੱਖ-ਵੱਖ ਟੈਸਟਾਂ ‘ਚ ਧੋਖਾਧੜੀ ਅਤੇ ਨਕਲ ਨੂੰ ਰੋਕਣ ਲਈ ਫੇਸ ਅਥੈਂਟੀਕੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਸੀ। UPSC ਸਾਲਾਨਾ 14 ਪ੍ਰਮੁੱਖ ਪ੍ਰੀਖਿਆੲਾਂ ਕਰਵਾਉਂਦਾ ਹੈ, ਜਿਸ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਦੇ ਅਧਿਕਾਰੀਆਂ ਦੀ ਚੋਣ ਕਰਨ ਲਈ ਵੱਕਾਰੀ ਸਿਵਲ ਸੇਵਾ ਪ੍ਰੀਖਿਆ ਸ਼ਾਮਲ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਗਰੁੱਪ ‘ਏ’ ਅਤੇ ਗਰੁੱਪ ‘ਬੀ’ ਪੋਸਟਾਂ ‘ਤੇ ਭਰਤੀ ਲਈ ਹਰ ਸਾਲ ਕਈ ਭਰਤੀ ਪ੍ਰੀਖਿਆਵਾਂ ਤੇ ਇੰਟਰਵਿਊਜ਼ ਵੀ ਹੁੰਦੇ ਹਨ।