ਸ਼ਾਇਰ ਮਰਦੇ ਨਹੀਂ, ਸ਼ਹੀਦ ਮਿਟਦੇ ਨਹੀਂ!

ਤਹਿਜ਼ੀਬ ਦੀ ਰੂਹ ਕਦੇ-ਕਦੇ ਚੀਕਦੀ ਨਹੀਂ, ਸਿਸਕਦੀ ਹੈ। ਸ਼ੋਰ ਨਹੀਂ ਮਚਾਉਦੀ, ਬਸ ਖਾਮੋਸ਼ ਹੋ ਕੇ ਸਾਡੀ ਪੇਸ਼ਾਨੀ ਤੋਂ ਆਪਣਾ ਨੂਰ ਵਾਪਸ ਲੈ ਲੈਂਦੀ ਹੈ ਅਤੇ ਅੱਜ ਹਿੰਦੁਸਤਾਨ ਦੀ ਉਸੇ ਤਹਿਜ਼ੀਬ, ਜਿਸ ਨੇ ਸੂਫੀ ਸੰਤਾਂ ਤੇ ਸੰਤ ਕਬੀਰ ਦੀਆਂ ਗੱਲਾਂ ਤੋਂ ਲੈ ਕੇ ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਤੱਕ ਇੱਕ ਗੁਲਦਸਤਾ ਬਣਾਇਆ ਸੀ, ਨੂੰ ਨਫਰਤ ਦੇ ਸ਼ੋਅਲੇ ਨਾਲ ਜਲਾਇਆ ਜਾ ਰਿਹਾ ਹੈ। ਗਾਜ਼ੀਆਬਾਦ ਰੇਲਵੇ ਸਟੇਸ਼ਨ ’ਤੇ ਹਿੰਦੁਸਤਾਨ ਦੇ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜੀ ਇੱਕ ਪੇਂਟਿੰਗ ਲੱਗੀ ਹੋਈ ਹੈ। ਉਸ ਵਿੱਚ ਇੱਕ ਚਿਹਰਾ ਜਨੂੰਨੀਆਂ ਨੂੰ ‘ਮੁਸਲਮਾਨ’ ਲੱਗ ਗਿਆ ਤੇ ਉਹੀ ਕਾਫੀ ਸੀ, ਉਸ ਨੂੰ ਗ਼ੱਦਾਰ ਕਰਾਰ ਦੇ ਕੇ ਉਸ ’ਤੇ ਕਾਲਖ ਪੋਤ ਦੇਣ ਲਈ। ਉਹ ਚਿਹਰਾ ਕਿਸੇ ਆਮ ਬੰਦੇ ਦਾ ਨਹੀਂ, ਸਗੋਂ 1857 ਦੀ ਜੰਗੇ-ਆਜ਼ਾਦੀ ਦੇ ਸਭ ਤੋਂ ਪਹਿਲੇ ਤੇ ਸਭ ਤੋਂ ਵੱਡੇ ਪ੍ਰਤੀਕ ਬਹਾਦਰ ਸ਼ਾਹ ਜ਼ਫਰ ਦਾ ਸੀ।

‘ਹਿੰਦੂ ਰੱਖਿਆ’ ਦੇ ਨਾਂਅ ’ਤੇ ਇਤਿਹਾਸ ਤੋਂ ਬੇਖਬਰ, ਤਹਿਜ਼ੀਬ ਤੋਂ ਬੇਅਸਰ ਤੇ ਜ਼ਮੀਰ ਤੋਂ ਖਾਲੀ ਅਖੌਤੀ ਯੋਧਿਆਂ ਨੇ ਇਹ ਘਿਨਾਉਣਾ ਕਾਰਾ ਕਰ ਦਿੱਤਾ। ਦਾਅਵਾ ਕਰ ਰਹੇ ਸਨ ਕਿ ਉਹ ਆਪਣੇ ਇਤਿਹਾਸ ਦੀ ਰਾਖੀ ਕਰ ਰਹੇ ਹਨ। ਕਿਹੜੇ ਇਤਿਹਾਸ ਦੀ? ਕੀ ਉਸ ਇਤਿਹਾਸ ਦੀ, ਜਿਸ ਵਿੱਚ 1857 ਦੀ ਬਗਾਵਤ ਨੂੰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਗਿਆ ਸੀ। ਉਸ ਇਤਿਹਾਸ ਦੀ, ਜਿਸ ਵਿੱਚ ਹਿੰਦੂ-ਮੁਸਲਿਮ-ਸਿੱਖ-ਈਸਾਈ ਸਭ ਮਿਲ ਕੇ ਲੜੇ ਸੀ ਤੇ ਫਿਰੰਗੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਜਾਂ ਉਸ ਝੂਠੇ, ਸਿਆਹ, ਜਹਾਲਤ ਨਾਲ ਭਰੇ ‘ਇਤਿਹਾਸ’ ਦੀ, ਜਿਸ ਵਿੱਚ ਮੁਸਲਮਾਨ ਹੋਣਾ ਗੁਨਾਹ ਹੈ। ਬਹਾਦਰ ਸ਼ਾਹ ਜ਼ਫਰ ਇੱਕ ਸ਼ਾਇਰ ਤੇ ਬੁੱਢਾ ਬਾਦਸ਼ਾਹ ਨਹੀਂ, ਸਗੋਂ ਉਸ ਤਹਿਜ਼ੀਬ ਦਾ ਆਖਰੀ ਕਿਲ੍ਹਾ ਸੀ, ਜਿਸ ਨੇ ਮੁਗਲੀਆ ਤਾਮੀਰਾਤ ਤੋਂ ਲੈ ਕੇ ਉਰਦੂ ਸ਼ਾਇਰੀ ਤੱਕ, ਹਿੰਦੁਸਤਾਨ ਨੂੰ ਇੱਕ ਗੈਰਮਾਮੂਲੀ ਹੁਸਨ ਅਤਾ ਕੀਤਾ ਸੀ।

