ਲਹਿਰਾਂ ਸਾਗਰ ਦੀਆਂ ਚਲਦੀਆਂ ਨੇ
ਅਰੁਕ ਜਿਸ ਤਰ੍ਹਾਂ
ਸਿਰਫ਼ ਦਿਸ਼ਾ ਬਦਲਦੀਆਂ ਨੇ ਹਵਾਵਾਂ
ਪਰ ਵਗਦੀਆਂ ਨੇ ਹਰ ਪਲ ਜਿਸ ਤਰ੍ਹਾਂ
ਦਿਨ, ਮਹੀਨੇ, ਸਾਲ ਵੀ ਬਣਦੇ ਨੇ
ਸਦੀਆਂ ਉਸ ਤਰ੍ਹਾਂ
ਮੁਨਾਸਿਬ ਨਹੀਂ ਲੱਗਦਾ
ਲਹਿਰਾਂ, ਹਵਾਵਾਂ ਤੇ ਸਦੀਆਂ ਨੂੰ
ਕਹਿਣਾ ਅਲਵਿਦਾ
ਇਹ ਤਾਂ ਹੈ ਯਾਰੋ ਕੁਦਰਤੀ ਬਦਲਾਅ
ਆਓ ਅਹਿਦ ਕਰੀਏ
ਕੁਝ ਨਵਾਂ ਸਿਰਜਣ ਲਈ ਜੂਝ ਰਹੇ
ਭਾਈ ਲਾਲੋਆਂ ਸੰਗ ਖੜ੍ਹਨ ਦਾ
ਮਲਕ ਭਾਗੋ ਦੇ ਝੂਠ ਖਿਲਾਫ ਲੜਨ ਦਾ
ਨਫ਼ਰਤ ਸਿਖਾਉਂਦੀ, ਅੰਧਵਿਸ਼ਵਾਸ ਫਲਾਉਂਦੀ ਸਿਆਸਤ ਨੂੰ
ਠੀਕ ਸਮਾਂ ਹੈ ਅਲਵਿਦਾ ਕਹਿਣ ਦਾ
ਚਾਹਤ ਨਵੀਂ ਸਵੇਰ ਹੈ ਸਿਰਫ਼
ਕਿਰਤੀਆਂ, ਸਾਧਨਹੀਨਾਂ ਤੇ
ਪੀੜਾਂ ਹੰਢਾਉਂਦੀ ਜੱਗਜਨਨੀ ਨੂੰ
ਸਵਾਗਤ ਕਰਾਂਗੇ
ਖੁਸ਼ਆਮਦੀਦ ਵੀ ਕਹਾਂਗੇ
ਬੇਗਮਪੁਰੇ ਵਾਲੀ ਉਸ
ਨਵੀਂ ਸੂਹੀ ਸਵੇਰ ਨੂੰ
ਸੁਖਦੇਵ ਫਗਵਾੜਾ
9872636037