ਉਹ ਜਦ ਬਰਮਾ ਦੇ ਜੇਲ੍ਹਖਾਨੇ ਵਿੱਚ ਤਨਹਾ ਮਰਿਆ ਸੀ ਤਾਂ ਅੰਗਰੇਜ਼ਾਂ ਨੇ ਇੱਕ ਚੱਟਾਨ ’ਤੇ ਲਿਖਿਆ ‘ਇੱਥੇ ਹਿੰਦੁਸਤਾਨ ਦਾ ਆਖਰੀ ਬਾਦਸ਼ਾਹ ਦਫਨ ਹੈ’। ਅਤੇ ਅੱਜ ਉਸ ਦੇ ਆਪਣੇ ਵਤਨ ਵਿੱਚ ਹੀ ਉਸ ਦੀ ਤਸਵੀਰ ’ਤੇ ਕਾਲਖ ਪੋਤ ਦਿੱਤੀ ਗਈ, ਕਿਉਕਿ ਉਹ ਮੁਸਲਮਾਨ ਸੀ! ਇਹ ਹਰਕਤ ਬਹਾਦਰ ਸ਼ਾਹ ਜ਼ਫਰ ਦੇ ਖਿਲਾਫ ਨਹੀਂ ਸੀ, ਇਹ ਭਾਰਤ ਦੇ ਉਸ ਸਾਂਝੇ ਅਤੀਤ ਦੇ ਖਿਲਾਫ ਸੀ, ਜਿਹੜਾ ਸਿਰਫ ਹਿੰਦੂ ਜਾਂ ਮੁਸਲਮਾਨ ਨਹੀਂ, ਸਗੋਂ ਇੱਕ ਮੁਹੱਬਤ ਨਾਲ ਸਨਿਆ ਤਾਜ ਮਹਿਲ ਹੈ, ਭਗਤੀ ਤੇ ਸੂਫੀ ਦਾ ਸੰਗਮ ਹੈ, ਗੰਗਾ-ਜਮੁਨੀ ਤਹਿਜ਼ੀਬ ਹੈ। ਕਿੰਨਾ ਆਸਾਨ ਹੈ ਅੱਜ ਇਸ ਮੁਲਕ ਵਿੱਚ ਕਿਸੇ ਨਾਂਅ ਨੂੰ ਮਿਟਾ ਦੇਣਾ, ਕਿਸੇ ਚਿਹਰੇ ਨੂੰ ਗ਼ੱਦਾਰ ਬਣਾ ਦੇਣਾ, ਕਿਸੇ ਤਸਵੀਰ ’ਤੇ ਕਾਲਖ ਪੋਤ ਦੇਣਾਬਿਨਾਂ ਜਾਣੇ, ਬਿਨਾਂ ਪੜ੍ਹੇ, ਬਿਨਾਂ ਸਮਝੇ। ਪਰ ਅਜਿਹੇ ਅਨਸਰਾਂ ਨੂੰ ਇੱਕ ਗੱਲ ਚੇਤੇ ਰੱਖਣੀ ਪਏਗੀ ਕਿ ਤਾਰੀਖ਼ ’ਤੇ ਕਾਲਖ ਨਹੀਂ ਠਹਿਰਦੀ। ਉਹ ਧੋਈ ਜਾਂਦੀ ਹੈ ਤੇ ਫਿਰ ਉਹੀ ਚਿਹਰਾ ਹੋਰ ਵੀ ਵਧੇਰੇ ਰੌਸ਼ਨ ਹੋ ਕੇ ਸਾਹਮਣੇ ਆਉਦਾ ਹੈ। ਜਿਹੜੇ ਅੱਜ ਬਹਾਦਰ ਸ਼ਾਹ ਜ਼ਫਰ ਦੀ ਤਸਵੀਰ ਤੋਂ ਡਰਦੇ ਹਨ, ਉਹ ਦਰਅਸਲ ਆਪਣੇ ਝੂਠੇ ਇਤਿਹਾਸ ਦੇ ਆਈਨੇ ਵਿੱਚ ਉਸ ਸ਼ਖਸ ਦੇ ਸੱਚ ਨੂੰ ਨਹੀਂ ਦੇਖ ਪਾਉਦੇ, ਜਿਸ ਨੇ ਕਿਹਾ ਸੀ ‘ਕਿਤਨਾ ਹੈ ਬਦਨਸੀਬ ਜ਼ਫਰ ਦਫਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ-ਏ-ਯਾਰ ਮੇਂ।

ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...